ਚੋਣਾਂ ਦਾ ਰੌਲਾ : ਅਕਾਲੀ ਦਲ ਤੇ ‘ਆਪ’ ਨੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇਣ ਦੇ ਵਿਰੋਧ ‘ਚ ਕੀਤਾ ਰੋਸ ਪ੍ਰਦਰਸ਼ਨ

Polls, AAP, Protesting, Against, Nomination, Papers

ਡੀਸੀ ਦਫਤਰ ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਧਰਨਾ

ਫਿਰੋਜ਼ਪੁਰ, ਸਤਪਾਲ ਥਿੰਦ

19 ਸਤੰਬਰ ਨੂੰ ਪੰਜਾਬ ‘ਚ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਜ਼ਿਲ੍ਹਾ ਫਿਰੋਜ਼ਪੁਰ ‘ਚ ਹਾਕਮ ਧਿਰ ‘ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਾ ਕਰਵਾਉਣ ਦੇਣ ਦੇ ਦੋਸ਼ ਲੱਗੇ ਹਨ ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਫਿਰੋਜ਼ਪੁਰ ਸਾਹਮਣੇ ਧਰਨਾ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਬੀਡੀਪੀਓ ਦਫ਼ਤਰ ਗੁਰੂਹਰਸਹਾਏ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ।

ਇਸ ਸਬੰਧੀ ਹਲਕਾ ਗੁਰੂਹਰਸਹਾਏ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਟਾਲ-ਮਟੋਲ ਕੀਤਾ ਜਾ ਰਿਹਾ ਤੇ ਨਾ ਹੀ ਉਨ੍ਹਾਂ ਨੂੰ ਕੋਈ ਰਸੀਦ ਵਗੈਰਾ ਦਿੱਤੀ ਜਾ ਰਹੀ ਹੈ ਤੇ ਜਿੱਥੇ ਵੀ ਉਹ ਪੱਤਰ ਜਮ੍ਹਾ ਕਰਵਾਉਣ ਸਬੰਧੀ ਜਾਂਦੇ ਹਨ ਉੱਥੇ ਪਹਿਲਾਂ ਹੀ 150-200 ਕਾਂਗਰਸੀ ਇੱਕਠੇ ਹੋਏ ਹੁੰਦੇ ਹਨ ਤਾਂ ਜਦ ਉਹ ਡੀਸੀ ਦਫਤਰ ਵੀ ਪਹੁੰਚੇ ਤਾਂ ਡੀਸੀ ਦਫਤਰ ਦਾ ਵੀ ਪੁਲਿਸ ਵੱਲੋਂ ਗੇਟ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਮਜ਼ਬੂਰਨ ਡੀਸੀ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋੜ ਪੈਣ ‘ਤੇ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਦੇ ਹੁਕਮਾਂ ਅਨੁਸਾਰ ਅਗਲਾ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਗੁਰੂਹਰਸਹਾਏ ਦੇ ਸੀਨੀਅਰ ਆਗੂ ਮਲਕੀਤ ਥਿੰਦ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪਹੁੰਦੇ ਹਾਂ ਤਾਂ ਟਾਲ-ਮਟੋਲ ਕਰਕੇ ਵਾਪਸ ਭੇਜਿਆ ਜਾ ਰਿਹਾ ਅਤੇ ਕਥਿਤ ਤੌਰ ‘ਤੇ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਪੁਲਿਸ ਬੁਲਾ ਕੇ ਬਾਹਰ ਕਢਵਾ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੌਰਾਨ ਬੀਡੀਪੀਓ ਆਪਣੀ ਕੁਰਸੀ ਛੱਡ ਕੇ ਹੀ ਗਿਆ ਚਲਾ, ਜਿਸ ਕਾਰਨ ਵਰਕਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਜਦ ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਬਲਵਿੰਦਰ ਸਿੰਘ ਧਾਲੀਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਉਠਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।