ਏਮਜ਼ ‘ਤੇ ਸਿਆਸਤ, ਮੁੱਖ ਮੰਤਰੀ ਦਾ ਨਾਂਅ ਸੱਦਾ ਪੱਤਰ ‘ਚੋਂ ਗਾਇਬ

Politics , AIIMS, CM, Invitation letter

ਉਦਘਾਟਨ ਸਮਾਰੋਹ ‘ਤੇ ਅਕਾਲੀ ਦਲ ਦਾ ਕਬਜ਼ਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਸੱਦਾ ਪੱਤਰ ‘ਚ ਸ਼ਾਮਲ

ਅਸ਼ਵਨੀ ਚਾਵਲਾ/ਚੰਡੀਗੜ੍ਹ । ਪੰਜਾਬ ਦੇ ਬਠਿੰਡਾ ਵਿਖੇ ਖੁੱਲ੍ਹਣ ਵਾਲੇ ਏਮਜ਼ ਦੇ ਉਦਘਾਟਨ ਮੌਕੇ ਬਾਦਲ ਪਰਿਵਾਰ ਦਾ ਹੀ ਸਾਰੇ ਪ੍ਰੋਗਰਾਮ ਮੌਕੇ ਕਬਜ਼ਾ ਹੋਵੇਗਾ। ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਵਿਧਾਨ ਸਭਾ ਹਲਕੇ ਦੀ ਵਿਧਾਇਕ ਰੂਪਿੰਦਰ ਕੌਰ ਰੂਬੀ ਨੂੰ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਇਸ ਸਮਾਗਮ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸੱਦਾ ਪੱਤਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਤੱਕ ਗਾਇਬ ਹੈ, ਇਸ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਵੱਲੋਂ ਕੁਝ ਬੋਲਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਸੱਦਾ ਪੱਤਰ ਵਿੱਚ ਨਾਂਅ ਨਾ ਲਿਖਣ ਦੇ ਮਾਮਲੇ ਵਿੱਚ ਨਰਾਜ਼ਗੀ ਜ਼ਰੂਰ ਜਤਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਦਾ ਪਹਿਲਾ ਏਮਜ਼ ਸੋਮਵਾਰ ਤੋਂ ਕੰਮ ਸ਼ੁਰੂ ਕਰੇਗਾ ਹੈ, ਜਿਸ ਦਾ ਆਰਜ਼ੀ ਤੌਰ ‘ਤੇ ਉਦਘਾਟਨ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਆ ਰਹੇ ਹਨ ਤੇ ਉਨ੍ਹਾਂ ਨਾਲ ਮੰਚ ‘ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹਿਣਗੇ।

ਹਲਕੇ ਦੀ ਵਿਧਾਇਕ ਰੁਪਿੰਦਰ ਰੂਬੀ ਨੂੰ ਨਹੀਂ ਮਿਲਿਆ ਸੱਦਾ

ਇਸ ਸਰਕਾਰੀ ਸਮਾਗਮ ‘ਤੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਕਬਜ਼ਾ ਰਹੇਗਾ, ਜਿਸ ਦੀ ਇੱਕ ਝਲਕ ਕੇਂਦਰ ਸਰਕਾਰ ਵਲੋਂ ਭੇਜੇ ਗਏ ਸੱਦਾ ਪੱਤਰ ਤੋਂ ਹੀ ਦਿਖਾਈ ਦੇ ਰਹੀ ਹੈ। ਕੇਂਦਰੀ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਸੱਦਾ ਪੱਤਰ ਵਿੱਚ ਡਾ. ਹਰਸ਼ ਵਰਧਨ ਅਤੇ ਹਰਸਿਮਰਤ ਕੌਰ ਬਾਦਲ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਨਾਅ ਸ਼ਾਮਲ ਕੀਤਾ ਗਿਆ ਹੈ। ਇਸ ਸੱਦਾ ਪੱਤਰ ਵਿੱਚ ਬਲਬੀਰ ਸਿੱਧੂ ਬਤੌਰ ਸੂਬਾ ਸਿਹਤ ਮੰਤਰੀ ਅਤੇ ਓ.ਪੀ. ਸੋਨੀ ਬਤੌਰ ਮੈਡੀਕਲ ਖੋਜ ਅਤੇ ਰਿਸਰਚ ਮੰਤਰੀ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ ਪਰ ਇਸ ਸੱਦਾ ਪੱਤਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਹੈ।

ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਿਹਤ ਕਾਰਨਾਂ ਕਰਕੇ ਇਸ ਸਮਾਗਮ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਇਸ ਸੱਦਾ ਪੱਤਰ ਵਿੱਚ ਉਨਾਂ ਦਾ ਨਾਅ ਸ਼ਾਮਲ ਕੀਤਾ ਜਾ ਸਕਦਾ ਸੀ ਏਮਜ਼  ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ‘ਚ ਪੈਦਾ ਹੈ ਪਰ ਹਲਕੇ ਦੀ ਵਿਧਾਇਕ ਰੁਪਿੰਦਰ ਕੌਰ ਰੁਬੀ ਨੂੰ ਸੱਦਾ ਪੱਤਰ ਅਤੇ ਸਟੇਜ ‘ਤੇ ਥਾਂ ਦੇਣ ਦੀ ਥਾਂ ‘ਤੇ ਉਨਾਂ ਨੂੰ ਸਮਾਗਮ ਲਈ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ ਹੈ। ਰੂਪਿੰਦਰ ਕੌਰ ਰੂਬੀ ਨੂੰ ਅਖ਼ਬਾਰਾਂ ਰਾਹੀਂ ਹੀ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਨੂੰ ਏਮਜ ਦਾ ਉਦਘਾਟਨ ਹੋ ਰਿਹਾ ਹੈ, ਜਦੋਂ ਕਿ ਸਰਕਾਰੀ ਤੌਰ ‘ਤੇ ਨਾ ਹੀ ਸੱਦਾ ਦਿੱਤਾ ਗਿਆ ਅਤੇ ਨਾ ਹੀ ਕੋਈ ਫੋਨ ਕੀਤਾ ਗਿਆ ਹੈ।

ਮੁੱਖ ਮੰਤਰੀ ਮੈਡੀਕਲ ਕਰਨਾ ਕਰਕੇ ਨਹੀਂ ਜਾ ਰਹੇ ਹਨ ਪਰ ਨਾਂਅ ਸ਼ਾਮਲ ਨਾ ਕਰਨਾ ਗਲਤ

ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੁਝ ਜਿਆਦਾ ਨਹੀਂ ਕਹਿਣਾ ਚਾਹੁੰਦੇ ਹਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਅ ਸੱਦਾ ਪੱਤਰ ਵਿੱਚ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਨੇ ਗਲਤ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ਪ੍ਰੋਟੋਕਾਲ ਅਨੁਸਾਰ ਸੱਦਾ ਪੱਤਰ ਤਿਆਰ ਹੁੰਦਾ ਹੈ ਤਾਂ ਇਸ ਸੱਦਾ ਪੱਤਰ ਵਿੱਚ ਵੀ ਪ੍ਰੋਟੋਕਾਲ ਤੋੜਿਆਂ ਗਿਆ ਹੈ, ਕਿਉਂਕਿ ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰ ਅਤੇ ਅੰਮ੍ਰਿਤਸਰ ਦੇ ਰਾਜ ਸਭਾ ਮੈਂਬਰ ਦਾ ਨਾਂਅ ਕਿਹੜੇ ਪ੍ਰੋਟੋਕਾਲ ਅਨੁਸਾਰ ਪਾਇਆ ਗਿਆ ਹੈ। ਜੇਕਰ ਸੰਸਦ ਮੈਂਬਰ ਹੋਣ ਕਰਕੇ ਨਾਅ ਸ਼ਾਮਲ ਕੀਤਾ ਗਿਆ ਹੈ ਤਾਂ ਪੰਜਾਬ ਵਿੱਚ ਹੋਰ ਵੀ 18 ਲੋਕ ਸਭਾ ਅਤੇ ਰਾਜ ਸਭਾ ਮੈਂਬਰ ਹਨ, ਉਨਾਂ ਦਾ ਨਾਅ ਤਾਂ ਸ਼ਾਮਲ ਨਹੀਂ ਕੀਤਾ।

ਸਰਕਾਰੀ ਸਮਾਗਮ ਨੂੰ ਅਕਾਲੀ ਦਲ ਨੇ ਨਿੱਜੀ ਬਣਾ ਲਿਆ ਐ : ਰੂਬੀ

ਵਿਧਾਇਕ ਰੂਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਹ ਇਸ ਗਲ ਨੂੰ ਲੈ ਕੇ ਹੈਰਾਨ ਹਨ ਕਿ ਵਿਧਾਇਕ ਹੋਣ ਦੇ ਨਾਤੇ ਉਨਾਂ ਨੂੰ ਸਟੇਜ ‘ਤੇ ਬਿਠਾਉਣਾ ਤਾਂ ਕੀ ਸੀ, ਉਨਾਂ ਨੂੰ ਤਾਂ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਸੱਦਾ ਪੱਤਰ ਦੇ ਫੋਨ ਦੀ ਉਡੀਕ ਵਿੱਚ ਹਨ ਪਰ ਕੇਂਦਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਅੱਗੇ ਝੁਕੀ ਹੋਈ ਨਜ਼ਰ ਆ ਰਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਿੱਜੀ ਸਮਾਗਮ ਬਣਾ ਲਿਆ ਹੈ, ਅਤੇ ਹਰਸਿਮਰਤ ਕੌਰ ਬਾਦਲ ਦੇ ਇਸ਼ਾਰੇ ‘ਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਇਹ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਅਧਿਕਾਰੀਆਂ ਲਈ ਠੀਕ ਨਹੀਂ ਹੈ।

ਪਰਕਾਸ਼ ਸਿੰਘ ਬਾਦਲ ਦੇ ਨਾਂਅ ‘ਤੇ ਵੀ ਹੋ ਰਿਹਾ ਐ ਇਤਰਾਜ਼

ਕਾਂਗਰਸ ਸਣੇ ਆਮ ਆਦਮੀ ਪਾਰਟੀ ਵਲੋਂ ਪਰਕਾਸ਼ ਸਿੰਘ ਬਾਦਲ ਦਾ ਏਮਜ਼ ਦੇ ਉਦਘਾਟਨੀ ਸੱਦਾ ਪੱਤਰ ਵਿੱਚ ਨਾਂਅ ਸ਼ਾਮਲ ਕਰਨ ਦਾ ਇਤਰਾਜ਼ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਬਠਿੰਡਾ ਹਲਕੇ ਦੇ ਵਿਧਾਇਕ ਮਨਪ੍ਰੀਤ ਬਾਦਲ ਦਾ ਨਾਂਅ ਛੱਡ ਕੇ ਦੂਜੇ ਜ਼ਿਲੇ ਦੇ ਹਲਕੇ ਲੰਬੀ ਦੇ ਵਿਧਾਇਕ ਪਰਕਾਸ਼ ਸਿੰਘ ਬਾਦਲ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ, ਇਹ ਗਲਤ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਵੀ ਇਹੋ ਹੀ ਇਤਰਾਜ਼ ਹੈ ਕਿ ਵਿਧਾਨ ਸਭਾ ਹਲਕੇ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਛੱਡ ਕੇ ਦੂਰ ਹਲਕੇ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।