ਬੇਅਦਬੀ ਮਾਮਲੇ ‘ਚ ਸੇਕੀਆਂ ਜਾ ਰਹੀਆਂ ਹਨ ਸਿਆਸੀ ਰੋਟੀਆਂ : ਐਡਵੋਕੇਟ ਮੋਂਗਾ

ਪਹਿਲਾਂ ਜ਼ਮਾਨਤ ‘ਤੇ ਚੱਲ ਰਹੇ ਡੇਰਾ ਪ੍ਰੇਮੀਆਂ ਨੂੰ ਕੀਤਾ ਗ੍ਰਿਫ਼ਤਾਰ, ਅਦਾਲਤ ਨੇ ਕੀਤਾ ਰਿਹਾਅ

(ਸੱਚ ਕਹੂੰ ਨਿਉੂਜ਼) ਫਰੀਦਕੋਟ l 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਅੱਜ ਪੰਜਾਬ ਪੁਲਿਸ ਦੀ ਐਸਆਈਟੀ (SIT) ਵੱਲੋਂ ਸੱਤ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ l ਮਾਣਯੋਗ ਅਦਾਲਤ ਨੇ ਜ਼ਮਾਨਤ ‘ਤੇ ਚੱਲ ਰਹੇ ਸ਼ਕਤੀ ਸਿੰਘ ਤੇ ਸੰਨੀ ਨੂੰ ਪਹਿਲਾਂ ਹੀ ਜਮਾਨਤ ‘ਤੇ ਹੋਣ ਕਾਰਨ ਰਿਹਾਅ ਕਰ ਦਿੱਤਾ ਜਦੋਂਕਿ ਬਾਕੀ ਪੰਜ ਵਿਅਕਤੀਆਂ ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਨਰਿੰਦਰ ਸ਼ਰਮਾ ਤੇ ਨੀਲਾ ਨੂੰ ਪੁਲਿਸ ਦੀ ਮੰਗ ‘ਤੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ l

ਸਿੱਟ (SIT) ਵੱਲੋਂ ਅੱਜ 7 ਡੇਰਾ ਸ਼ਰਧਾਲੂਆਂ ਨੂੰ ਗੈਰ ਕਾਨੂੰਨੀ ਤੌਰ ‘ਤੇ ਕੀਤਾ ਗ੍ਰਿਫ਼ਤਾਰ

ਇਸ ਮਾਮਲੇ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਮੋਂਗਾ ਨੇ ਕਿਹਾ ਕਿ ਸਿੱਟ (SIT) ਵੱਲੋਂ ਅੱਜ 7 ਡੇਰਾ ਸ਼ਰਧਾਲੂਆਂ ਨੂੰ ਗੈਰ ਕਾਨੂੰਨੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ‘ਚੋਂ ਦੋ ਸ਼ਰਧਾਲੂਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲੀ ਹੋਈ ਸੀ, ਜਿਸ ਕਾਰਨ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਉਨ੍ਹਾਂ ਕਿਹਾ ਕਿ ਬਾਕੀ ਪੰਜ ਸ਼ਰਧਾਲੂਆਂ ਖਿਲਾਫ਼ ਕੋਈ ਦੋਸ਼ ਹੀ ਨਹੀਂ ਬਣਦਾ, ਉਨ੍ਹਾਂ ਨੂੰ ਵੀ ਛੇਤੀ ਜ਼ਮਾਨਤ ਮਿਲ ਜਾਵੇਗੀ l

ਸ੍ਰੀ ਮੋਂਗਾ ਨੇ ਆਖਿਆ ਕਿ ਸੀਬੀਆਈ ਇਸ ਮਾਮਲੇ ਦੀ ਜਾਂਚ ਕਰਕੇ ਡੇਰਾ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਅਤੇ ਅਦਾਲਤ ‘ਚ ਕਲੋਜਰ  ਰਿਪੋਰਟ ਵੀ ਪੇਸ਼ ਕਰ ਚੁੱਕੀ ਹੈ, ਜਿਸ ਬਾਰੇ ਕੋਈ ਵੀ ਫੈਸਲਾ ਹੋਣ ਤੋਂ ਪਹਿਲਾਂ ਪੁਲਿਸ ਜਾਂਚ ਨਹੀਂ ਕਰ ਸਕਦੀ ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਹੁੰਦੀ ਹੈ ਜਦੋਂ ਪੁਲਿਸ ਅਦਾਲਤ ‘ਚ ਇਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਦੋ ਡੇਰਾ ਸ਼ਰਧਾਲੂਆਂ ਦੇ ਜ਼ਮਾਨਤ ‘ਤੇ ਹੋਣ ਦਾ ਪਤਾ ਹੀ ਨਹੀਂ ਸੀ ਪੁਲਿਸ ਇਹ ਸਾਰਾ ਕੁਝ ਆਪਣੇ ਉਪਰਲੇ ਅਫ਼ਸਰਾਂ ਦੇ ਇਸ਼ਾਰਿਆਂ ‘ਤੇ ਕਰ ਰਹੀ ਹੈ l

ਸ੍ਰੀ ਮੋਂਗਾ ਨੇ ਕਿਹਾ ਕਿ  ਪੰਜਾਬ ‘ਚ ਇਸ ਸਮੇਂ ਬੇਅਦਬੀ ਮਾਮਲੇ ‘ਚ ਜ਼ਬਰਦਸਤ ਸਿਆਸਤ ਚੱਲ ਰਹੀ ਹੈ ਸੱਤਾ ਧਿਰ ਇਸ ਮਾਮਲੇ ਨੂੰ ਜਿਉਂਦੇ ਰੱਖਣਾ ਚਾਹੁੰਦੀ ਹੈ ਤਾਂ ਕਿ ਇਸ ਦੀ ਆੜ ‘ਚ ਅਕਾਲੀ ਦਲ ਦੇ ਵੱਡੇ ਆਗੂਆਂ ‘ਤੇ ਗ੍ਰਿਫ਼ਤਾਰੀ ਦਾ ਡਰ ਬਣਾ ਕੇ ਰੱਖਿਆ ਜਾ ਸਕੇ l ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਨੂੰ ਚੱਲਦੇ ਪੰਜ ਸਾਲ ਦਾ ਸਮਾਂ ਹੋ ਗਿਆ ਹੈ ਹਾਲੇ ਤੱਕ ਡੇਰਾ ਪ੍ਰੇਮੀਆਂ ਖਿਲਾਫ਼ ਕੋਈ ਸਬੂਤ ਨਹੀਂ ਮਿਲੇ ਐਡਵੋਕੇਟ ਮੋਂਗਾ ਨੇ ਕਿਹਾ ਕਿ ਸੀਬੀਆਈ ਇਸ ਮਾਮਲੇ ‘ਚ ਡੇਰਾ ਸ਼ਰਧਾਲੂਆਂ ਸਮੇਤ ਸ੍ਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਪਾਲੀਗ੍ਰਾਫਿਕ, ਲਾਈ ਡਿਟੈਕਟਰ ਵਰਗੇ ਵਿਗਿਆਨਿਕ ਟੈਸਟ ਵੀ ਕਰਵਾ ਚੁੱਕੀ ਹੈ, ਇਨ੍ਹਾਂ ਟੈਸਟਾਂ ‘ਚ ਵੀ ਡੇਰਾ ਪ੍ਰੇਮੀਆਂ ਖਿਲਾਫ਼ ਕੁਝ ਵੀ ਨਹੀਂ ਮਿਲਿਆ ਹੈ l

(ਖਬਰ ਲਿਖੇ ਜਾਣ ਤੱਕ ਫੈਸਲੇ ਦੀ ਕਾਪੀ ਆਉਣੀ ਬਾਕੀ ਸੀ ਇਸ ਲਈ ਪੂਰੀ ਜਾਣਕਾਰੀ ਕੱਲ੍ਹ ਨੂੰ ਦਿੱਤੀ ਜਾਵੇਗੀ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ