ਝੋਨੇ ਦੀ ਪਰਾਲੀ ਸਾੜਨ ਵਾਲੇ ਖਿਲਾਫ ਪੁਲਿਸ ਵੱਲੋਂ FIR ਦਰਜ

Ludhiana News
File Photo

ਖੇਤੀਬਾੜੀ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੀਤਾ ਚਲਾਨ | FIR

  • ਡਿਪਟੀ ਕਮਿਸਨਰ ਵੱਲੋਂ ਮੁੜ ਪਰਾਲੀ ਨਾ ਸਾੜਨ ਦੀ ਅਪੀਲ | FIR
  • ਕਿਹਾ, ਜ਼ੇਕਰ ਪਰਾਲੀ ਸਾੜੀ ਤਾਂ ਹੋਵੇਗੀ ਸਖਤ ਕਾਰਵਾਈ | FIR

ਫਾਜਿਲਕਾ (ਰਜਨੀਸ਼ ਰਵੀ)। ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਰਾਣਾ ’ਚ ਇਕ ਕਿਸਾਨ ਵੱਲੋਂ ਪਰਾਲੀ ਸਾੜਨ ਦੀ ਸੂਚਨਾ ਉਪਗ੍ਰਹਿ ਰਾਹੀਂ ਮਿਲਣ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਸਬੰਧਤ ਮੁਲਜ਼ਮ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ, ਜਦ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਸਰਕਾਰੀ ਨਿਯਮਾਂ ਅਨੁਸਾਰ ਮੌਕੇ ’ਤੇ ਹੀ ਚਲਾਨ ਕੀਤਾ ਗਿਆ। ਦੂਜ਼ੇ ਪਾਸੇ ਜ਼ਿਲ੍ਹੇ ਦੇ ਡੀਸੀ ਡਾ. ਸੇਨੂ ਦੁੱਗਲ ਨੇ ਮੁੜ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਖੇਤ ’ਚ ਮਿਲਾ ਕੇ ਹੀ ਕਣਕ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਸਾਡੇ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ : ਰਿਸ਼ਵਤ ਲੈਂਦਾ ਏਐੱਸਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਉਥੇ ਹੀ ਸਾਡੀ ਜਮੀਨ ਦੇ ਉਪਜਾਊ ਤੱਤ ਵੀ ਖਤਮ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਸਬੰਧੀ ਥਾਣਾ ਸਦਰ ਫਾਜ਼ਿਲਕਾ ’ਚ ਕਿਸਾਨ ਅਵਤਾਰ ਸਿੰਘ ਖਿਲਾਫ ਧਾਰਾ 188 ਤਹਿਤ ਮੁੱਕਦਮਾ ਨੰਬਰ 202 ਮਿਤੀ 4 ਅਕਤੂਬਰ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਏਡੀਓ ਕੁਲਦੀਪ ਕੁਮਾਰ, ਸੋਮ ਪ੍ਰਕਾਸ਼ ਨੋਡਲ ਅਫਸਰ ਅਤੇ ਸੂਰਜ ਭਾਨ ਪਟਵਾਰੀ ਦੇ ਬਿਆਨਾਂ ਅਨੁਸਾਰ ਦਰਜ ਕੀਤਾ ਗਿਆ ਹੈ। ਦੂਜ਼ੇ ਪਾਸੇ ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ, ਬਲਾਕ ਖੇਤੀਬਾੜੀ ਅਫਸਰ ਬਲਦੇਵ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਕੁਲਦੀਪ ਕੁਮਾਰ ਨੇ ਅੱਗ ਲੱਗਣ ਵਾਲੇ ਖੇਤ ਦਾ ਦੌਰਾ ਕੀਤਾ।

ਉਨ੍ਹਾਂ ਦੱਸਿਆ ਕਿ ਭਾਂਵੇ ਕਿਸਾਨ ਨੇ ਖੇਤ ਨੂੰ ਵਾਹ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੌਕੇ ’ਤੇ ਹਾਜ਼ਰ ਹਲਾਤ ਅਨੁਸਾਰ ਅੱਗ ਲਾਉਣ ਦੀ ਪੁਸ਼ਟੀ ਹੋਈ। ਜਿਸ ’ਤੇ ਟੀਮ ਵੱਲੋਂ ਸਬੰਧਤ ਕਿਸਾਨ ਅਵਤਾਰ ਸਿੰਘ ਪੁੱਤਰ ਕੁੰਦਨ ਸਿੰਘ ਦਾ 2500 ਰੁਪਏ ਦਾ ਚਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਪਜਾਊ ਤੱਤਾਂ ਨਾਲ ਭਰਪੂਰ ਪਰਾਲੀ ਨੂੰ ਨਾ ਸਾੜਨ ਸਗੋਂ ਇਸਨੂੰ ਖੇਤ ’ਚ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ। (FIR)