Air Pollution: ਮੌਸਮੀ ਐਮਰਜੈਂਸੀ ਨਾਲ ਨਜਿੱਠਣ ਲਈ ਨਿੱਗਰ ਨੀਤੀ ਬਣਾਉਣੀ ਜ਼ਰੂਰੀ
ਮੌਸਮੀ ਐਮਰਜੈਂਸੀ ਨਾਲ ਨਜਿੱਠਣ ਲਈ ਨਿੱਗਰ ਨੀਤੀ ਬਣਾਉਣੀ ਜ਼ਰੂਰੀ
ਦੇਸ਼ ਦੇ ਉੱਤਰ-ਪੱਛਮੀ ਹਿੱਸੇ ਅਤੇ ਖ਼ਾਸ ਤੌਰ ’ਤੇ ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਲੰਮੇ ਸਮੇਂ ਤੋਂ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਕਾਰਖਾਨਿਆਂ ਵਿੱਚੋਂ ਨਿੱਕਲਣ ਵਾਲਾ ਧੂੰਆਂ, ਸੜਕਾਂ ’ਤੇ ਵਾਹਨਾਂ ਦੀ ਵਧਦੀ ਗਿਣਤੀ, ਉਸਾਰੀ ਦੇ ਕੰਮਾਂ ਕਾਰਨ ਉੱਡਣ ਵਾਲੀ ਧੂੜ ਅਤੇ ਤਾਪ ਬਿਜਲੀ ਘਰਾਂ ਵਿੱਚੋਂ ਨਿੱਕਲਣ ਵਾਲੀ ਸੁਆਹ ਹਵਾ ਨੂੰ ਸਾਰਾ ਸਾਲ ਦੂਸ਼ਿਤ ਕਰਦੀ ਰਹਿੰਦੀ ਹੈ।
ਇਸ ਦੇ ਬਾਵਜ਼ੂਦ ਅਕਤੂਬਰ ਦੇ ਅਖੀਰ ਤੇ ਨਵੰਬਰ ਦੀ ਸ਼ੁਰੂਆਤ ਵਿੱਚ ਪ੍ਰਦੂਸ਼ਣ ਦਾ ਪੱਧਰ ਅਚਾਨਕ ਖ਼ਤਰਨਾਕ ਸਥਿਤੀ ਵਿੱਚ ਪਹੁੰਚ ਜਾਂਦਾ ਹੈ। ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 100 ਤੋਂ 150 ਦੇ ਵਿਚਕਾਰ ਰਹਿਣ ਤੋਂ ਬਾਅਦ 400 ਤੋਂ 500 ਤੱਕ ਪਹੁੰਚ ਜਾਂਦਾ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਆਖ਼ਰ ਸਰਦੀਆਂ ਦੀ ਆਮਦ ਨਾਲ ਹਵਾ ਇੰਨੀ ਜ਼ਹਿਰੀਲੀ ਕਿਉਂ ਹੋ ਜਾਂਦੀ ਹੈ? ਆਮ ਤੌਰ ’ਤੇ ਇਸ ਸਮੱਸਿਆ ਲਈ ਪਰਾਲੀ ਸਾੜਨ ਅਤੇ ਵਾਹਨਾਂ ਵਿੱਚੋਂ ਨਿੱਕਲਣ ਵਾਲੇ ਧੂੰਏਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਇਨ੍ਹਾਂ ਗਤੀਵਿਧੀਆਂ ਨਾਲ ਪ੍ਰਦੂਸ਼ਣ ਨਿਸ਼ਚਿਤ ਤੌਰ ’ਤੇ ਵਧਦਾ ਹੈ, ਪਰ ਮੌਸਮੀ ਸੰਕਟ ਦਾ ਪੂਰਾ ਕਾਰਨ ਸਿਰਫ਼ ਇਹੀ ਨਹੀਂ ਹੈ। ਇਸ ਦੇ ਪਿੱਛੇ ਉੱਤਰੀ ਭਾਰਤ ਦੀ ਭੂਗੋਲਿਕ ਬਣਤਰ ਅਤੇ ਸਰਦੀਆਂ ਵਿੱਚ ਹੋਣ ਵਾਲੀਆਂ ਮੌਸਮੀ ਤਬਦੀਲੀਆਂ ਦੀ ਵੀ ਵੱਡੀ ਭੂਮਿਕਾ ਹੈ। ਜਦੋਂ ਤੱਕ ਇਨ੍ਹਾਂ ਕੁਦਰਤੀ ਸਥਿਤੀਆਂ ਅਤੇ ਮਨੁੱਖੀ ਗਤੀਵਿਧੀਆਂ ਦੇ ਆਪਸੀ ਸਬੰਧਾਂ ਨੂੰ ਨਹੀਂ ਸਮਝਿਆ ਜਾਵੇਗਾ, ਉਦੋਂ ਤੱਕ ਪ੍ਰਦੂਸ਼ਣ ’ਤੇ ਕਾਬੂ ਪਾਉਣ ਦੇ ਯਤਨ ਸਥਾਈ ਨਤੀਜੇ ਨਹੀਂ ਦੇ ਸਕਣਗੇ। ਉੱਤਰ ਭਾਰਤ ਦਾ ਗੰਗਾ ਦਾ ਮੈਦਾਨੀ ਖੇਤਰ ਭੂਗੋਲਿਕ ਪੱਖੋਂ ਕਾਫ਼ੀ ਵਿਲੱਖਣ ਹੈ। ਇਸ ਦੇ ਉੱਤਰ ਵਿੱਚ ਹਿਮਾਲਿਆ ਦੀ ਵਿਸ਼ਾਲ ਪਰਬਤ ਲੜੀ ਹੈ।
ਜਦੋਂਕਿ ਪੱਛਮ ਵਿੱਚ ਥਾਰ ਦਾ ਮਾਰੂਥਲ ਅਤੇ ਦੱਖਣ ਵਿੱਚ ਵਿੰਧਿਆ ਤੇ ਸਤਪੁੜਾ ਦੀਆਂ ਪਹਾੜੀਆਂ ਸਥਿਤ ਹਨ। ਸਰਦੀਆਂ ਵਿੱਚ ਹਵਾਵਾਂ ਦੀ ਦਿਸ਼ਾ ਤੇ ਗਤੀ ਵਿੱਚ ਤਬਦੀਲੀ ਕਾਰਨ ਇਸ ਖੇਤਰ ਵਿੱਚ ਪ੍ਰਦੂਸ਼ਿਤ ਹਵਾ ਦਾ ਫੈਲਾਅ ਪ੍ਰਭਾਵਿਤ ਹੁੰਦਾ ਹੈ। ਹਿਮਾਲਿਆ ਮੱਧ ਏਸ਼ੀਆ ਤੋਂ ਆਉਣ ਵਾਲੀਆਂ ਬੇਹੱਦ ਠੰਢੀਆਂ ਹਵਾਵਾਂ ਦੇ ਪ੍ਰਭਾਵ ਨੂੰ ਸੀਮਤ ਕਰਦਾ ਹੈ। ਦੂਜੇ ਪਾਸੇ, ਮੈਦਾਨੀ ਇਲਾਕਿਆਂ ਵਿੱਚ ਹਵਾਵਾਂ ਦੀ ਮੱਠੀ ਗਤੀ ਕਾਰਨ ਧੂੜ ਅਤੇ ਧੂੰਏਂ ਦੇ ਕਣ ਲੰਮੇ ਸਮੇਂ ਤੱਕ ਵਾਤਾਵਰਨ ਵਿੱਚ ਮੌਜੂਦ ਰਹਿੰਦੇ ਹਨ। ਸਰਦੀਆਂ ਵਿੱਚ ਪ੍ਰਦੂਸ਼ਣ ਵਧਣ ਦਾ ਇੱਕ ਪ੍ਰਮੁੱਖ ਵਿਗਿਆਨਕ ਕਾਰਨ ਤਾਪਮਾਨ ਦਾ ਉਲਟਾਅ (ਟੈਂਪਰੇਚਰ ਇਨਵਰਜ਼ਨ) ਹੈ।
ਆਮ ਦਿਨਾਂ ਵਿੱਚ ਸੂਰਜ ਦੀ ਗਰਮੀ ਨਾਲ ਧਰਤੀ ਦੀ ਸਤ੍ਹਾ ਗਰਮ ਹੁੰਦੀ ਹੈ। ਇਸ ਦੇ ਸੰਪਰਕ ਵਿੱਚ ਆਉਣ ਵਾਲੀ ਹਵਾ ਵੀ ਗਰਮ ਹੋ ਕੇ ਉੱਪਰ ਉੱਠਦੀ ਹੈ। ਇਸ ਪ੍ਰਕਿਰਿਆ ਦੌਰਾਨ ਧੂੜ ਅਤੇ ਧੂੰਏਂ ਦੇ ਕਣ ਵੀ ਉੱਚਾਈ ’ਤੇ ਪਹੁੰਚ ਕੇ ਵੱਡੇ ਖੇਤਰ ਵਿੱਚ ਫੈਲ ਜਾਂਦੇ ਹਨ। ਸਰਦੀਆਂ ਵਿੱਚ ਰਾਤਾਂ ਲੰਮੀਆਂ ਹੋਣ ਤੇ ਤਾਪਮਾਨ ਘਟਣ ਕਾਰਨ ਧਰਤੀ ਦੀ ਸਤ੍ਹਾ ਤੇਜ਼ੀ ਨਾਲ ਠੰਢੀ ਹੋ ਜਾਂਦੀ ਹੈ। ਇਸ ਦੇ ਨੇੜੇ ਮੌਜੂਦ ਹਵਾ ਵੀ ਠੰਢੀ ਹੋ ਕੇ ਭਾਰੀ ਹੋ ਜਾਂਦੀ ਹੈ। ਕਈ ਵਾਰ ਇਸ ਦੇ ਉੱਪਰ ਗਰਮ ਹਵਾ ਦੀ ਇੱਕ ਪਰਤ ਬਣ ਜਾਂਦੀ ਹੈ, ਜੋ ਠੰਢੀ ਹਵਾ ਨੂੰ ਉੱਪਰ ਉੱਠਣ ਤੋਂ ਰੋਕਦੀ ਹੈ। ਇਸ ਕਾਰਨ ਪ੍ਰਦੂਸ਼ਕ ਤੱਤ ਧਰਤੀ ਦੇ ਨੇੜੇ ਹੀ ਇਕੱਠੇ ਹੋਣ ਲੱਗਦੇ ਹਨ।
ਜਦੋਂ ਵਾਤਾਵਰਨ ਵਿੱਚ ਨਮੀ ਵਧਦੀ ਹੈ ਤਾਂ ਧੂੜ ਅਤੇ ਧੂੰਏਂ ਦੇ ਕਣ ਆਪਸ ਵਿੱਚ ਮਿਲ ਕੇ ਧੁੰਦ ਦੀ ਸੰਘਣੀ ਪਰਤ ਬਣਾ ਦਿੰਦੇ ਹਨ। ਇਹੀ ਸਥਿਤੀ ਅੱਗੇ ਚੱਲ ਕੇ ਜ਼ਹਿਰੀਲੇ ਧੂੰਏਂ ਅਤੇ ਧੁੰਦ (ਸਮੌਗ) ਦਾ ਰੂਪ ਧਾਰਨ ਕਰ ਸਕਦੀ ਹੈ। ਅਜਿਹੇ ਵਾਤਾਵਰਨ ਵਿੱਚ ਸਾਹ ਲੈਣਾ ਖ਼ਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਤੇ ਸਾਹ ਸਬੰਧੀ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਖ਼ਤਰਨਾਕ ਹੁੰਦਾ ਹੈ। ਹਵਾ ਦੀ ਗਤੀ ਵਿੱਚ ਕਮੀ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੰਦੀ ਹੈ। ਬਰਸਾਤ ਦੇ ਮੌਸਮ ਦੌਰਾਨ ਤੇਜ਼ ਹਵਾਵਾਂ ਅਤੇ ਮੀਂਹ ਵਾਤਾਵਰਨ ਵਿੱਚ ਮੌਜੂਦ ਪ੍ਰਦੂਸ਼ਕਾਂ ਨੂੰ ਫੈਲਾਉਣ ਅਤੇ ਕੁਝ ਕਣਾਂ ਨੂੰ ਜ਼ਮੀਨ ’ਤੇ ਬਿਠਾਉਣ ਵਿੱਚ ਮੱਦਦ ਕਰਦੇ ਹਨ।
ਮਾਨਸੂਨ ਦੀ ਵਾਪਸੀ ਤੋਂ ਬਾਅਦ ਹਵਾ ਦੀ ਦਿਸ਼ਾ ਅਤੇ ਗਤੀ ਬਦਲਣ ਲੱਗਦੀ ਹੈ। ਸਰਦੀਆਂ ਵਿੱਚ ਕਈ ਵਾਰ ਹਵਾ ਇੰਨੀ ਮੱਠੀ ਹੋ ਜਾਂਦੀ ਹੈ ਕਿ ਪ੍ਰਦੂਸ਼ਣ ਇੱਕ ਥਾਂ ਤੋਂ ਦੂਜੀ ਥਾਂ ਤੱਕ ਅਸਾਨੀ ਨਾਲ ਨਹੀਂ ਫੈਲ ਸਕਦਾ। ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਖੇਤਰਾਂ ਵਿੱਚ ਪਰਾਲੀ ਸਾੜਨ ਨਾਲ ਉੱਠਣ ਵਾਲਾ ਧੂੰਆਂ ਅਨੁਕੂਲ ਹਵਾਵਾਂ ਦੇ ਨਾਲ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਤੱਕ ਪਹੁੰਚ ਸਕਦਾ ਹੈ। ਹਾਲਾਂਕਿ, ਇਸ ਦਾ ਪ੍ਰਭਾਵ ਹਵਾ ਦੀ ਦਿਸ਼ਾ, ਗਤੀ ਤੇ ਸਥਾਨਕ ਮੌਸਮ ’ਤੇ ਨਿਰਭਰ ਕਰਦਾ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਭੂਗੋਲ ਆਪਣੇ-ਆਪ ਵਿੱਚ ਪ੍ਰਦੂਸ਼ਣ ਪੈਦਾ ਨਹੀਂ ਕਰਦਾ।
ਪ੍ਰਦੂਸ਼ਣ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ। ਵਾਹਨਾਂ ਵਿੱਚੋਂ ਨਿੱਕਲਣ ਵਾਲੇ ਧੂੰਏਂ ਵਿੱਚ ਬਰੀਕ ਕਣ ਅਤੇ ਨਾਈਟ੍ਰੋਜਨ ਆਕਸਾਈਡ ਵਰਗੇ ਹਾਨੀਕਾਰਕ ਤੱਤ ਹੁੰਦੇ ਹਨ। ਕਾਰਖਾਨਿਆਂ ਵਿੱਚੋਂ ਨਿੱਕਲਣ ਵਾਲੀਆਂ ਗੈਸਾਂ, ਉਸਾਰੀ ਵਾਲੀਆਂ ਥਾਵਾਂ ਦੀ ਧੂੜ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਵਾਤਾਵਰਨ ਵਿੱਚ ਪ੍ਰਦੂਸ਼ਕ ਤੱਤਾਂ ਦੀ ਮਾਤਰਾ ਵਧਦੀ ਹੈ। ਜਦੋਂ ਇਹ ਸਾਰੇ ਤੱਤ ਸਰਦੀਆਂ ਦੀਆਂ ਪ੍ਰਤੀਕੂਲ ਮੌਸਮੀ ਸਥਿਤੀਆਂ ਵਿੱਚ ਇਕੱਠੇ ਹੋ ਜਾਂਦੇ ਹਨ ਤਾਂ ਹਾਲਾਤ ਗੰਭੀਰ ਹੋ ਜਾਂਦੇ ਹਨ। ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਸਰਕਾਰਾਂ ਨੂੰ ਮੌਸਮੀ ਸਥਿਤੀਆਂ ਦੇ ਅਨੁਸਾਰ ਪਹਿਲਾਂ ਤੋਂ ਹੀ ਤਿਆਰੀ ਕਰਨੀ ਪਵੇਗੀ।
ਅਕਤੂਬਰ ਤੋਂ ਜਨਵਰੀ ਦਰਮਿਆਨ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਪਹਿਲਾਂ ਤੋਂ ਹੀ ਹੁੰਦੀ ਹੈ। ਇਸ ਲਈ ਜਨਤਕ ਆਵਾਜਾਈ ਨੂੰ ਸਸਤਾ ਅਤੇ ਅਸਾਨੀ ਨਾਲ ਉਪਲੱਬਧ ਕਰਵਾਉਣਾ, ਨਿੱਜੀ ਵਾਹਨਾਂ ਦੀ ਵਰਤੋਂ ਘਟਾਉਣ ਲਈ ਉਪਾਅ ਕਰਨਾ, ਉਸਾਰੀ ਵਾਲੀਆਂ ਥਾਵਾਂ ’ਤੇ ਧੂੜ ਨੂੰ ਕਾਬੂ ਕਰਨ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਾ ਤੇ ਉਦਯੋਗਿਕ ਪ੍ਰਦੂਸ਼ਣ ’ਤੇ ਨਿਗਰਾਨੀ ਵਧਾਉਣੀ ਜ਼ਰੂਰੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਦੇ ਪ੍ਰਬੰਧ ਲਈ ਕਿਸਾਨਾਂ ਨੂੰ ਆਰਥਿਕ ਸਹਾਇਤਾ, ਆਧੁਨਿਕ ਖੇਤੀ ਮਸ਼ੀਨਰੀ ਤੇ ਫ਼ਸਲੀ ਵਿਭਿੰਨਤਾ ਦੇ ਬਿਹਤਰ ਬਦਲ ਮੁਹੱਈਆ ਕਰਵਾਉਣੇ ਪੈਣਗੇ।
ਸਰਦੀਆਂ ਵਿੱਚ ਵਧਦਾ ਹਵਾ ਪ੍ਰਦੂਸ਼ਣ ਕੋਈ ਅਚਾਨਕ ਪੈਦਾ ਹੋਣ ਵਾਲਾ ਸੰਕਟ ਨਹੀਂ ਹੈ। ਇਹ ਹਰ ਸਾਲ ਸਾਹਮਣੇ ਆਉਣ ਵਾਲੀ ਅਜਿਹੀ ਸਮੱਸਿਆ ਹੈ, ਜਿਸ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਲਾਇਆ ਜਾ ਸਕਦਾ ਹੈ। ਕੁਦਰਤ ਦੀਆਂ ਭੂਗੋਲਿਕ ਅਤੇ ਮੌਸਮੀ ਸਥਿਤੀਆਂ ਨੂੰ ਬਦਲਣਾ ਸਾਡੇ ਹੱਥ ਵਿੱਚ ਨਹੀਂ ਹੈ, ਪਰ ਆਪਣੇ ਵਿਹਾਰ ਤੇ ਵਿਕਾਸ ਦੀ ਦਿਸ਼ਾ ਨੂੰ ਬਦਲਣਾ ਜ਼ਰੂਰ ਸੰਭਵ ਹੈ। ਜਦੋਂ ਤੱਕ ਸਰਕਾਰਾਂ, ਉਦਯੋਗ, ਕਿਸਾਨ ਅਤੇ ਆਮ ਨਾਗਰਿਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ, ਉਦੋਂ ਤੱਕ ਹਰ ਸਰਦੀ ਉੱਤਰੀ ਭਾਰਤ ਦੇ ਲੋਕਾਂ ਲਈ ਸਾਹਾਂ ਦਾ ਸੰਕਟ ਲੈ ਕੇ ਆਉਂਦੀ ਰਹੇਗੀ।
ਇਹ ਵੀ ਪੜ੍ਹੋ : Punjab Politics News: ਸੁਨੀਲ ਜਾਖੜ ਨੂੰ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦੈ : ਭਗਵੰਤ ਸਿੰਘ ਮਾਨ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ
Comments