Political Reforms: ਸਿਆਸੀ ਸੁਧਾਰ ਨਾਲ ਹੀ ਵਧੇਗਾ ਲੋਕਤੰਤਰ ਅਤੇ ਜਨਤਾ ਦਾ ਭਰੋਸਾ

ਸਿਆਸੀ ਸੁਧਾਰ ਨਾਲ ਹੀ ਵਧੇਗਾ ਲੋਕਤੰਤਰ ਅਤੇ ਜਨਤਾ ਦਾ ਭਰੋਸਾ

Khushdeep Singh Picture
Published On

ਲੋਕਤੰਤਰ ਵਿੱਚ ਰਾਜਨੀਤੀ ਦਾ ਅਰਥ ਸਿਰਫ਼ ਸੱਤਾ ਹਾਸਲ ਕਰਨਾ ਨਹੀਂ, ਸਗੋਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ। ਲੋਕ-ਨੁਮਾਇੰਦੇ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੇ ਹਨ ਅਤੇ ਨੀਤੀਆਂ ਨੂੰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਰਾਜਨੀਤੀ ਵਿੱਚ ਇਮਾਨਦਾਰੀ, ਮਰਿਆਦਾ, ਜਵਾਬਦੇਹੀ ਅਤੇ ਲੋਕ-ਸੇਵਾ ਦੀ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਰਾਜਨੀਤੀ ਦਾ ਸਬੰਧ ਅਪਰਾਧ, ਡਰ, ਧਨ-ਬਲ ਜਾਂ ਬਾਹੂ-ਬਲ ਨਾਲ ਜੁੜਨ ਲੱਗਦਾ ਹੈ ਤਾਂ ਲੋਕਤੰਤਰ ਦੀ ਭਰੋਸੇਯੋਗਤਾ ’ਤੇ ਸਿੱਧਾ ਅਸਰ ਪੈਂਦਾ ਹੈ। ਰਾਜਨੀਤੀ ਦੇ ਅਪਰਾਧੀਕਰਨ ਦੀ ਸਮੱਸਿਆ ਲੰਮੇ ਸਮੇਂ ਤੋਂ ਦੇਸ਼ ਦੇ ਸਾਹਮਣੇ ਬਣੀ ਹੋਈ ਹੈ। ਚਿੰਤਾ ਉਸ ਵੇਲੇ ਹੋਰ ਵਧ ਜਾਂਦੀ ਹੈ ਜਦੋਂ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਸਿਆਸੀ ਪ੍ਰਭਾਵ ਮਿਲਣ ਲੱਗਦਾ ਹੈ ਜਾਂ ਅਪਰਾਧ ਨਾਲ ਜੁੜੇ ਵਿਅਕਤੀਆਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਦੀ ਧਾਰਨਾ ਬਣਦੀ ਹੈ।

ਰਾਜਨੀਤੀ ਸਮਾਜ ਦੇ ਸਾਹਮਣੇ ਇੱਕ ਆਦਰਸ਼ ਪੇਸ਼ ਕਰਦੀ ਹੈ। ਅਜਿਹੀ ਸਥਿਤੀ ਵਿੱਚ ਜੇ ਡਰ ਅਤੇ ਦਬਾਅ ਉਸ ਦੀ ਕਾਰਜ-ਪ੍ਰਣਾਲੀ ਦਾ ਹਿੱਸਾ ਦਿਖਾਈ ਦੇਣ ਲੱਗਣ ਤਾਂ ਆਮ ਨਾਗਰਿਕ ਦਾ ਪ੍ਰਬੰਧ ’ਤੇ ਭਰੋਸਾ ਕਮਜ਼ੋਰ ਹੋਣਾ ਸੁਭਾਵਿਕ ਹੈ। ਭਾਰਤ ਦੀ ਲੋਕਤੰਤਰਿਕ ਪਰੰਪਰਾ ਵਿੱਚ ਜਨਤਕ ਜੀਵਨ ਨੂੰ ਤਿਆਗ, ਸੇਵਾ ਅਤੇ ਰਾਸ਼ਟਰ ਹਿੱਤ ਨਾਲ ਜੋੜ ਕੇ ਦੇਖਿਆ ਗਿਆ ਹੈ। ਅੱਜ ਵੀ ਵੱਡੀ ਗਿਣਤੀ ਵਿੱਚ ਲੋਕ-ਨੁਮਾਇੰਦੇ ਪੂਰੀ ਨਿਹਚਾ ਨਾਲ ਜਨਤਕ ਜੀਵਨ ਵਿੱਚ ਕੰਮ ਕਰ ਰਹੇ ਹਨ। ਇਸ ਦੇ ਬਾਵਜ਼ੂਦ ਚੁਣਾਵੀ ਮੁਕਾਬਲਾ, ਵਧਦਾ ਖਰਚਾ ਅਤੇ ਸਥਾਨਕ ਪ੍ਰਭਾਵ ਦੀ ਰਾਜਨੀਤੀ ਕਈ ਵਾਰ ਅਜਿਹੇ ਤੱਤਾਂ ਨੂੰ ਮੌਕਾ ਦੇ ਦਿੰਦੀ ਹੈ, ਜਿਨ੍ਹਾਂ ਦੀ ਛਵੀ ਸਾਫ਼-ਸੁਥਰੀ ਨਹੀਂ ਰਹੀ ਹੈ। ਇਹ ਸਥਿਤੀ ਸਿਆਸੀ ਪਾਰਟੀਆਂ ਅਤੇ ਸਮਾਜ, ਦੋਵਾਂ ਲਈ ਸਵੈ-ਪੜਚੋਲ ਦਾ ਵਿਸ਼ਾ ਹੈ। ਅਪਰਾਧ ਦੇ ਵਿਰੁੱਧ ਕਾਰਵਾਈ ਕਰਦੇ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਾਨੂੰਨ ਦੀ ਕਸੌਟੀ ਸਾਰਿਆਂ ਲਈ ਬਰਾਬਰ ਹੋਵੇ।

ਇਹ ਵੀ ਪੜ੍ਹੋ : Punjab News: ਹੁਣ ਪੰਜਾਬ ਦੇ 80 ਫ਼ੀਸਦੀ ਖੇਤਾਂ ਤੱਕ ਪਹੁੰਚ ਰਿਹਾ ਹੈ ਨਹਿਰੀ ਪਾਣੀ: ਮੁੱਖ ਮੰਤਰੀ ਮਾਨ

ਕਿਸੇ ਵਿਅਕਤੀ ਦੀ ਸਿਆਸੀ ਪਛਾਣ, ਸਮਾਜਿਕ ਪ੍ਰਭਾਵ, ਆਰਥਿਕ ਸਥਿਤੀ ਜਾਂ ਕਿਸੇ ਸਮੂਹ ਨਾਲ ਸਬੰਧ ਉਸ ਲਈ ਵੱਖਰੀ ਕਾਨੂੰਨੀ ਵਿਵਸਥਾ ਦਾ ਆਧਾਰ ਨਹੀਂ ਬਣ ਸਕਦਾ। ਇਸੇ ਤਰ੍ਹਾਂ ਕਿਸੇ ਵਿਅਕਤੀ ’ਤੇ ਦੋਸ਼ ਲੱਗਣਾ ਅਤੇ ਅਪਰਾਧ ਸਾਬਤ ਹੋਣਾ ਇੱਕੋ ਗੱਲ ਨਹੀਂ ਹੈ। ਨਿਆਂ ਦਾ ਆਧਾਰ ਸਬੂਤ, ਨਿਰਪੱਖ ਜਾਂਚ ਤੇ ਕਾਨੂੰਨ ਅਨੁਸਾਰ ਫ਼ੈਸਲਾ ਹੋਣਾ ਚਾਹੀਦਾ ਹੈ। ਇੱਥੇ ਹੀ ਰਾਜਨੀਤੀ ਅਤੇ ਕਾਨੂੰਨ ਵਿਚਕਾਰ ਸੰਤੁਲਨ ਦੀ ਅਸਲ ਪਰਖ ਹੁੰਦੀ ਹੈ। ਕਿਸੇ ਅਪਰਾਧੀ ਨੂੰ ਉਸ ਦੇ ਸਿਆਸੀ ਸਬੰਧਾਂ ਕਾਰਨ ਸਰਪ੍ਰਸਤੀ ਨਹੀਂ ਮਿਲਣੀ ਚਾਹੀਦੀ, ਪਰ ਕਿਸੇ ਬੇਕਸੂਰ ਵਿਅਕਤੀ ਨੂੰ ਸਿਆਸੀ ਕਾਰਨਾਂ ਕਰਕੇ ਨਿਸ਼ਾਨਾ ਬਣਾਉਣਾ ਵੀ ਓਨਾ ਹੀ ਗੰਭੀਰ ਅਨਿਆਂ ਹੈ। ਕਾਨੂੰਨ ਦਾ ਰਾਜ ਉਦੋਂ ਹੀ ਮਜ਼ਬੂਤ ਮੰਨਿਆ ਜਾਵੇਗਾ ਜਦੋਂ ਉਹ ਨਾ ਡਰ ਤੋਂ ਪ੍ਰਭਾਵਿਤ ਹੋਵੇ ਅਤੇ ਨਾ ਹੀ ਪੱਖਪਾਤ ਤੋਂ। ਇਸ ਮਾਮਲੇ ਵਿੱਚ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਹੈ। Strengthening Democracy

ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਉਨ੍ਹਾਂ ਦੀ ਜਨਤਕ ਛਵੀ, ਕਾਰਜਸ਼ੈਲੀ ਅਤੇ ਅਪਰਾਧਿਕ ਮਾਮਲਿਆਂ ਦੀ ਸਥਿਤੀ ਨੂੰ ਗੰਭੀਰਤਾ ਨਾਲ ਦੇਖਿਆ ਜਾਣਾ ਚਾਹੀਦਾ ਹੈ। ਗੰਭੀਰ ਦੋਸ਼ਾਂ ਵਾਲੇ ਮਾਮਲਿਆਂ ਦਾ ਜ਼ਲਦੀ ਅਤੇ ਨਿਰਪੱਖ ਨਿਆਂਇਕ ਨਿਪਟਾਰਾ ਵੀ ਜ਼ਰੂਰੀ ਹੈ। ਸੱਤਾਧਿਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਾਨੂੰਨ-ਵਿਵਸਥਾ ਨਾਲ ਸਬੰਧਤ ਕਾਰਵਾਈ ਸਿਆਸੀ ਬਦਲੇ ਦਾ ਸਾਧਨ ਨਾ ਬਣੇ। ਵਿਰੋਧੀ ਧਿਰ ਦੀ ਜ਼ਿੰਮੇਵਾਰੀ ਵੀ ਓਨੀ ਹੀ ਮਹੱਤਵਪੂਰਨ ਹੈ। ਹਰ ਸਰਕਾਰੀ ਕਾਰਵਾਈ ਦਾ ਵਿਰੋਧ ਕਰਨਾ ਲੋਕਤੰਤਰਿਕ ਜ਼ਿੰਮੇਵਾਰੀ ਨਹੀਂ ਹੈ। ਜਿੱਥੇ ਕਾਰਵਾਈ ਕਾਨੂੰਨ ਅਨੁਸਾਰ ਹੋਵੇ, ਉੱਥੇ ਉਸ ਦਾ ਸਮੱਰਥਨ ਕਰਨਾ ਅਤੇ ਜਿੱਥੇ ਅਨਿਆਂ ਹੋਵੇ, ਉੱਥੇ ਸਬੂਤਾਂ ਦੇ ਆਧਾਰ ’ਤੇ ਵਿਰੋਧ ਕਰਨਾ ਹੀ ਸਿਹਤਮੰਦ ਲੋਕਤੰਤਰਿਕ ਵਿਹਾਰ ਹੈ। ਆਮ ਨਾਗਰਿਕ ਰਾਜਨੀਤੀ ਤੋਂ ਬਹੁਤ ਵੱਡੀਆਂ ਉਮੀਦਾਂ ਨਹੀਂ ਰੱਖਦਾ। ਉਹ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਸੁਰੱਖਿਅਤ ਰਹੇ। Strengthening Democracy

ਉਸ ਦੀ ਮਿਹਨਤ ਦੀ ਕਮਾਈ ਸੁਰੱਖਿਅਤ ਰਹੇ, ਉਸ ਦੀ ਜਾਇਦਾਦ ’ਤੇ ਨਾਜਾਇਜ਼ ਕਬਜ਼ਾ ਨਾ ਹੋਵੇ ਅਤੇ ਉਸ ਨੂੰ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੇ ਡਰ ਹੇਠ ਜੀਵਨ ਨਾ ਬਤੀਤ ਕਰਨਾ ਪਵੇ। ਜੇ ਕਿਸੇ ਵਿਅਕਤੀ ਨੂੰ ਸਿਆਸੀ ਸਬੰਧਾਂ ਕਾਰਨ ਆਮ ਨਾਗਰਿਕ ਨਾਲੋਂ ਵੱਧ ਤਾਕਤ ਮਿਲਣ ਲੱਗੇ ਤਾਂ ਲੋਕਤੰਤਰ ਵਿੱਚ ਸਮਾਨਤਾ ਦੀ ਭਾਵਨਾ ਕਮਜ਼ੋਰ ਹੁੰਦੀ ਹੈ। ਰਾਜਨੀਤੀ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਵੋਟਰ ਦੀ ਭੂਮਿਕਾ ਵੀ ਫੈਸਲਾਕੁਨ ਹੈ। ਚੋਣਾਂ ਦੇ ਸਮੇਂ ਜਾਤ, ਧਰਮ, ਖੇਤਰ, ਨਿੱਜੀ ਸਬੰਧਾਂ ਜਾਂ ਤੁਰੰਤ ਮਿਲਣ ਵਾਲੇ ਲਾਭ ਤੋਂ ਉੱਪਰ ਉੱਠ ਕੇ ਉਮੀਦਵਾਰ ਦੇ ਚਰਿੱਤਰ, ਕੰਮ ਤੇ ਜਨਤਕ ਵਿਹਾਰ ਨੂੰ ਮਹੱਤਵ ਦੇਣਾ ਹੋਵੇਗਾ। ਜਦੋਂ ਵੋਟਰ ਅਪਰਾਧ ਅਤੇ ਡਰ ਦੀ ਰਾਜਨੀਤੀ ਨੂੰ ਰੱਦ ਕਰੇਗਾ ਤਾਂ ਸਿਆਸੀ ਪਾਰਟੀਆਂ ’ਤੇ ਵੀ ਸਾਫ਼-ਸੁਥਰੇ ਅਤੇ ਯੋਗ ਉਮੀਦਵਾਰਾਂ ਨੂੰ ਅੱਗੇ ਲਿਆਉਣ ਦਾ ਦਬਾਅ ਵਧੇਗਾ। ਮੀਡੀਆ ਅਤੇ ਨਾਗਰਿਕ ਸਮਾਜ ਨੂੰ ਵੀ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਕਿਸੇ ਵਿਅਕਤੀ ਨੂੰ ਬਿਨਾਂ ਸਬੂਤ ਅਪਰਾਧੀ ਕਰਾਰ ਦੇਣਾ ਠੀਕ ਨਹੀਂ ਹੈ। Strengthening Democracy

ਸਿਆਸੀ ਸਹੂਲਤ ਕਾਰਨ ਕਿਸੇ ਗੰਭੀਰ ਅਪਰਾਧ ਨੂੰ ਨਜ਼ਰਅੰਦਾਜ਼ ਕਰਨਾ ਵੀ ਸਹੀ ਨਹੀਂ। ਤੱਥਾਂ ’ਤੇ ਅਧਾਰਿਤ ਸੰਵਾਦ ਹੀ ਲੋਕਾਂ ਨੂੰ ਸਹੀ ਫ਼ੈਸਲਾ ਲੈਣ ਵਿੱਚ ਸਹਾਇਤਾ ਕਰ ਸਕਦਾ ਹੈ। ਅਪਰਾਧ-ਮੁਕਤ ਰਾਜਨੀਤੀ ਕਿਸੇ ਇੱਕ ਸਰਕਾਰ ਜਾਂ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਹੈ। ਸਿਆਸੀ ਪਾਰਟੀਆਂ, ਲੋਕ-ਨੁਮਾਇੰਦਿਆਂ, ਪ੍ਰਸ਼ਾਸਨ, ਨਿਆਂ-ਪ੍ਰਣਾਲੀ, ਮੀਡੀਆ ਅਤੇ ਵੋਟਰ- ਸਾਰੇ ਇਸ ਦੇ ਹਿੱਸੇਦਾਰ ਹਨ। ਸਖ਼ਤ ਕਾਨੂੰਨ ਦੇ ਨਾਲ ਨਿਰਪੱਖਤਾ, ਤੁਰੰਤ ਨਿਆਂ ਦੇ ਨਾਲ ਬੇਕਸੂਰ ਦੀ ਸੁਰੱਖਿਆ ਅਤੇ ਸਿਆਸੀ ਤਾਕਤ ਦੇ ਨਾਲ ਨੈਤਿਕ ਜਵਾਬਦੇਹੀ ਵੀ ਲਾਜ਼ਮੀ ਹੈ। ਲੋਕਤੰਤਰ ਦੀ ਮਜ਼ਬੂਤੀ ਸਿਰਫ਼ ਚੋਣਾਂ ਕਰਵਾਉਣ ਨਾਲ ਨਹੀਂ ਹੁੰਦੀ। ਇਸ ਦੀ ਅਸਲ ਤਾਕਤ ਉਦੋਂ ਦਿਖਾਈ ਦਿੰਦੀ ਹੈ ਜਦੋਂ ਨਾਗਰਿਕ ਨੂੰ ਭਰੋਸਾ ਹੋਵੇ ਕਿ ਕਾਨੂੰਨ ਉਸ ਦੇ ਹੱਕ ਵਿੱਚ ਨਿਰਪੱਖਤਾ ਨਾਲ ਖੜ੍ਹਾ ਹੈ ਅਤੇ ਰਾਜਨੀਤੀ ਉਸ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਇਸ ਲਈ ਰਾਜਨੀਤੀ ਵਿੱਚ ਅਪਰਾਧ, ਡਰ ਤੇ ਸਰਪ੍ਰਸਤੀ ਦੀ ਸੰਸਕ੍ਰਿਤੀ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਲੋਕ-ਪ੍ਰਤੀਨਿਧਤਾ ਕੋਈ ਅਧਿਕਾਰ ਨਹੀਂ, ਸਗੋਂ ਲੋਕਾਂ ਦੇ ਭਰੋਸੇ ਦੀ ਜ਼ਿੰਮੇਵਾਰੀ ਹੈ। ਰਾਜਨੀਤੀ ਦੀ ਮਰਿਆਦਾ ਅਤੇ ਸਾਖ਼ ਉਦੋਂ ਹੀ ਵਧੇਗੀ ਜਦੋਂ ਸੇਵਾ, ਸੱਚਾਈ ਅਤੇ ਰਾਸ਼ਟਰ ਹਿੱਤ ਉਸ ਦੀ ਪਛਾਣ ਬਣਨਗੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸੁਰੇਸ਼ ਹਿੰਦੁਸਤਾਨੀ

About The Author

Related Posts