ਕਿਹਾ, ਗੁੰਡਿਆਂ ਦੀ ਟੋਲੀ ਨਾਲ ਰੱਖਣ ਵਾਲੇ ਉਮੀਦਵਾਰਾਂ ਤੋਂ ਸ਼ਾਂਤੀ ਦੀ ਆਸ ਨਹੀਂ ਕੀਤੀ ਜਾ ਸਕਦੀ
(ਸਤੀਸ਼ ਜੈਨ) ਰਾਮਾਂ ਮੰਡੀ। ਹਲਕਾ ਤਲਵੰਡੀ ਸਾਬੋ ਤੋਂ ਆਜਾਦ ਉਮੀਦਵਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ (Harminder Jassi) ਨੇ ਬੀਤੀ ਦੇਰ ਸ਼ਾਮ ਸਥਾਨਕ ਵਾਰਡ ਨੰ. 11 ਵਿੱਚ ਇੱਕ ਭਰਵੀਂ ਚੋਣ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਚਿੱਟੇ ਨਸ਼ੇ ਅਤੇ ਗੁੰਡਾਗਰਦੀ ਦਾ ਸੰਤਾਪ ਹੰਢਾ ਰਹੇ ਹਨ ਜਿਸ ਕਰਕੇ ਇਸ ਵਾਰ ਰਾਜਨੀਤੀ ’ਚ ਬਦਲਾਓ ਨੇਤਾ ਨਹੀਂ ਲੋਕ ਲਿਆਉਣਗੇ। ਗੁੰਡਿਆਂ ਦੀ ਟੋਲੀ ਨਾਲ ਰੱਖਣ ਵਾਲੇ ਉਮੀਦਵਾਰਾਂ ਤੋਂ ਸ਼ਾਂਤੀ ਦੀ ਆਸ ਨਹੀਂ ਕੀਤੀ ਜਾ ਸਕਦੀ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਵਾਲੀ ਪਾਰਟੀ ਨਹੀਂ ਰਹੀ ਕਿਉਂਕਿ ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਉਹਨਾਂ ਦੇ ਸਪੁੱਤਰ ਸਵ. ਸ਼੍ਰੀ ਰਾਜੀਵ ਗਾਂਧੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਨੇ ਦੇਸ਼ ਦੇ ਲੋਕਾਂ ਲਈ ਕੁਰਬਾਨੀਆਂ ਦਿੱਤੀਆਂ ਉੱਥੇ ਉਸ ਪਾਰਟੀ ਦੇ ਲੀਡਰ ਚਿੱਟੇ ਨਸ਼ਿਆ ਰਾਹੀਂ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਕਾਂਗਰਸ ਦੇ ਨੇਤਾਵਾਂ ਨੇ ਜਿੱਥੇ ਮਜਦੂਰਾਂ ਦਾ ਹੱਕ ਖਾਧਾ ਉਥੇ ਹੀ ਝੂਠੇ ਪਰਚੇ ਦਰਜ ਕਰਵਾ ਕੇ ਭਰਾ ਨੂੰ ਭਰਾ ਨਾਲ ਲੜਾਉਣ, ਗੁੰਡਾਗਰਦੀ ਅਤੇ ਚਿੱਟਾ ਵਿਕਵਾਉਣ ਦੀ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਉਹ ਦੋ ਵਾਰ ਇਸ ਹਲਕੇ ਤੋਂ ਵਿਧਾਇਕ ਅਤੇ ਇੱਕ ਵਾਰ ਮੰਤਰੀ ਰਹੇ। ਇਸ ਦੌਰਾਨ ਉਹਨਾਂ ਨੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਇਆ, ਹਲਕੇ ਵਿੱਚ ਯੂਨੀਵਰਸਿਟੀ ਅਤੇ ਨਹਿਰੂ ਨਵੋਦਿਆ ਸਕੂਲ ਲਿਆਂਦਾ, ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਤੇਲ ਸੋਧਕ ਕਾਰਖਾਨਾ ਲਿਆਂਦਾ, ਪਿੰਡਾਂ ਵਿੱਚ ਟਿੱਬੇ ਪੱਧਰ ਕਰਵਾਏ ਅਤੇ ਧਰਤੀ ਨੂੰ ਉਪਜਾਊ ਬਣਾਇਆ ।
ਉਹਨਾਂ (Harminder Jassi) ਕਿਹਾ ਕਿ ਉਹਨਾਂ ਦੇ ਅਜਾਦ ਚੋਣ ਲੜਣ ਦਾ ਮਕਸਦ ਹਲਕੇ ਵਿੱਚੋਂ ਗੁੰਡਾਗਰਦੀ ਅਤੇ ਨਸ਼ੇ ਖਤਮ ਕਰਕੇ ਹਲਕੇ ਅੰਦਰ ਸ਼ਾਂਤੀ ਬਹਾਲ ਕਰਨਾ ਹੈ ਜਿਸ ਕਾਰਨ ਵੱਡੀ ਗਿਣਤੀ ਲੋਕ ਉਹਨਾਂ ਦਾ ਸਹਿਯੋਗ ਕਰ ਰਹੇ ਹਨ। ਇਸ ਮੌਕੇ ਆਮ ਲੋਕਾਂ ਤੋਂ ਇਲਾਵਾ ਪਾਰਟੀ ਦੇ ਜੈਜੀਤ ਜੱਸੀ, ਰਮੇਸ਼ ਰਾਮਾਂ, ਰਮੇਸ਼ ਬਾਂਸਲ ਮੈਬਰ ਮਾਰਕੀਟ ਕਮੇਟੀ, ਮਮਤਾ ਰਾਣੀ, ਸੁਰਿੰਦਰ ਢੱਲਾ, ਨੀਟੂ ਪ੍ਰੇਮੀ, ਮੰਗਤ ਰਾਏ, ਬਲਕੋਰ ਮਿਸਤਰੀ, ਡਾ.ਪੇਮ ਜੈਨ, ਧਰਮ ਪਾਲ, ਉਦੇ ਬੰਗੀ, ਨੋਨ੍ਹੀ ਬੰਗੀ, ਮੰਗਾ ਬੰਗੀ, ਵਿੱਕੀ ਆਰੇ ਵਾਲਾ ਅਤੇ ਕਾਲਾ ਮਹੇਸ਼ਵਰੀ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ