ਭਾਰਤ ‘ਚ ਹਰ ਸਾਲ ਹਵਾ ਪ੍ਰਦੂਸ਼ਣ ਕਾਰਨ ਮਰ ਰਹੇ ਹਨ 20 ਲੱਖ ਲੋਕ

Pollution in India

ਬਿ੍ਰਟਿਸ਼ ਅਧਿਐਨ ’ਚ ਵੱਡੇ ਖੁਲਾਸੇ | Pollution in India

ਨਵੀਂ ਦਿੱਲੀ (ਏਜੰਸੀ)। ਹਵਾ ਪ੍ਰਦੂਸ਼ਣ ਵਿਸ਼ਵ ਲਈ ਇੱਕ ਗੰਭੀਰ ਸਮੱਸਿਆ ਵਜੋਂ ਉਭਰ ਰਿਹਾ ਹੈ। ‘ਦਿ ਬੀਐਮਜੇ’ (ਦਿ ਬਿ੍ਰਟਿਸ਼ ਮੈਡੀਕਲ ਜਰਨਲ) ਵੱਲੋਂ ਕੀਤੀ ਗਈ ਤਾਜ਼ਾ ਖੋਜ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਹਰ ਸਾਲ 20 ਲੱਖ ਲੋਕ ਹਵਾ ਪ੍ਰਦੂਸ਼ਣ ਕਾਰਨ ਮਰ ਰਹੇ ਹਨ। ਸਾਲ ਦਰ ਸਾਲ ਹਵਾ ਪ੍ਰਦੂਸ਼ਣ ਵਿਸ਼ਵ ਲਈ ਇੱਕ ਗੰਭੀਰ ਸਮੱਸਿਆ ਬਣ ਰਿਹਾ ਹੈ। ਇਸੇ ਖੋਜ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਹਰ ਸਾਲ ਦੁਨੀਆ ਭਰ ’ਚ ਹਵਾ ਪ੍ਰਦੂਸ਼ਣ ਕਾਰਨ 5.1 ਮਿਲੀਅਨ ਭਾਵ 51 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਿਸ ’ਚ ਚੀਨ ਪਹਿਲੇ ਸਥਾਨ ’ਤੇ ਅਤੇ ਭਾਰਤ ਦੂਜੇ ਸਥਾਨ ’ਤੇ ਹੈ। ਭਾਵ ਚੀਨ ਵਿੱਚ ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ, ਜਦੋਂ ਕਿ ਭਾਰਤ ਦੁਨੀਆ ਭਰ ਵਿੱਚ ਇਸ ਸੂਚੀ ਵਿੱਚ ਦੂਜੇ ਨੰਬਰ ’ਤੇ ਹੈ।

ਖੋਜ ਵਿੱਚ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਉਦਯੋਗ, ਬਿਜਲੀ ਉਤਪਾਦਨ ਅਤੇ ਆਵਾਜਾਈ ਵਿੱਚ ਜੈਵਿਕ ਇੰਧਨ ਦੀ ਵਰਤੋਂ ਨੂੰ ਮੰਨਿਆ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਹ 2019 ਵਿੱਚ ਸਾਰੇ ਸਰੋਤਾਂ ਤੋਂ ਬਾਹਰੀ ਹਵਾ ਦੇ ਪ੍ਰਦੂਸ਼ਣ ਕਾਰਨ ਵਿਸ਼ਵ ਭਰ ਵਿੱਚ ਕੁੱਲ ਅੰਦਾਜ਼ਨ 8.3 ਮਿਲੀਅਨ ਮੌਤਾਂ ਦਾ 61 ਫੀਸਦੀ ਦਰਸਾਉਂਦਾ ਹੈ, ਜੋ ਕਿ ਜੈਵਿਕ ਈਂਧਨ ਨੂੰ ਸਾਫ਼, ਨਵਿਆਉਣਯੋਗ ਊਰਜਾ ਨਾਲ ਬਦਲ ਕੇ ਟਾਲਿਆ ਜਾ ਸਕਦਾ ਹੈ।

ਇਸ ਖੋਜ ਦੇ ਨਤੀਜੇ ਦੱਸਦੇ ਹਨ ਕਿ 2019 ਵਿੱਚ ਦੁਨੀਆ ਭਰ ਵਿੱਚ 83 ਲੱਖ ਮੌਤਾਂ ਹਵਾ ਵਿੱਚ ਸੂਖਮ ਕਣਾਂ (ਪੀਐੱਮ2.5) ਅਤੇ ਓਜ਼ੋਨ (ਓ3) ਕਾਰਨ ਹੋਈਆਂ, ਜਿਨ੍ਹਾਂ ਵਿਚੋਂ 61 ਫੀਸਦੀ ਮੌਤਾਂ ਜੈਵਿਕ ਈਂਧਨ ਕਾਰਨ ਹੋਈਆਂ ਹਨ। ਇਹ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਧ ਫੀਸਦੀ ਹੈ, ਜਿਸ ਨੂੰ ਕੁਝ ਯਤਨਾਂ ਨਾਲ ਰੋਕਿਆ ਜਾ ਸਕਦਾ ਹੈ। ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਮੌਤਾਂ ਦੱਖਣੀ ਅਤੇ ਪੂਰਬੀ ਏਸ਼ੀਆ ਵਿੱਚ ਹੋਈਆਂ।

Rajasthan ’ਚ ਕਰੀਬੀ ਮੁਕਾਬਲਾ, ਮੱਧ-ਪ੍ਰਦੇਸ਼ ’ਚ BJP ਨੂੰ ਬਹੁਮਤ, ਛੱਤੀਸਗੜ੍ਹ ’ਚ ਕਾਂਗਰਸ

ਚੀਨ ’ਤੇ ਨਜ਼ਰ ਮਾਰੀਏ ਤਾਂ ਹਰ ਸਾਲ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 24.50 ਲੱਖ ਹੈ। ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਭਾਰਤ ਦਾ ਇਹ ਅੰਕੜਾ 20 ਲੱਖ ਹੈ। ਇਨ੍ਹਾਂ ਵਿਚੋਂ 30 ਫੀਸਦੀ ਦੀ ਮੌਤ ਦਿਲ ਦੀ ਬਿਮਾਰੀ ਨਾਲ, 16 ਫੀਸਦੀ ਸਟਰੋਕ ਨਾਲ, 16 ਫੀਸਦੀ ਫੇਫੜਿਆਂ ਦੀ ਬਿਮਾਰੀ ਨਾਲ ਅਤੇ 6 ਫੀਸਦੀ ਦੀ ਮੌਤ ਸ਼ੂਗਰ ਨਾਲ ਹੋਈ ਹੈ। ਖੋਜਕਰਤਾਵਾਂ ਅਨੁਸਾਰ ਜੈਵਿਕ ਈਂਧਨ ਨੂੰ ਪੜਾਅਵਾਰ ਬੰਦ ਕਰਨ ਨਾਲ ਦੱਖਣ, ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆ ਵਿੱਚ ਮੌਤਾਂ ਵਿੱਚ ਕਮੀ ਆ ਸਕਦੀ ਹੈ। ਜਿਸ ਕਾਰਨ ਹਰ ਸਾਲ 38.50 ਲੱਖ ਲੋਕ ਮਰ ਰਹੇ ਹਨ।

ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ

ਹਵਾ ਪ੍ਰਦੂਸ਼ਣ ਹੌਲੀ-ਹੌਲੀ ਲੋਕਾਂ ਦੇ ਜੀਵਨ ਵਿੱਚ ਜ਼ਹਿਰ ਵਾਂਗ ਦਾਖਲ ਹੋ ਰਿਹਾ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਜਿਸ ਕਾਰਨ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ’ਤੇ ਨਜ਼ਰ ਮਾਰੀਏ ਤਾਂ ਇਸ ਨਾਲ ਦਿਲ ਦੇ ਰੋਗ, ਕੈਂਸਰ, ਦਿਮਾਗ਼ ਦੇ ਰੋਗ, ਗੈਸਟਰੋਇੰਟੇਸਟਾਈਨਲ ਵਿਕਾਰ, ਗੁਰਦਿਆਂ ਦੇ ਰੋਗ, ਜਿਗਰ ਦੇ ਰੋਗ, ਚਮੜੀ ਦੇ ਰੋਗ, ਦਮਾ, ਬ੍ਰੌਨਕਾਈਟਿਸ, ਫੇਫੜਿਆਂ ਵਿੱਚ ਲੰਮੇ ਸਮੇਂ ਤੱਕ ਰੁਕਾਵਟ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋਣ ਕਾਰਨ ਆਮ ਤੌਰ ’ਤੇ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ ਅਤੇ ਛਾਤੀ ’ਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਸਵਿਸ ਸਮੂਹ ਆਈਕਿਊਏਅਰ ਵੱਲੋਂ ਕੁਝ ਦਿਨ ਪਹਿਲਾਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਦੀ ਰਾਜਧਾਨੀ ਦਿੱਲੀ ਹਵਾ ਦੀ ਗੁਣਵੱਤਾ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਪਹਿਲੇ ਸਥਾਨ ’ਤੇ ਹੈ। ਜਿੱਥੇ ਕਈ ਵਾਰ ਏਕਿਊਆਈ 999 ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਇਲਾਵਾ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਪਾਕਿਸਤਾਨ ਦਾ ਲਾਹੌਰ ਦੂਜੇ ਸਥਾਨ ’ਤੇ ਅਤੇ ਭਾਰਤ ਦਾ ਕੋਲਕਾਤਾ ਤੀਜੇ ਸਥਾਨ ’ਤੇ ਆਉਂਦਾ ਹੈ। ਭਾਰਤੀ ਸ਼ਹਿਰ ਮੁੰਬਈ ਵੀ ਇਸ ਸੂਚੀ ਵਿੱਚ ਚੌਥੇ ਸਥਾਨ ’ਤੇ ਆਉਂਦਾ ਹੈ।