ਪਰਕਾਸ਼ ਸਿੰਘ ਬਾਦਲ ਨੇ ਨਹੀਂ ਲਈ ਕਦੇ ਪੈਨਸ਼ਨ, ਭਗਵੰਤ ਮਾਨ ਨੂੰ ਸੁਖਬੀਰ ਬਾਦਲ ਨੇ ਕੀਤਾ ਚੈਲੇਂਜ

Parkash Singh Badal

ਕਿਹਾ, ਰਿਕਾਰਡ ਕਰਨ ਪੇਸ਼ ਜਾਂ ਫਿਰ ਮਾਨਹਾਣੀ ਕੇਸ ਲਈ ਰਹਿਣ ਤਿਆਰ

  • ਸੁਖਬੀਰ ਬਾਦਲ ਨੇ ਦਿੱਤੀ ਮੁੱਖ ਮੰਤਰੀ ਪੰਜਾਬ ਨੂੰ ਚਿਤਾਵਨੀ, ਝੂਠ ਬੋਲਣ ਦਾ ਲਗਾਇਆ ਦੋਸ਼
  • ਪਰਕਾਸ਼ ਸਿੰਘ ਬਾਦਲ 8 ਵਾਰ ਰਹੇ ਹਨ ਵਿਧਾਇਕ, ਲੱਖਾਂ ਰੁਪਏ ਬਣਦੀ ਸੀ ਪੈਨਸ਼ਨ : ਭਗਵੰਤ ਮਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ (Parkash Singh Badal) ਦੀ ਪੈਨਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਘਮਸਾਨ ਛਿੜ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪਰਕਾਸ਼ ਸਿੰਘ ਬਾਦਲ 8 ਵਾਰ ਵਿਧਾਇਕ ਰਹੇ ਹਨ ਅਤੇ ਉਨਾਂ ਨੂੰ ਲੱਖਾਂ ਰੁਪਏ ਪੈਨਸ਼ਨ ਦੇ ਰੂਪ ਵਿੱਚ ਮਿਲਣਯੋਗ ਸਨ ਪਰ ਮੌਜੂਦਾ ਸਰਕਾਰ ਨੇ ਇੱਕ ਤੋਂ ਜਿਆਦਾ ਪੈਨਸ਼ਨ ਨੂੰ ਬੰਦ ਕਰ ਦਿੱਤਾ ਹੈ। ਇਸ ਬਿਆਨ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਕਾਫ਼ੀ ਜਿਆਦਾ ਭੜਕ ਗਈ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਧੀ ਚਿਤਾਵਨੀ ਦਿੰਦੇ ਹੋਏ ਭਗਵੰਤ ਮਾਨ ਨੂੰ ਇਹ ਸਾਬਤ ਕਰਨ ਲਈ ਕਿਹਾ ਹੈ ਕਿ ਪਰਕਾਸ਼ ਸਿੰਘ ਬਾਦਲ (Parkash Singh Badal) ਵਿਧਾਨ ਸਭਾ ਤੋਂ ਲੱਖਾਂ ਰੁਪਏ ਪੈਨਸ਼ਨ ਲੈਂਦੇ ਰਹੇ ਹਨ। ਇਹ ਸਾਬਤ ਨਹੀਂ ਕਰਨ ਜਾਂ ਫਿਰ ਰਿਕਾਰਡ ਪੇਸ਼ ਨਹੀਂ ਕਰਨ ’ਤੇ ਮਾਨਹਾਣੀ ਦੇ ਕੇਸ ਲਈ ਤਿਆਰ ਰਹਿਣ ਲਈ ਵੀ ਸੁਖਬੀਰ ਬਾਦਲ ਵੱਲੋਂ ਕਹਿ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸਰਕਾਰ ਵਲੋਂ ਕੋਈ ਵੀ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਰ ਵਿਧਾਇਕ ਨੂੰ ਇੱਕ ਤੋਂ ਜਿਆਦਾ ਪੈਨਸ਼ਨ ਮਿਲਦੀ ਆਈ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਕਾਨੂੰਨ ਬਣਾ ਦਿੱਤਾ ਹੈ। ਜਿਸ ਕਾਰਨ ਹਰ ਸਾਬਕਾ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲ ਰਹੀ ਹੈ।

ਮੁੱਖ ਮੰਤਰੀ ਮਾਨ ਗੁਜਰਾਤ ਦੌਰੇ ‘ਤੇ ਪੈਨਸ਼ਨ ਨੂੰ ਲੈ ਕੇ ਦਿੱਤਾ ਬਿਆਨ

ਭਗਵੰਤ ਮਾਨ ਬੀਤੇ ਕੁਝ ਦਿਨਾਂ ਤੋਂ ਗੁਜਰਾਤ ਦੌਰੇ ‘ਤੇ ਹਨ ਤਾਂ ਉਨਾਂ ਵਲੋਂ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਇੱਕ ਪੈਨਸ਼ਨ ਕਾਨੂੰਨ ਲਾਗੂ ਕਰਨਾਂ ਉਨਾਂ ਦੀ ਪ੍ਰਾਪਤੀ ਹੈ। ਇਥੇ ਹੀ ਉਨਾਂ ਨੇ ਪਰਕਾਸ਼ ਸਿੰਘ ਬਾਦਲ ਦਾ ਜਿਕਰ ਕਰਦੇ ਹੋਏ ਕਿਹਾ ਕਿ ਪਰਕਾਸ਼ ਸਿੰਘ ਬਾਦਲ 8 ਵਾਰ ਵਿਧਾਇਕ ਰਹਿ ਚੁੱਕੇ ਹਨ। ਪਰਕਾਸ਼ ਸਿੰਘ ਬਾਦਲ ਨੂੰ ਪਹਿਲੀਵਾਰ ਦੀ 75 ਹਜ਼ਾਰ ਅਤੇ ਬਾਕੀ 7 ਵਾਰ ਦੀ 60-60 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਣੀ ਸੀ।

ਭਗਵੰਤ ਮਾਨ ਦੇ ਇਸ ਬਿਆਨ ’ਤੇ ਸੁਖਬੀਰ ਬਾਦਲ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਵੱਲੋਂ ਜਾਰੀ ਕੀਤੀ ਗਈ ਆਰਟੀਆਈ ਅਨੁਸਾਰ ਉਨਾਂ ਨੇ ਕਦੇ ਵੀ ਪੈਨਸ਼ਨ ਨਹੀਂ ਲਈ ਹੈ। ਇਥੇ ਹੀ ਇਸ ਵਾਰ ਵਿਧਾਇਕ ਨਹੀਂ ਬਨਣ ਦੀ ਸੂਰਤ ਵਿੱਚ ਉਨਾਂ ਨੇ ਪੱਤਰ ਲਿਖਦੇ ਹੋਏ ਵਿਧਾਨ ਸਭਾ ਨੂੰ ਕਿਹਾ ਸੀ ਕਿ ਉਹ ਸਾਰੀ ਪੈਨਸ਼ਨ ਜ਼ਰੂਰਤਮੰਦਾਂ ਵਿੱਚ ਦਾਨ ਕਰ ਦੇਣ। ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਦਾਅਵੇ ਅਨੁਸਾਰ ਰਿਕਾਰਡ ਪੇਸ਼ ਕਰਨ ਜਾਂ ਫਿਰ ਮਾਨਹਾਣੀ ਦੇ ਕੇਸ ਲਈ ਤਿਆਰ ਰਹਿਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ