‘ਮੇਰੇ ਕਹਿਣ ‘ਤੇ ਹੋਇਆ ਬੈਂਸ ‘ਤੇ ਪਰਚਾ

Blanket, Benson, CM Amarinder Singh, Batala Case

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਟਾਲਾ ਮਾਮਲੇ ‘ਚ ਕੀਤਾ ਖੁਲਾਸਾ

  • ਅਫ਼ਸਰਾਂ ਨੂੰ ਲੋਕ ਨੁਮਾਇੰਦਿਆਂ ਨਾਲ ਚੰਗਾ ਵਿਹਾਰ ਕਰਨ ਦੀ ਵੀ ਦਿੱਤੀ ਹਿਦਾਇਤ
  • ਮੁੱਖ ਮੰਤਰੀ ਨੂੰ ਲਿੰਕ ਨਹਿਰ ਦਾ ਮਾਮਲਾ ਗੱਲਬਾਤ ਰਾਹੀਂ ਹੱਲ ਹੋਣ ਦਾ ਭਰੋਸਾ
  • ਕਿਹਾ, ਨਹੀਂ ਬਰਦਾਸ਼ਤ ਕੀਤੀ ਜਾਵੇਗੀ ਅਫ਼ਸਰਾਂ ਨਾਲ ਧੱਕੇਸ਼ਾਹੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਹੋਏ ਪੁਲਿਸ ਕੇਸ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੈਂਸ ਖ਼ਿਲਾਫ਼ ਕੇਸ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਹੀ ਦਰਜ ਹੋਇਆ ਹੈ ਅਤੇ ਉਹ ਮੁੜ ਤੋਂ ਕਹਿ ਰਹੇ ਹਨ ਕਿ ਇਸ ਤਰ੍ਹਾਂ ਕਿਸੇ ਵੀ ਅਧਿਕਾਰੀ ਖ਼ਿਲਾਫ਼ ਜੇਕਰ ਕੋਈ ਇਸ ਤਰ੍ਹਾਂ ਦਾ ਵਿਹਾਰ ਕਰੇਗਾ ਤਾਂ ਸਖ਼ਤ ਕਾਰਵਾਈ ਹੋਏਗੀ। ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਵਿਖੇ ਇੱਕ ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਖ਼ੁਦ ਵੀਡੀਓ ਮੰਗਵਾ ਕੇ ਦੇਖਿਆ, ਜਿਥੇ ਸਿਮਰਜੀਤ ਬੈਂਸ ਦੀ ਭਾਸ਼ਾ ਅਤੇ ਵਿਵਹਾਰ ਕਾਫ਼ੀ ਜ਼ਿਆਦਾ ਖਰਾਬ ਲੱਗਿਆ। ਜਿਸ ਕਾਰਨ ਹੀ ਉਨ੍ਹਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਲੋੜੀਂਦੀਆਂ ਹਿਦਾਇਤਾਂ ਜਾਰੀ ਕੀਤੀਆਂ ਸਨ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਦਫਤਰ ਜਾ ਕੇ ਇਸ ਤਰ੍ਹਾਂ ਬਦਤਮੀਜ਼ੀ ਕਰਨ ਦਾ ਅਧਿਕਾਰ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਵੀ ਹਿਦਾਇਤਾਂ ਦਿੱਤੀਆਂ ਕਿ ਉਹ ਆਮ ਲੋਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਪੂਰਾ ਸਤਿਕਾਰ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਸ ਗੱਲ ਉਤੇ ਪੂਰੀ ਆਸ ਪ੍ਰਗਟਾਈ ਕਿ ਸਤਲੁਜ ਯਮਨਾ ਲਿੰਕ (ਐਸ. ਵਾਈ. ਐਲ.) ਨਹਿਰ ਮਸਲੇ ਦਾ ਸੁਖਾਵਾਂ ਹੱਲ ਪੰਜਾਬ ਤੇ ਹਰਿਆਣਾ ਵਿਚਾਲੇ ਗੱਲਬਾਤ ਜ਼ਰੀਏ ਨਿਕਲ ਆਵੇਗਾ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ

ਅੱਜ ਇਥੇ ਡਿਜ਼ੀਟਲ ਜਾਂਚ ਸਿਖਲਾਈ ਅਤੇ ਅਧਿਐਨ ਕੇਂਦਰ (ਡੀ.ਆਈ.ਟੀ.ਏ.ਸੀ.) ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਅਗਵਾਈ ਹੇਠਲੀਆਂ ਟੀਮਾਂ ਪਹਿਲਾਂ ਹੀ ਆਪਸੀ ਗੱਲਬਾਤ ਵਿੱਚ ਲੱਗੀਆਂ ਹੋਈਆਂ ਹਨ ਅਤੇ ਇਸ ਸਬੰਧੀ ਤਿੰਨ-ਚਾਰ ਵਾਰ ਗੱਲਬਾਤ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ ਚਾਰ ਮਹੀਨਿਆਂ ਦੇ ਸਮੇਂ ਅੰਦਰ ਦੋਵੇਂ ਸੂਬੇ ਗੱਲਬਾਤ ਜ਼ਰੀਏ ਇਸ ਮਾਮਲੇ ਦਾ ਹੱਲ ਕੱਢ ਲੈਣਗੇ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਲਈ ਬਿਹਤਰ ਹੋਵੇਗਾ ਕਿ ਜੇ ਇਹ ਮਾਮਲਾ ਗੱਲਬਾਤ ਜ਼ਰੀਏ ਹੱਲ ਹੋ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਉਪਰ ਅਕਾਲੀ ਦਲ ਤੇ ਆਪ ਵੱਲੋਂ ਸਕੂਲੀ ਕੁੜੀਆਂ ਨੂੰ ਸਾਈਕਲ ਦੇਣ ਦਾ ਵਾਅਦਾ ਨਾ ਪੂਰਾ ਕਰਨ ਦੇ ਲਾਏ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਇਸ ਕੰਮ ਲਈ ਬਜਟ ਤੈਅ ਕੀਤਾ ਹੋਇਆ ਹੈ। ਪਿਛਲੇ ਸਾਲ ਵੀ ਸਾਈਕਲ ਵੰਡੇ ਗਏ ਸਨ ਅਤੇ ਇਸ ਵਾਰ ਫੇਰ ਵੰਡੇ ਜਾਣਗੇ ਪਰ ਫਰਕ ਸਿਰਫ ਇਹ ਹੈ ਕਿ ਉਨਾਂ ਦੀ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਸਾਈਕਲਾਂ ਉਪਰ ਨਹੀਂ ਲਗਾਈ ਗਈ, ਜਿਵੇਂ ਕਿ ਪਿਛਲੀ ਸਰਕਾਰ ਨੇ ਤੱਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਫੋਟੋ ਸਾਈਕਲਾਂ ਉਪਰ ਲਾਈ ਸੀ।

ਪੰਜਾਬ ਕੈਬਨਿਟ ਦੀ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਚੰਡੀਗੜ ਦੀ ਬਜਾਏ ਸੁਲਤਾਨਪੁਰ ਲੋਧੀ ਕਰਨ ਦਾ ਕਾਰਨ ਪੁੱਛੇ ਜਾਣ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਨਾਂ ਦੇ ਕੈਬਨਿਟ ਸਾਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦਾ ਜਾਇਜ਼ਾ ਲੈਣ ਲਈ ਹੀ ਉਥੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਉਥੇ ਮੀਟਿੰਗ ਵੀ ਕਰਨਗੇ। ਪੰਜਾਬ ਭਰ ‘ਚ ਰਹੀ ਹੜਤਾਲ ਵਿਧਾਇਕ ਸਿਮਰਜੀਤ ਬੈਂਸ ਦੇ ਕਥਿੱਤ ਮਾੜੇ ਰਵੱਈਏ ਖਿਲਾਫ਼ ਸੋਮਵਾਰ ਨੂੰ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਰੱਖੀ ਗਈ (Amarinder Singh)

ਮੋਦੀ ਸਰਕਾਰ ‘ਤੇ ਨਰਮ ਪਏ ਅਮਰਿੰਦਰ | Amarinder Singh

ਮੋਦੀ ਸਰਕਾਰ ਦੇ 100 ਦਿਨਾਂ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਨਰਮੀ ਭਰਿਆ ਰਵੱਈਆ ਅਪਣਾਇਆ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਕਹਿਣਾ ਬਹੁਤ ਜਲਦੀ ਹੋਵੇਗਾ ਉਨ੍ਹਾਂ?ਕਿਹਾ ਕਿ ਕੇਂਦਰ ਦੇ ਕੰਮਾਂ ਦਾ ਮੁਲਾਂਕਣ ਕਰਨ ਤੱਕ ਇੰਤਜ਼ਾਰ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਉਨਾਂ ਕਿਹਾ ਕਿ ਭਾਰਤ ਨੂੰ ਇਸ ਵੇਲੇ ਸਥਿਰਤਾ ਦੀ ਲੋੜ ਹੈ ਅਤੇ ਇਕ ਧਰਮ ਨਿਰਪੱਖ ਰਾਸ਼ਟਰ ਹੋਣ ਦੇ ਨਾਤੇ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਵਿਕਾਸ ਅਤੇ ਧਰਮ ਨਿਰਪੱਖ ਸਮਾਜ ਦਾ ਨਿਰਮਾਣ ਕਰਨ ਲਈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੇ।