ਆਈਲੈਟਸ ਇੰਸਟੀਚਿਊਟ ਦੇ ਮਾਲਕ ਦੀ ਇਨਡੈਵਰ ਕਾਰ ਪਰਿਵਾਰ ਸਮੇਤ ਭਾਖੜਾ ‘ਚ ਡਿੱਗੀ

Owner, IELTS, Institute, Bhakra, Indigenous, Family

ਪਤੀ-ਪਤਨੀ, ਬੇਟਾ ਅਤੇ ਬੇਟੀ ਦੀ ਮੌਤ, ਦਿਲ ਕਬਾਊ ਘਟਨਾ ਨੇ ਲੋਕ ਝੰਝੋੜੇ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਿਖੇ ਆਈਲੈਟਸ ਇੰਸਟੀਚਿਊਟ ਦੇ ਮਾਲਕ ਦੀ ਇਨਡੈਵਰ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ। ਮੌਤ ਦੇ ਮੂੰਹ ‘ਚ ਜਾਣ ਵਾਲਿਆ ਵਿੱਚ ਪਤੀ-ਪਤਨੀ, ਬੇਟੀ ਅਤੇ ਬੇਟਾ ਸ਼ਾਮਲ ਹਨ। ਇਨ੍ਹਾਂ ਚਾਰਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਕੱਤਰ ਕੀਤੇ ਵੇਰਵਿਆਂ ਅਨੁਸਾਰ ਪਟਿਆਲਾ ਦੇ ਨਾਮੀ ਗਰਾਮੀ ਆਈਲੈਟਸ ਇੰਸਟੀਚਿਊਟ ਦੇ ਮਾਲਕ 40 ਸਾਲਾਂ ਪਰਵਿੰਦਰ ਗਰਗ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਆਦਰਸ਼ ਕਲੌਨੀ ਭਾਦਸੋ ਰੋਡ ਪਟਿਆਲਾ ਨੇ ਅਪਣੀ ਪਤਨੀ ਸਿਖ਼ਾ ਗਰਗ ਨੂੰ ਆਪਣੀ ਇਨਡੈਟਵਰ ਕਾਰ ਵਿੱਚ ਘਰ ਤੋਂ ਬਿਠਾਇਆ ਅਤੇ ਡੀਏਵੀ ਸਕੂਲ ਪੜ੍ਹਦੇ ਆਪਣੇ ਬੱਚਿਆਂ ਨੂੰ ਲੈਣ ਲਈ ਗਏ। ਉਸ ਦੀ ਪਤਨੀ ਨੇ ਨਰਸਰੀ ‘ਚ ਪੜਦੇ ਆਪਣੇ ਪੁੱਤਰ ਨਿਸ਼ਾਤ ਗਰਗ ਅਤੇ ਫਸਟ ਕਲਾਸ ‘ਚ ਪੜਦੀ ਪੁੱਤਰੀ ਲਿਜ਼ਾ ਗਰਗ ਨੂੰ ਆਪਣੇ ਨਾਲ ਸਕੂਲ ਚੋਂ ਲਿਆ ਅਤੇ ਗੱਡੀ ‘ਚ ਬਿਠਾ ਲਿਆ। ਇਸ ਤੋਂ ਬਾਅਦ ਪਰਵਿੰਦਰ ਗਰਗ ਨਾਭਾ ਰੋਡ ਵੱਲ ਜਾ ਰਹੇ ਸਨ ਤਾਂ ਭਾਖੜਾ ਨਹਿਰ ਵਿੱਚ ਗੱਡੀ ਡਿੱਗ ਗਈ। ਸੰਕਰ ਡਾਈਵਰਜ਼ ਗੋਤਾਖੋਰ ਕਲੱਬ ਦੇ ਪ੍ਰਧਾਨ ਸੰਕਰ ਭਾਰਦਵਾਜ ਨੇ ਦੱਸਿਆ ਕਿ ਉਹ ਨਹਿਰ ਕੋਲ ਖੜ੍ਹੇ ਸਨ ਕਿ ਐਨੇ ਵਿੱਚ ਉਕਤ ਗੱਡੀ ਪੂਰੀ ਰਫ਼ਤਾਰ ਨਾਲ ਆਈ ਅਤੇ ਭਾਖੜਾ ਨਹਿਰ ਵਿੱਚ ਡਿੱਗ ਗਈ ਅਤੇ ਇਹ ਘਟਨਾ ਦੁਪਹਿਰ 12 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਗੋਤਾਖੋਰਾਂ ਵੱਲੋਂ ਵਿਅਕਤੀਆਂ ਨੂੰ ਬਚਾਉਣ ਲਈ ਭਾਖੜਾ ਨਹਿਰ ਵਿੱਚ ਕੁੱਦ ਪਏ ਅਤੇ ਕੁਝ ਸਮੇਂ ਬਾਅਦ ਗੱਡੀ ਵਿੱਚੋਂ ਲਾਸ਼ਾ ਬਰਾਮਦ ਕਰ ਲਈਆਂ, ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਭਾਖੜਾ ਨਹਿਰ ਉੱਪਰ ਲੋਕਾਂ ਦੀ ਭੀੜ ਜਮਾਂ ਹੋ ਗਈ। ਇਸ ਦੌਰਾਨ ਐਸਡੀਐਮ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਵੀ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਜਦੋਂ ਛੋਟੇ ਬੱਚਿਆਂ ਦੀਆਂ ਲਾਸਾਂ ਬਾਹਰ ਕੱਢੀਆਂ ਗਈਆਂ ਤਾ ਲੋਕਾਂ ਦਾ ਦਿਲ ਦਹਿਲ ਗਿਆ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇੱਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਇਨ ਦੇ ਐਸਐਚਓ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।