ਜਗਦੇਵ ਸਿੰਘ ਕਮਾਲੂ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਬਾਅਦ ਰੁਪਿੰਦਰ ਕੌਰ ਰੂਬੀ ਵੀ ਹੋਏ ਕਾਂਗਰਸ ’ਚ ਸ਼ਾਮਲ
(ਸੁਖਜੀਤ ਮਾਨ) ਬਠਿੰਡਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ’ਚੋਂ 5 ਵਿਧਾਨ ਸਭਾ ਹਲਕਿਆਂ ’ਚੋਂ ਚੋਣ ਜਿੱਤਣ ਵਾਲੀ ਆਮ ਆਦਮੀ ਪਾਰਟੀ ’ਚ ਹੁਣ ਸਿਰਫ ਦੋ ਹੀ ਵਿਧਾਇਕ ਆਪ ਦੇ ਰਹਿ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਜੋ ਵਿਧਾਇਕ ਪਾਰਟੀ ਛੱਡ ਰਹੇ ਹਨ ਉਨ੍ਹਾਂ ਵੱਲੋਂ ਕਾਂਗਰਸ ’ਚ ਜਾਣ ਨੂੰ ਹੀ ਤਰਜ਼ੀਹ ਦਿੱਤੀ ਜਾ ਰਹੀ ਹੈ ਦੋ ਵਿਧਾਇਕਾਂ ਨੇ ਕਾਫੀ ਸਮਾਂ ਪਹਿਲਾਂ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ ਸੀ ਤੇ ਅੱਜ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਵੀ ਝਾੜੂ ਛੱਡ ਕਾਂਗਰਸ ਦਾ ਹੱਥ ਫੜ੍ਹ ਲਿਆ।
ਵੇਰਵਿਆਂ ਮੁਤਾਬਿਕ ਵਿਧਾਨ ਸਭਾ ਚੋਣਾਂ 2017 ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਮਾਨਸਾ ’ਚ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਪਿ੍ਰੰਸੀਪਲ ਬੁੱਧ ਰਾਮ, ਹਲਕਾ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ, ਜ਼ਿਲ੍ਹਾ ਬਠਿੰਡਾ ’ਚ ਹਲਕਾ ਮੌੜ ਮੰਡੀ ਤੋਂ ਜਗਦੇਵ ਸਿੰਘ ਕਮਾਲੂ, ਹਲਕਾ ਤਲਵੰਡੀ ਸਾਬੋ ਤੋਂ ਪੋ੍ਰ. ਬਲਜਿੰਦਰ ਕੌਰ ਅਤੇ ਹਲਕਾ ਬਠਿੰਡਾ ਦਿਹਾਤੀ ਤੋਂ ਪੋ੍ਰ. ਰੁਪਿੰਦਰ ਕੌਰ ਰੂਬੀ ਚੋਣ ਜਿੱਤਕੇ ਵਿਧਾਇਕ ਬਣੇ ਸੀ। ਇਨ੍ਹਾਂ ਪੰਜਾਂ ਵਿਧਾਇਕਾਂ ’ਚੋਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਨਾਜ਼ਰ ਸਿੰਘ ਮਾਨਸ਼ਾਹੀਆ ਸੀ, ਜੋ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ’ਚ ਕਾਂਗਰਸ ’ਚ ਸ਼ਾਮਿਲ ਹੋ ਗਏ ਸੀ ਉਸ ਮਗਰੋਂ ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਜੋ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿੰਦਿਆਂ ਪਾਰਟੀ ਤੋਂ ਬਾਗੀ ਹੋਏ ਸੀ ਬਾਅਦ ’ਚ ਖਹਿਰੇ ਦੇ ਨਾਲ ਕਾਂਗਰਸ ’ਚ ਸ਼ਾਮਿਲ ਹੋ ਗਏ ਸਨ।
ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਬਾਰੇ ਵੀ ਕਾਫੀ ਸਮੇਂ ਤੋਂ ਪਾਰਟੀ ਨੂੰ ਅਲਵਿਦਾ ਕਹਿਣ ਦੇ ਅੰਦਾਜ਼ੇ ਲਗਾਏ ਜਾ ਰਹੇ ਸੀ ਜੋ ਅੱਜ ਸਹੀ ਵੀ ਨਿੱਕਲੇ ਉਂਜ ਭਾਵੇਂ ਵਿਧਾਇਕਾ ਰੂਬੀ ਇਨ੍ਹਾਂ ਅੰਦਾਜ਼ਿਆਂ ਨੂੰ ਮਹਿਜ਼ ਅਫਵਾਹ ਹੀ ਦੱਸਦੇ ਰਹੇ ਸੀ ਵਿਧਾਇਕਾ ਰੂਬੀ ਵੱਲੋਂ ਪਾਰਟੀ ਛੱਡਣ ਬਾਰੇ ਚਰਚਾਵਾਂ ਦਾ ਬਜ਼ਾਰ ਉਸ ਵੇਲੇ ਜ਼ਿਆਦਾ ਗਰਮ ਹੋਇਆ ਸੀ ਜਦੋਂ ਪਿਛਲੇ ਦਿਨਾਂ ਦੌਰਾਨ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਠਿੰਡਾ ਆਏ ਸੀ ਕੇਜਰੀਵਾਲ ਦੇ ਦੌਰੇ ਦੌਰਾਨ ਪਾਰਟੀ ਵੱਲੋਂ ਸਵਾਗਤ ’ਚ ਲਗਾਏ ਗਏ ਫਲੈਕਸ ਬੋਰਡਾਂ ’ਤੇ ਬਾਕੀ ਵਿਧਾਇਕਾਂ ਤੇ ਅਹੁਦੇਦਾਰਾਂ ਦੀਆਂ ਫੋਟੋਆਂ ਸੀ ਪਰ ਉਨ੍ਹਾਂ ’ਚ ਵਿਧਾਇਕਾ ਰੁਪਿੰਦਰ ਕੌਰ ਰੂਬੀ ਕਿਧਰੇ ਨਜ਼ਰ ਨਹੀਂ ਆਏ ਸੀ ਹਾਲਾਂਕਿ ਉਸ ਵੇਲੇ ਵੀ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਉਨ੍ਹਾਂ ਆਖਿਆ ਸੀ ਕਿ ਸ੍ਰੀ ਕੇਜਰੀਵਾਲ ਦੇ ਦੌਰੇ ਦੌਰਾਨ ਉਹ ਇੱਥੇ ਮੌਜੂਦ ਨਹੀਂ ਸੀ।
ਦੱਸਣਯੋਗ ਹੈ ਕਿ ਬਠਿੰਡਾ ਦਿਹਾਤੀ ’ਚ ਪਿਛਲੇ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ’ਚ ਇਸ ਗੱਲੋਂ ਰੋਸ ਪਾਇਆ ਜਾ ਰਿਹਾ ਸੀ ਕਿ ਵਿਧਾਇਕਾ ਉਨ੍ਹਾਂ ਦੇ ਹਲਕੇ ’ਚ ਗੇੜਾ ਨਹੀਂ ਮਾਰਦੀ ਹਲਕੇ ’ਚ ਲੱਗਦੇ ਫਲੈਕਸ ਬੋਰਡਾਂ ਤੋਂ ਵੀ ਵਲੰਟੀਅਰਾਂ ਨੇ ਉਨ੍ਹਾਂ ਦੀ ਫੋਟੋ ਗਾਇਬ ਕਰ ਦਿੱਤੀ ਸੀ। ਚੰਡੀਗੜ੍ਹ ਵਿਖੇ ਕਾਂਗਰਸ ’ਚ ਸ਼ਾਮਿਲ ਹੋਣ ਵੇਲੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਤਰਕ ਦਿੱਤਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਮਕਾਜ਼ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ’ਚ ਸ਼ਾਮਿਲ ਹੋਏ ਹਨ।
ਪਿ੍ਰੰਸੀ. ਬੁੱਧਰਾਮ ਤੇ ਬਲਜਿੰਦਰ ਕੌਰ ਦੇ ਸਹਾਰੇ ਦੋ ਜ਼ਿਲ੍ਹੇ
ਵਿਧਾਨ ਸਭਾ ਚੋਣਾਂ ਦੌਰਾਨ 5 ਹਲਕਿਆਂ ’ਚੋਂ ਜਿੱਤ ਹਾਸਿਲ ਕਰਕੇ ਰਵਾਇਤੀ ਪਾਰਟੀਆਂ ਨੂੰ ਫਿਕਰਾਂ ’ਚ ਪਾਉਣ ਵਾਲੀ ਆਮ ਆਦਮੀ ਪਾਰਟੀ ਕੋਲ ਇਸ ਵੇਲੇ ਦੋਵਾਂ ਜ਼ਿਲ੍ਹਿਆਂ ਬਠਿੰਡਾ ਤੇ ਮਾਨਸਾ ’ਚ ਸਿਰਫ ਦੋ ਵਿਧਾਇਕ ਹੀ ਰਹਿ ਗਏ ਹਨ। ਹਲਕਾ ਬੁਢਲਾਡਾ ਤੋਂ ਪਿ੍ਰੰਸੀਪਲ ਬੁੱਧ ਰਾਮ ਅਤੇ ਹਲਕਾ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਇਹ ਦੋਵੇਂ ਵਿਧਾਇਕ ਪਾਰਟੀ ਦੀ ਮੋਹਰੀ ਕਤਾਰ ’ਚ ਸ਼ਾਮਿਲ ਹਨ ਪਿ੍ਰੰਸੀਪਲ ਬੁੱਧ ਰਾਮ ਤਾਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਵੀ ਹਨ।
ਲੋਕਾਂ ਨੇ ਝਾੜੂ ਕਰਕੇ ਜਿਤਾਇਆ ਸੀ, ਕਾਂਗਰਸ ਕਰਕੇ ਨਹੀਂ : ਪਿ੍ਰੰਸੀਪਲ ਬੁੱਧ ਰਾਮ
ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਹਲਕਾ ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਰੁਪਿੰਦਰ ਕੌਰ ਰੂਬੀ ਨੂੰ ਲੋਕਾਂ ਨੇ ਝਾੜੂ ਦੇ ਚੋਣ ਨਿਸ਼ਾਨ ਕਰਕੇ ਜਿਤਾਇਆ ਸੀ ਨਾ ਕਿ ਕਾਂਗਰਸ ਕਰਕੇ ਉਨ੍ਹਾਂ ਭਾਵੇਂ ਵਿਧਾਇਕਾ ਰੂਬੀ ਦਾ ਨਾਂਅ ਤਾਂ ਨਹੀਂ ਲਿਆ ਪਰ ਇਹ ਜ਼ਰੂਰ ਕਿਹਾ ਕਿ ਕਿਸੇ ਵੱਲੋਂ ਵੀ ਪਾਰਟੀ ਛੱਡਕੇ ਜਾਣ ਨਾਲ ਪਾਰਟੀ ਕੋਈ ਕਮਜੋਰ ਨਹੀਂ ਹੁੰਦੀ ਉਨ੍ਹਾਂ ਆਪਣਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਲੋਕਾਂ ਨਾਲ ਗਦਾਰੀ ਨਹੀਂ ਕਰਨਗੇ।
ਭਗਵੰਤ ਦਾ ਸਹਾਰਾ ਲੈ ਕੇ ਛੱਡੀ ਪਾਰਟੀ : ਨੀਲ ਗਰਗ
ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਬਠਿੰਡਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਨੀਲ ਗਰਗ ਦਾ ਕਹਿਣਾ ਹੈ ਕਿ ਉਂਜ ਤਾਂ ਲੋਕਤੰਤਰ ’ਚ ਹਰ ਕਿਸੇ ਨੂੰ ਕਿਸੇ ਵੀ ਪਾਰਟੀ ’ਚ ਜਾਣ ਦਾ ਅਧਿਕਾਰ ਹੈ ਪਰ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੱਲੋਂ ਪਾਰਟੀ ਛੱਡਣ ਦੀ ਅਸਲੀਅਤ ਇਹ ਹੈ ਕਿ ਹਲਕੇ ’ਚ ਨਾ ਵਿਚਰਨ ਕਰਕੇ ਵਰਕਰਾਂ ’ਚ ਉਨ੍ਹਾਂ ਪ੍ਰਤੀ ਕਾਫੀ ਗੁੱਸਾ ਸੀ ਜਦੋਂਕਿ ਹੁਣ ਭਗਵੰਤ ਮਾਨ ਨੂੰ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦੀ ਗੱਲ ਕਰਕੇ ਪਾਰਟੀ ਛੱਡੀ ਹੈ ਤਾਂ ਜੋ ਵਰਕਰਾਂ ਦਾ ਗੁੱਸਾ ਘੱਟ ਕੀਤਾ ਜਾ ਸਕੇ ਸ੍ਰੀ ਗਰਗ ਨੇ ਕਿਹਾ ਕਿ ਰੂਬੀ ਹੁਣ ਜਿਸ ਪਾਰਟੀ ’ਚ ਗਏ ਹਨ ਉਸ ਪਾਰਟੀ ਨੇ ਵੀ ਆਪਣੇ ਮੁੱਖ ਮੰਤਰੀ ਦੇ ਦਾਅਵੇਦਾਰ ਦਾ ਐਲਾਨ ਨਹੀਂ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ