Canada Opium News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਵਿਖੇ ਨਸ਼ਾ ਤਸਕਰੀ ਕਰਨ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੇਸੀ ਘਿਓ ਦੀਆਂ ਪਿੰਨੀਆਂ ਵਿੱਚ ਲੁਕੋ ਕੇ ਕੈਨੇਡਾ ਭੇਜੀ ਰਹੀ ਅਫ਼ੀਮ ਕੋਰੀਅਰ ਮੈਨੇਜਰ ਦੀ ਸੂਝ-ਬੂਝ ਨਾਲ ਬਰਾਮਦ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕੋਰੀਅਰ ਕਰਵਾਉਣ ਵਾਲੇ ਦੀ ਭਾਲ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ: Jagjit Dallewal: ਕਿਸਾਨ ਆਗੂ ਡੱਲੇਵਾਲ ਰਿਹਾਅ, ਕੀਤੇ ਵੱਡੇ ਖੁਲਾਸੇ
ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੰਦਿਆਂ ਡੀਐੱਚਐੱਲ ਐਕਸਪ੍ਰੈਸ ਇੰਡੀਆ ਕੋਰੀਅਰ ਕੰਪਨੀ ਦੇ ਮੈਨੇਜਰ ਸਲਾਊਦੀਨ ਖਾਨ ਨੇ ਦੱਸਿਆ ਕਿ ਉਨਾਂ ਕੋਲ ਜਸਵੀਰ ਸਿੰਘ ਵਾਸੀ ਗਿੱਲ ਨਾਂਅ ਤਾ ਇੱਕ ਵਿਅਕਤੀ ਆਇਆ। ਜਿਸ ਨੇ ਆਪਣਾ ਇੱਕ ਕੋਰੀਅਰ ਕੈਨੇਡਾ ਭੇਜੇ ਜਾਣ ਦੀ ਗੱਲ ਆਖੀ ਤਾਂ ਉਨਾਂ ਕੋਰੀਅਰ ਬੁੱਕ ਕਰ ਦਿੱਤਾ ਅਤੇ ਪਾਰਸਲ ਦੀ ਜਾਂਚ ਕੀਤੀ। ਖਾਨ ਨੇ ਦੱਸਿਆ ਕਿ ਜਾਂਚ ਦੌਰਾਨ ਉਸ ਨੂੰ ਪਾਰਸਲ ’ਚ ਕਿਸੇ ਨਸ਼ੀਲੇ ਪਦਾਰਥ ਦੇ ਮੌਜੂਦ ਹੋਣ ਦਾ ਸ਼ੱਕ ਹੋਇਆ ਤਾਂ ਉਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਪਾਰਸਲ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਦੋ ਟੀ ਸਰਟਾਂ, ਦੋ ਜੈਕੇਟ ਅਤੇ ਇੱਕ ਦੇਸੀ ਘਿਓ ਦੀਆਂ ਪਿੰਨੀਆਂ ਦਾ ਡੱਬਾ ਮੌਜੂਦ ਸੀ। ਜਿਉਂ ਹੀ ਪਿੰਨੀਆਂ ਨੂੰ ਤੋੜ ਕੇ ਦੇਖਿਆ ਤਾਂ ਉਨਾਂ ਵਿੱਚੋਂ 208 ਗ੍ਰਾਮ ਅਫ਼ੀਮ ਬਰਾਮਦ ਹੋਈ। ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। Canada Opium News
ਸੰਪਰਕ ਕੀਤੇ ਜਾਣ ’ਤੇ ਥਾਣਾ ਸਾਹਨੇਵਾਲ ਦੇ ਮੁਖ ਅਫ਼ਸਰ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੋਰੀਅਰ ਕੰਪਨੀ ਦੇ ਮੈਨੇਜਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਪੁਲਿਸ ਦੀ ਮੌਜੂਦਗੀ ’ਚ ਪਾਰਸਲ ’ਚੋਂ ਪਿੰਨੀਆਂ ਅਤੇ ਪਿੰਨੀਆਂ ਵਿੱਚੋਂ 208 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। Canada Opium News