ਭਾਰਤ-ਅਫ਼ਗਾਨਿਸਤਾਨ ਵਪਾਰ ਲਈ ਸਰਹੱਦਾਂ ਖੁੱਲ੍ਹਣ ਨਾਲ ਖਿੱਤੇ ਦੀ ਬਦਲੇਗੀ ਤਕਦੀਰ : ਫ਼ਰੀਦ ਮਾਮੁਦਜ਼ਈ

Fareed Mamudzai Sachahoon

ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁਦਜ਼ਈ ਪਟਿਆਲਾ ਪੁੱਜੇ, ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ ਦੇ ਰਾਜਦੂਤ (Fareed Mamudzai)ਫ਼ਰੀਦ ਮਾਮੁਦਜ਼ਈ ਨੇ ਭਾਰਤ-ਅਫ਼ਗਾਨਿਸਤਾਨ ਵਪਾਰ ਲਈ ਦੋਵਾਂ ਮੁਲਕਾਂ ਦੀਆਂ ਪਾਕਿਸਤਾਨ ਨਾਲ ਸੜਕੀ ਰਸਤੇ ਲੱਗਦੀਆਂ ਸਰਹੱਦਾਂ ਖੋਲ੍ਹਣ ਦੀ ਵਕਾਲਤ ਕੀਤੀ ਹੈ। ਉਹ ਅੱਜ ਇੱਥੋਂ ਦੇ ਉਦਯੋਗਪਤੀਆਂ ਅਤੇ ਅਫ਼ਗਾਨੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪਟਿਆਲਾ ਪੁੱਜੇ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅਫ਼ਗਾਨਿਸਤਾਨੀ ਰਾਜਦੂਤ ਫ਼ਰੀਦ ਮਾਮੁਦਜ਼ਈ ਦਾ ਪਟਿਆਲਾ ਪੁੱਜਣ ’ਤੇ ਹਾਰਦਿਕ ਸਵਾਗਤ ਕੀਤਾ।

ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਅਫ਼ਗਾਨੀ ਰਾਜਦੂਤ ਫ਼ਰੀਦ ਮਾਮੁਦਜ਼ਈ ਨੇ ਕਿਹਾ ਕਿ ਅੜਿੱਕਾ ਮੁਕਤ ਸੜਕੀ ਵਪਾਰ ਨਾਲ ਖਿੱਤੇ ਦੀ ਤਕਦੀਰ ਬਦਲੇਗੀ ਅਤੇ ਇਸ ਦਾ ਸਿੱਧਾ ਲਾਭ ਭਾਰਤ ਅਤੇ ਪੰਜਾਬ ਸਮੇਤ ਪਾਕਿਸਤਾਨ, ਅਫ਼ਗਾਨਿਸਤਾਨ ਸਮੇਤ ਤੁਰਕੀ ਤੇ ਇਰਾਨ ਅਤੇ ਸੈਂਟਰਲ ਏਸ਼ੀਆ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਅਫ਼ਗਾਨਿਸਤਾਨ ਤੋਂ 100 ਦੇ ਕਰੀਬ ਟਰੱਕ ਮਾਲ ਲੈਕੇ ਭਾਰਤ ਦੀ ਸਰਹੱਦ ਪੁੱਜਦੇ ਹਨ ਪਰੰਤੂ ਵਾਪਸ ਖਾਲੀ ਜਾਂਦੇ ਹਨ ਅਤੇ ਜੇਕਰ ਇਲਾਮਾਬਾਦ ਅਤੇ ਦਿੱਲੀ ਦੇ ਆਪਸੀ ਯਤਨਾਂ ਨਾਲ ਅੜਿੱਕਾ ਮੁਕਤ ਵਪਾਰ ਸੰਭਵ ਹੋ ਜਾਵੇ ਤਾਂ ਇਸ ਨਾਲ ਵਾਹਗਾ ਸਰਹੱਦ ਤੋਂ ਕੇਵਲ 700 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਅਫ਼ਗਾਨਿਸਤਾਨ ਦੇ ਉਦਯੋਗਾਂ ਅਤੇ ਆਮ ਲੋਕਾਂ ਨੂੰ ਲਾਭ ਪੁੱਜੇਗਾ।

ਆਪਣੀ ਪਟਿਆਲਾ ਫੇਰੀ ਦੇ ਮੰਤਵ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਬਹੁਤ ਸਾਰੇ ਵਿਦਿਆਰਥੀ ਪੜ੍ਹਨ ਲਈ ਭਾਰਤ, ਖਾਸ ਕਰਕੇ ਪੰਜਾਬ ’ਚ ਆਉਂਦੇ ਹਨ ਅਤੇ ਪੰਜਾਬ ’ਚ 1500 ਤੋਂ ਵਧੇਰੇ ਵਿਦਿਆਰਥੀ ਇਸ ਸਮੇਂ ਪੜ੍ਹ ਰਹੇ ਹਨ, ਜਿਨ੍ਹਾਂ ’ਚੋਂ 200 ਵਿਦਿਆਰਥੀ ਪਟਿਆਲਾ ਪੜ੍ਹ ਰਹੇ ਹਨ। ਇਸ ਲਈ ਉਹ ਇਨ੍ਹਾਂ ਵਿਦਿਆਰਥੀਆਂ ਸਮੇਤ ਇੱਥੋਂ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਮਿਲੇ ਹਨ ਅਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਹਿੰਦੂ ਧਾਰਮਿਕ ਅਸਥਾਨਾਂ ਵਿਖੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਉਨ੍ਹਾਂ ਨੇ ਪੰਜਾਬ ਦਾ ਦੌਰਾ ਰੱਖਿਆ ਹੈ।

ਫ਼ਰੀਦ ਮਾਮੁਦਜ਼ਈ (Fareed Mamudzai) ਨੇ ਕਿਹਾ ਕਿ ਯੂ.ਐਸ. ਫ਼ੌਜਾਂ ਨੇ ਇੱਕ ਦਿਨ ਵਾਪਸ ਜਾਣਾ ਹੀ ਸੀ, ਕਿਉਂਕਿ ਅਫ਼ਗਾਨਿਸਤਾਨ ਆਪਣੇ ਮਸਲੇ ਖ਼ੁਦ ਨਿਬੇੜਨ ਦੇ ਸਮਰੱਥ ਹੈ ਅਤੇ ਹੁਣ ਉਥੋਂ ਦੇ ਹਾਲਾਤ ਦਿਨ-ਬ-ਦਿਨ ਸਾਜ਼ਗਾਰ ਹੋ ਰਹੇ ਹਨ। ਉਨ੍ਹਾਂ ਕਿ ਉਨ੍ਹਾਂ ਦੇ ਮੁਲਕ ’ਚ ਹਾਲਾਤ ਐਨੇ ਮਾੜੇ ਵੀ ਨਹੀਂ ਜਿੰਨੇ ਦਿਖਾਏ ਗਏ ਹਨ ਅਤੇ ਬਹੁਤ ਜਲਦੀ ਨਵੀਂ ਚੁਣੀ ਹੋਈ ਸਰਕਾਰ ਬਣਨ ਦੇ ਆਸਾਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਹਕੂਮਤ ’ਤੇ ਇਸ ਗੱਲ ਦਾ ਜ਼ੋਰ ਪਾਇਆ ਜਾ ਰਿਹਾ ਹੈ ਕਿ ਮਹਿਲਾਵਾਂ ਨੂੰ ਉਨ੍ਹਾਂ ਦੇ ਬਣਦੇ ਹੱਕ-ਹਕੂਕ ਜਰੂਰ ਮਿਲਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਲਕ, ਇਸ ਖਿੱਤੇ ਨੂੰ ਅੱਤਵਾਦ ਮੁਕਤ ਤੇ ਸ਼ਾਂਤਮਈ ਖਿੱਤਾ ਬਣਾਉਣ ’ਚ ਵਿਸ਼ਵਾਸ਼ ਰੱਖਦਾ ਹੈ, ਜਿਸ ਲਈ ਯਤਨ ਜਾਰੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ