ਕਾਂਗਰਸ ਨੇ ਅਰੁਨਾ ਚੌਧਰੀ ਨੂੰ ਦੀਨਾਨਗਰ ਹਲਕੇ ਤੋਂ 5ਵੀਂ ਵਾਰ ਬਣਾਇਆ ਉਮੀਦਵਾਰ

Aruna Chaudhary Sachkahoon

ਕਾਂਗਰਸ ਨੇ (Aruna Chaudhary) ਅਰੁਨਾ ਚੌਧਰੀ ਨੂੰ ਦੀਨਾਨਗਰ ਹਲਕੇ ਤੋਂ 5ਵੀਂ ਵਾਰ ਬਣਾਇਆ ਉਮੀਦਵਾਰ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਨੇ ਅੱਜ ਜਾਰੀ ਕੀਤੀ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਦੀਨਾਨਗਰ (ਰਿਜ਼ਰਵ) ਹਲਕੇ ਤੋਂ ਮੌਜੂਦਾ ਵਿਧਾਇਕਾ ਤੇ ਕੈਬਨਿਟ ਮੰਤਰੀ (Aruna Chaudhary) ਅਰੁਨਾ ਚੌਧਰੀ ਨੂੰ 5ਵੀਂ ਵਾਰ ਉਮੀਦਵਾਰ ਐਲਾਨਿਆ ਹੈ। ਅਰੁਨਾ ਚੌਧਰੀ ਇਸ ਹਲਕੇ ਤੋਂ 2002 ਤੋਂ ਲਗਾਤਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਸਭ ਤੋਂ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਰੁਨਾ ਚੌਧਰੀ ਦੇ ਸਹੁਰਾ ਚੌਧਰੀ ਜੈਮੁਨੀ ਦੀਨਾਨਗਰ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਅਰੁਨਾ ਚੌਧਰੀ ਦਾ ਇਹ ਪੰਜਵਾਂ ਇਲੈਕਸ਼ਨ ਹੈ।

ਉਨ੍ਹਾਂ ਨੇ 2002 ਵਿੱਚ ਸਿਆਸਤ ’ਚ ਕਦਮ ਰੱਖਦਿਆਂ ਪਹਿਲੀ ਵਾਰ ਚੋਣ ਲੜੀ ਅਤੇ ਧਮਾਕੇਦਾਰ ਜਿੱਤ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਫਿਰ 2007, 2012 ਅਤੇ 2017 ਵਿੱਚ ਵੀ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ। ਪਿਛਲੀਆਂ ਚੋਣਾਂ ’ਚ ਉਹ 32 ਹਜ਼ਾਰ ਦੇ ਵੱਡੇ ਅੰਤਰ ਨਾਲ ਜਿੱਤ ਦਰਜ ਕੇ ਪੰਜਾਬ ਭਰ ’ਚ ਲੀਡ ਹਾਸਲ ਕਰਨ ਵਾਲੇ ਚੌਥੇ ਵੱਡੇ ਲੀਡਰ ਬਣੇ। ਜਿਸਦੀ ਬਦੌਲਤ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਹਿਲਾਂ ਸਿੱਖਿਆ ਮੰਤਰੀ, ਫਿਰ ਟਰਾਂਸਪੋਰਟ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਣਾਇਆ। ਇਸ ਵੇਲੇ ਉਹ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਜਾਣਕਾਰੀ ਅਨੁਸਾਰ ਅਰੁਨਾ ਚੌਧਰੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਆਪਣੇ ਹਲਕੇ ਅੰਦਰ ਅਣਗਿਣਤ ਵਿਕਾਸ ਕੰਮ ਕਰਵਾ ਕੇ ਲੋਕਾਂ ਦਾ ਦਿਲ ਜਿੱਤਿਆ ਹੈ, ਜਿਸ ਕਾਰਨ ਉਨ੍ਹਾਂ ਦੀ ਜਿੱਤ ਇਸ ਵਾਰ ਵੀ ਪੱਕੀ ਮੰਨੀ ਜਾ ਰਹੀ ਹੈ ਅਤੇ ਹਾਈਕਮਾਨ ਵੱਲੋਂ ਕਰਵਾਏ ਵੱਖ-ਵੱਖ ਸਰਵਿਆਂ ਵਿੱਚ ਵੀ ਉਹ ਪੰਜਾਬ ਭਰ ’ਚੋਂ ਪਾਰਟੀ ਦੇ ਸਭ ਤੋਂ ਮਜ਼ਬੂਤ ਉਮੀਦਵਾਰ ਮੰਨੇ ਗਏ ਹਨ। ਉੱਧਰ ਅਰੁਨਾ ਚੌਧਰੀ ਨੂੰ ਪੰਜਵੀਂ ਵਾਰ ਟਿਕਟ ਮਿਲਣ ’ਤੇ ਕਾਂਗਰਸੀ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿਛਲੀਆਂ ਚੋਣਾਂ ਨਾਲੋਂ ਵੀ ਜ਼ਿਆਦਾ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ