ਇਨਸਾਫ ਨਾ ਮਿਲਣ ’ਤੇ ਪੀੜਿਤਾਂ ਨੇ ਥਾਣੇ ਅੱਗੇ ਲਾਸ਼ ਰੱਖ ਕੇ ਦਿੱਤਾ ਧਰਨਾ

Talwandi Sabo News
ਤਲਵੰਡੀ ਸਾਬੋ ਪੁਲਿਸ ਥਾਣੇ ਅੱਗੇ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਦਿੰਦੇ ਹੋਏ।

ਪੁਲਿਸ ਪ੍ਰਸ਼ਾਸਨ ਨਸ਼ਾ ਰੋਕੂ ਕਮੇਟੀ ਦੇ ਮੁੱਖ ਆਗੂ ਨੂੰ ਮਾਮਲੇ ਵਿੱਚ ਨਾਮਜਦ ਕਰਨ ਤੋਂ ਕਰ ਰਿਹਾ ਸੀ ਇਨਕਾਰ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਪੀੜਿਤ ਪਰਿਵਾਰ ਨੇ ਟਰੈਕਟਰ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਸੜਕ ਜਾਮ ਕਰਕੇ ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ । ਭਾਵੇਂ ਪੁਲਿਸ ਨੇ ਪਹਿਲਾਂ 19 ਸਤੰਬਰ ਨੂੰ ਕੁੱਝ ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ ਪਰ ਪੀੜਿਤ ਪਰਿਵਾਰ ਅਨੁਸਾਰ ਨਸ਼ਾ ਰੋਕੂ ਕਮੇਟੀ ਨਾਲ ਹੋਏ ਝਗੜੇ ਦੌਰਾਨ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮੁਦੱਈ ਧਿਰ ਨੂੰ ਇਨਸਾਫ ਨਾ ਦੇ ਕੇ ਅਸਲ ਮੁਲਜ਼ਮ ’ਤੇ ਮਾਮਲਾ ਨਹੀਂ ਦਰਜ ਕੀਤਾ ਜਿਸ ਤੋਂ ਭੜਕੇ ਪੀੜਿਤ ਪਰਿਵਾਰ ਨੇ ਪੁਲਿਸ ਖਿਲਾਫ ਧਰਨਾ ਲਾ ਕੇ ਅਸਲ ਮੁਲਜ਼ਮ ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗਿ੍ਰਫਤਾਰ ਕਰਨ ਦੀ ਮੰਗ ਕਰ ਰਹੀ ਹੈ। (Talwandi Sabo News)

ਇਹ ਵੀ ਪੜ੍ਹੋ : ਆਰਐੱਸਡੀ ਕਾਲਜ ਵੱਲੋਂ ਨੌਕਰੀ ਤੋਂ ਕੱਢੇ ਤਿੰਨ ਪ੍ਰੋਫੈਸਰਾਂ ਨੂੰ ਮਾਣਯੋਗ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਮ੍ਰਿਤਕਾ ਦੀ ਨੂੰਹ ਸਿਵਨੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਕੁੱਝ ਲੋਕਾਂ ਨੇ ਉਸਦੇ ਸਹੁਰੇ ਲੀਲਾ ਸਿੰਘ ਪੁੱਤਰ ਹਰਚੰਦ ਸਿੰਘ ਦੀ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰ ਦਿੱਤੀ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਜ਼ਖਮੀ ਸਹੁਰੇ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ ਜਿਸ ’ਤੇ ਪੁਲਿਸ ਨੇ ਭਾਵੇਂ ਵੱਖ ਵੱਖ ਧਰਾਵਾਂ ਤਹਿਤ ਕਾਲੂ ਤੇ ਕਰਮੂ ਸਮੇਤ ਤਿੰਨ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਸੀ ਪਰ ਮਾਮਲੇ ਵਿੱਚ ਅਸਲ ਮੁਲਜ਼ਮ ’ਤੇ ਮਾਮਲਾ ਦਰਜ ਨਹੀਂ ਕਰ ਰਹੀ।

ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ

ਉਹਨਾਂ ਇਨਸਾਫ ਲੈਣ ਲਈ ਲਾਸ਼ ਥਾਣੇ ਅੱਗੇ ਰੱਖ ਕੇ ਤਲਵੰਡੀ ਸਾਬੋ ਦੀ ਪੁਲਿਸ ਖਿਲਾਫ ਰੋਸ ਪ੍ਰਦਰਸਨ ਕਰਕੇ ਇਨਸਾਫ ਲੈਣ ਦੀ ਮੰਗ ਕੀਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਉਧਰ ਤਲਵੰਡੀ ਸਾਬੋ ਦੇ ਡੀਐੱਸਪੀ ਰਜੇਸ ਸਨੇਹੀ ਨੇ ਪੀੜਿਤਾਂ ਨੂੰ ਇਨਸਾਫ ਨਾ ਦੇਣ ਸਬੰਧੀ ਕਿਹਾ ਕਿ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੇ ਸੱਟਾਂ ਲੱਗੀਆਂ ਸਨ ਜਿਸ ’ਤੇ ਮਾਮਲਾ ਦਰਜ ਕਰ ਲਿਆ ਸੀ ਤੇ ਹੁਣ ਇੱਕ ਵਿਅਕਤੀ ’ਤੇ ਮੌਤ ਹੋਣ ਕਰਕੇ ਮਾਮਲੇ ਵਿੱਚ ਵਾਧਾ ਕਰਕੇ ਪੀੜਿਤਾਂ ਦੇ ਬਿਆਨ ਲਿਖ ਕੇ ਕਾਰਵਾਈ ਕਰਕੇ ਧਰਨਾ ਉਠਾ ਦਿੱਤਾ ਹੈ ਤੇ ਨਸ਼ਾ ਰੋਕੂ ਕਮੇਟੀ ਪ੍ਰਧਾਨ ਜੱਸਾ ਸਿੰਘ ’ਤੇ ਮਾਮਲਾ ਦਰਜ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।