ਪੰਜਾਬ ਦੇ ਸਰਪੰਚ ਨਿਗੂਣੇ ਮਿਲਣ ਵਾਲੇ 1200 ਦੇ ਮਾਣ-ਭੱਤੇ ਨੂੰ ਵੀ ਤਰਸੇ

alcohol

ਮੌਜ਼ੂਦਾ ਸਰਪੰਚਾਂ ਨੂੰ ਇੱਕ ਸਾਲ ਤੋਂ ਨਹੀਂ ਮਿਲਿਆ ਮਾਣ ਭੱਤਾ

ਪਿਛਲੀ ਅਕਾਲੀ ਸਰਕਾਰ ਮੌਕੇ ਦੇ ਸਰਪੰਚ ਵੀ ਢਾਈ ਸਾਲਾਂ ਦੇ ਮਾਣ ਭੱਤੇ ਦੀ ਉਡੀਕ ਵਿੱਚ

ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਤੇ ਮਾਣ ਭੱਤਿਆ ਲਈ ਖਜਾਨਾ ਭਰਿਆ ਹੋਇਆ, ਸਰਪੰਚਾਂ ਲਈ ਖਜ਼ਾਨਾ ਖਾਲੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੂਬੇ ਭਰ ਦੇ ਸਰਪੰਚ ਪੰਜਾਬ ਸਰਕਾਰ ਤੋਂ ਮਿਲਣ ਵਾਲੇ ਨਿਗੂਣੇ ਮਾਣ-ਭੱਤੇ ਨੂੰ ਤਰਸ ਗਏ ਹਨ। ਆਲਮ ਇਹ ਹੈ ਕਿ ਪਿਛਲੀ ਅਕਾਲੀ ਸਰਕਾਰ ਮੌਕੇ ਵੀ ਬਣੇ ਸਰਪੰਚ ਆਪਣੇ ਢਾਈ ਸਾਲਾਂ ਦੇ ਮਾਣ ਭੱਤੇ ਦੀ ਉਡੀਕ ਵਿੱਚ ਹਨ। ਸਰਪੰਚਾਂ ਨੂੰ ਮਿਲਣ ਵਾਲਾ 1200 ਰੁਪਏ ਦਾ ਮਾਣ ਭੱਤਾ ਸਰਕਾਰ ਦੇ ਖਜਾਨੇ ਤੇ ਭਾਰੀ ਪੈ ਰਿਹਾ ਹੈ, ਜਿਸ ਕਾਰਨ ਸਰਪੰਚ ਮਾਣਭੱਤੇ ਤੋਂ ਵਾਂਝੇ ਹਨ। ਉਂਜ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਲਈ ਖਜਾਨਾ ਨੱਕੋ-ਨੱਕ ਭਰਿਆ ਹੋਇਆ ਹੈ।

ਪੰਜਾਬ ਅੰਦਰ ਸਰਪੰਚਾਂ ਦੀ ਗਿਣਤੀ 13276

ਜਾਣਕਾਰੀ ਅਨੁਸਾਰ ਪੰਜਾਬ ਅੰਦਰ ਸਰਪੰਚਾਂ ਦੀ ਗਿਣਤੀ 13276 ਹੈ। ਸਰਕਾਰ ਵੱਲੋਂ ਸਰਪੰਚਾਂ ਨੂੰ ਮਹੀਨੇ ਭਰ ਦਾ 1200 ਰੁਪਏ ਮਾਣ ਭੱਤੇ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਸਰਪੰਚਾਂ ਨੂੰ 1200 ਰੁਪਏ ਦਾ ਮਾਣਭੱਤਾ ਦੇਣ ਲਈ ਵੀ ਸਰਕਾਰ ਦੇ ਖਜਾਨੇ ਖਾਲੀ ਹਨ। ਪੰਜਾਬ ਅੰਦਰ ਵੱਡੇ ਵੱਡੇ ਵਾਅਦਿਆਂ ਰਾਹੀਂ ਬਣੀ ਅਮਰਿੰਦਰ ਸਿਘ ਦੀ ਸਰਕਾਰ ਵੀ ਆਪਣੇ ਸਰਪੰਚਾਂ ਨੂੰ ਇੱਕ ਸਾਲ ਤੋਂ ਮਾਣ ਭੱਤਾ ਨਹੀਂ ਦੇ ਸਕੀ। ਸਰਪੰਚਾਂ ਦੀ ਚੋਣ ਹੋਈ ਨੂੰ 30 ਦਸੰਬਰ 2019 ਨੂੰ ਪੂਰਾ ਇੱਕ ਵਰ੍ਹਾ ਹੋ ਗਿਆ ਹੈ, ਪਰ ਸਰਕਾਰ ਦਾ ਖਜਾਨਾ ਇੱਕ ਸਾਲ ਬਾਅਦ ਵੀ ਇਨ੍ਹਾਂ ਸਰਪੰਚਾਂ ਦੇ ਮਾਣ ਭੱਤੇ ਲਈ ਨਹੀਂ ਭਰਿਆ। ਪੰਜਾਬ ਅੰਦਰ 13276 ਸਰਪੰਚਾਂ ਦਾ ਮਾਣ ਭੱਤਾ ਇੱਕ ਮਹੀਨੇ ਦਾ 15,931,200 ਦੇ ਕਰੀਬ ਬਣਦਾ ਹੈ। ਜੇਕਰ ਇਕ ਸਾਲ ਦੀ ਗੱਲ ਕੀਤੀ ਜਾਵੇ ਤਾ ਇਹ ਮਾਣ ਭੱਤੇ ਦੀ ਰਕਮ 19 ਕਰੋੜ 11 ਲੱਖ 74,400 ਤੇ ਪੁੱਜਦੀ ਹੈ। ਪਿਛਲੀ ਅਕਾਲੀ ਸਰਕਾਰ ਵੀ ਸਰਪੰਚਾਂ ਨੂੰ ਮਾਣ-ਭੱਤਾ ਦੇਣ ਵਿੱਚ ਫੇਲ ਰਹੀ ਹੈ।

ਢਾਈ ਸਾਲਾਂ ਦਾ ਮਾਣ ਭੱਤਾ ਵੀ ਸਰਕਾਰ ਦੇ ਜਾਣ ਨਾਲ ਹੀ ਦੱਬਿਆ ਗਿਆ

ਪਿਛਲੀ ਅਕਾਲੀ ਸਰਕਾਰ ਮੌਕੇ ਬਣੇ ਸਰਪੰਚਾਂ ਦਾ ਢਾਈ ਸਾਲਾਂ ਦਾ ਮਾਣ ਭੱਤਾ ਵੀ ਸਰਕਾਰ ਦੇ ਜਾਣ ਨਾਲ ਹੀ ਦੱਬਿਆ ਗਿਆ। ਜੇਕਰ ਅਕਾਲੀ ਸਰਕਾਰ ਮੌਕੇ ਢਾਈ ਸਾਲਾਂ ਦੇ ਮਾਣ ਭੱਤੇ ਦਾ ਜੋੜ ਤੋੜ ਕੀਤਾ ਜਾਵੇ ਤਾ ਇਹ ਰਕਮ 47 ਕਰੋੜ 79 ਲੱਖ ਦੇ ਕਰੀਬ ਪੁੱਜਦੀ ਹੈ। ਪਿਛਲੀ ਅਕਾਲੀ ਸਰਕਾਰ ਮੌਕੇ ਰਹੇ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਦਾ ਕਹਿਣਾ ਹੈ ਕਿ ਉਹ ਆਪਣੇ ਮਾਣ ਭੱਤੇ ਦੀ ਉਡੀਕ ਵਿੱਚ ਹਨ, ਪਰ ਉਨ੍ਹਾਂ ਦੇ ਖਾਤਿਆਂ ‘ਚ ਇਹ ਮਾਣ ਭੱਤੇ ਵਾਲੇ ਮੈਜਿਸ਼ ਨਾ ਤਾ ਅਕਾਲੀ ਸਰਕਾਰ ਮੌਕੇ ਆਏ ਅਤੇ ਨਾ ਹੀ ਕਾਂਗਰਸ ਦੀ ਸਰਕਾਰ ਮੌਕੇ। ਉਨ੍ਹਾਂ ਕਿਹਾ ਕਿ ਹੁਣ ਇਹ ਪੈਡਿੰਗ ਮਾਣ ਭੱਤੇ ਕਾਂਗਰਸ ‘ਚ ਵੀ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇੱਧਰ ਮੌਜੂਦਾ ਸਰਪੰਚਾਂ ਦਾ ਕਹਿਣਾ ਸੀ ਕਿ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਨੂੰ ਮਿਲਣ ਵਾਲਾ 1200 ਰੁਪਏ ਦਾ ਮਾਣ ਭੱਤਾ ਅਜੇ ਤੱਕ ਪ੍ਰਾਪਤ ਨਹੀਂ ਹੋਇਆ।

ਮਾਣ ਭੱਤਾ ਦਾ ਦੂਰ ਦੀ ਗੱਲ ਪਿੰਡਾਂ ਅੰਦਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਨਸੀਬ ਨਹੀਂ ਹੋ ਰਹੀਆਂ

ਇੱਕ ਸਰਪੰਚ ਨੇ ਗਿਲਾ ਕਰਦਿਆ ਆਖਿਆ ਕਿ ਜੇਕਰ ਇੱਕ ਸਰਪੰਚ ਦਾ ਇੱਕ ਸਾਲ ਦਾ ਮਾਣ ਭੱਤਾ ਲਾਇਆ ਜਾਵੇ ਤਾ ਇਹ 14400 ਰੁਪਏ ਹੀ ਬਣਦਾ ਹੈ। ਸਰਕਾਰ ਮਹੀਨੇ ਦਾ ਨਹੀਂ ਦੇ ਸਕਦੀ, ਇਕੱਠਾ ਕਿੱਥੋਂ ਦੇਵੇਗੀ। ਇੱਕ ਹੋਰ ਸਰਪੰਚ ਦਾ ਕਹਿਣਾ ਸੀ ਕਿ ਮਾਣ ਭੱਤਾ ਦਾ ਦੂਰ ਦੀ ਗੱਲ ਪਿੰਡਾਂ ਅੰਦਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਨਸੀਬ ਨਹੀਂ ਹੋ ਰਹੀਆਂ। ਪੰਚਾਇਤੀ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਦੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਜਾਨੇ ਕਾਰਨ ਹੀ ਇਹ ਮਾਣ ਭੱਤਾ ਰੁਕਿਆ ਹੋ ਸਕਦਾ ਹੈ। ਇੱਕ ਸਰਪੰਚ ਨੇ ਟਿੱਪਣੀ ਕਰਦਿਆ ਆਖਿਆ ਕਿ ਸਾਡਾ 1200 ਰੁਪਏ ਦਾ ਮਾਣ ਭੱਤਾ ਖਜਾਨਾ ਖਾਲੀ ਕਰ ਰਿਹਾ ਹੈ, ਪਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਵਾਲੀ ਤਨਖਾਹ ਅਤੇ ਮਾਣ ਭੱਤੇ ਲਈ ਖਜਾਨਾ ਖਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਪਣਾ ਠੀਕ ਦੇਖ ਰਹੀਆਂ ਹਨ, ਸਰਪੰਚਾਂ ਦੇ ਮਾਣ ਭੱਤੇ ਕਿੱਥੇ ਯਾਦ ਹਨ।

ਇਸ ਮਾਮਲੇ ਸਬੰਧੀ ਜਦੋਂ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।