ਰਾਜਨੀਤੀ ‘ਚ ਆਉਣ ਦੀ ਇੱਛਕ ਨਹੀਂ ਸੀ : ਹਰਸਿਮਰਤ ਕੌਰ ਬਾਦਲ

Not Interested, Coming, Politics, Harsimrat Kaur Badal

‘ਮੀਟ ਦਾ ਪ੍ਰੈਸ’ ਪ੍ਰੋਗਰਾਮ ‘ਚ ਖੁਲਾਸਾ

ਅਸ਼ੋਕ ਵਰਮਾ, ਬਠਿੰਡਾ

ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੰਨਣਾ ਹੈ ਕਿ ਉਹ ਰਾਜਨੀਤੀ ‘ਚ ਆਉਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਤਰਜੀਹ ਭਾਰਤੀ ਵਿਦੇਸ਼ ਸੇਵਾ ‘ਚ ਜਾਣ ਦੀ ਸੀ ਜੋ ਪੂਰੀ ਨਹੀਂ ਹੋ ਸਕੀ ਹੈ। ਇੱਥੇ ਬਠਿੰਡਾ ਪ੍ਰੈਸ ਕਲੱਬ ਵਿਖੇ ‘ਮੀਟ ਦਾ ਪ੍ਰੈਸ’ ਪ੍ਰੋਗਰਾਮ ਤਹਿਤ ਮੀਡੀਆ ਦੇ ਰੂ-ਬ-ਰੂ ਦੌਰਾਨ ਹਰਸਿਮਰਤ ਨੇ ਬਠਿੰਡਾ ਦੇ ਵਿਕਾਸ, ਰਾਜਨੀਤੀ ਤੇ ਚੋਣਾਂ ਤੋਂ ਇਲਾਵਾ ਆਪਣੀ ਪਰਿਵਾਰਕ ਜ਼ਿੰਦਗੀ ਬਾਰੇ ਸਵਾਲਾਂ ਦੇ ਜਵਾਬ ਦਿੱਤੇ

ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪੜਦਾਦਾ ਜੀ ਰਾਜਨੀਤੀ ‘ਚ ਸਨ ਪਰ ਉਨ੍ਹਾਂ ਦੇ ਪਿਤਾ ਜੀ ਨੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਿਆਸਤ ‘ਚ ਆਉਣ ਦੀ ਮਨਾਹੀ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੀ ਰਾਜਨੀਤੀ ਦੇ ਇੱਛਕ ਨਹੀਂ ਸਨ ਇਹ ਤਾਂ ਹਾਲਾਤਾਂ ਨੇ ਦੋਵਾਂ ਨੂੰ ਇਸ ਖੇਤਰ ‘ਚ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਵਾਸਤੇ ਰਾਜਨੀਤੀ ਮਾੜੀ ਨਹੀਂ ਪਰ ਸੋਸ਼ਲ ਮੀਡੀਆ ਰਾਹੀਂ ਚਿੱਕੜ ਉਛਾਲੀ ਨੇ ਹਾਲਾਤ ਬਦਲ ਦਿੱਤੇ ਹਨ, ਜਿਸ ਕਰਕੇ ਨਵੀਂ ਪੀੜ੍ਹੀ ਇਸ ਪਾਸੇ ਆਉਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਤੇ ਪੁੱਤ ਜਦੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਭੰਡੀ ਪ੍ਰਚਾਰ ਦੇਖਦੇ ਹਨ ਤਾਂ ਉਹ ਦੁਖੀ ਹੁੰਦੇ ਹਨ। ਇਸ ਕਰਕੇ ਉਨ੍ਹਾਂ ਨੇ ਬੱਚਿਆਂ ਨੂੰ ਰਾਜਨੀਤਕ ਜ਼ਿੰਦਗੀ ਤੋਂ ਦੂਰ ਹੀ ਰੱਖਿਆ ਹੈ।

ਆਪਣੇ ਪੇਕੇ ਪਰਿਵਾਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਹਰਸਿਮਰਤ ਨੇ ਬਚਪਨ ‘ਚ ਆਪਣੇ ਦੋਵਾਂ ਭਰਾਵਾਂ ਦਾ ਕੁੱਟ ਕੁੱਟ ਕੇ ਕਚੂਮਰ ਕੱਢਣ ਦੀ ਗੱਲ ਕਬੂਲੀ। ਉਨ੍ਹਾਂ ਦੱਸਿਆ ਕਿ ਮਾਤਾ ਜੀ ਨੇ ਭਰਾਵਾਂ ਨੂੰ ਨਾ ਕੁੱਟਣ ਦੀ ਸੂਰਤ ‘ਚ ਇੱਕ ਰੁਪਿਆ ਰੋਜ਼ਾਨਾ ਦੇਣ ਦਾ ਲਾਲਚ ਵੀ ਦਿੱਤਾ ਸੀ ਫਿਰ ਵੀ ਕਦੇ ਉਨ੍ਹਾਂ ਨੂੰ ਹਰ ਮਹੀਨੇ ਪੰਜ –ਸੱਤ ਰੁਪਏ ਹੀ ਮਿਲਦੇ ਸਨ।

ਇਸ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਵੱਲੋਂ ਚੋਣ ਮੈਦਾਨ ‘ਚ ਉਤਰਨ ਦੀ ਤਿਆਰੀ ‘ਚ ਹਰਸਿਮਰਤ ਬਾਦਲ ਬਠਿੰਡਾ ਨੂੰ ਆਧੁਨਿਕ ਸਹੂਲਤਾਂ ਨਾਲ ਭਰਪੂਰ ਸ਼ਹਿਰ ਬਣਾਉਣਾ ਚਾਹੁੰਦੇ ਹਨ। ਇਸ ਵਾਰ ਮੁੜ ਜਿੱਤਣ ਤੇ ਕੇਂਦਰ ‘ਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੀ ਸਰਕਾਰ ਬਣਨ ਦੀ ਸੂਰਤ ‘ਚ ਉਨ੍ਹਾਂ ਅੱਜ ਵੀ ਆਪਣੇ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣ ਦਾ ਯਕੀਨ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਮੀਡੀਆ ਦੀ ਸਿਹਤਮੰਦ ਅਲੋਚਨਾ ਦੇ ਹਾਮੀ ਹਨ ਪਰ ਕਈ ਵਾਰ ਸਨਸਨੀਖੇਜ਼ ਰਿਪੋਰਟਿੰਗ ਸਮਾਜ ਦਾ ਨੁਕਸਾਨ ਕਰਦੀ ਹੈ।

ਉਨ੍ਹਾਂ ਮੰਨਿਆ ਕਿ ਹਲਕੇ ‘ਚ ਕੁਝ ਕਮੀਆਂ ਰਹਿ ਗਈਆਂ ਹਨ ਫਿਰ ਵੀ ਜਿੰਨਾ ਉਹ ਕਰ ਸਕਦੇ ਸਨ ਓਨਾਂ ਕੀਤਾ ਪਰ ਪੰਜਾਬ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ ਹੈ। ਉਨ੍ਹਾਂ ਇਸ ਮੌਕੇ ਆਪਣੇ ਸੰਸਦੀ ਫੰਡਾਂ ‘ਚੋਂ ਪ੍ਰੈਸ ਕਲੱਬ ਦੇ ਵਿਕਾਸ ਲਈ ਢਾਈ ਲੱਖ ਰੁਪਏ ਦਾ ਚੈੱਕ ਸੌਂਪਿਆ ਪ੍ਰੈਸ ਕਲੱਬ ਵੱਲੋਂ ਬੀਬੀ ਬਾਦਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ ਤੇ ਸਥਾਨਕ ਅਕਾਲੀ ਲੀਡਰਸ਼ਿਪ ਹਾਜਰ ਸੀ।

‘ਸੋਈ’ ਦੀ ਰੈਲੀ ਬਹਾਨੇ ਹਰਸਿਮਰਤ ਬਾਦਲ ਵੱਲੋਂ ਤਾਕਤ ਦਾ ਵਿਖਾਵਾ

ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਦੀ ਰੈਲੀ ਰਾਹੀਂ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤਾਕਤ ਦਾ ਵਿਖਾਵਾ ਕੀਤਾ। ਉਨ੍ਹਾਂ ਨੌਜਵਾਨਾਂ ਦੇ ਇਕੱਠ ਤੋਂ ਖੁਸ਼ ਹੁੰਦਿਆਂ ਉਨ੍ਹਾਂ ਦੀ ਪਿੱਠ ਥਾਪੜੀ ਤੇ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਹੀ ਕਮਰਕਸੇ ਕਸਣ ਦਾ ਸੱਦਾ ਦਿੱਤਾ ਉਨ੍ਹਾਂ ਆਖਿਆ ਕਿ ਨੌਜਵਾਨ ਜੇਕਰ ਸਿਆਸੀ ਆਗੂਆਂ ਨੂੰ ਸੱਤਾ ‘ਤੇ ਬਿਠਾ ਸਕਦੇ ਹਨ ਤਾਂ ਇਨ੍ਹਾਂ ਵੱਲੋਂ ਸੱਤਾ ਤੋਂ ਲਾਹਿਆ ਵੀ ਜਾ ਸਕਦਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2017 ‘ਚ ਨੌਜਵਾਨਾਂ ਨੇ ਹੀ ਕਾਂਗਰਸ ਸਰਕਾਰ ਨੂੰ ਸੱਤਾ ਸੌਂਪੀ ਸੀ ਪਰ ਕਾਂਗਰਸ ਨੇ ਉਨ੍ਹਾਂ ਨਾਲ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਵਿਸ਼ਵਾਸਘਾਤ ਕੀਤਾ ਹੈ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।