ਪੁਲਿਸ ਨੇ ਪੰਜ ਮੈਂਬਰੀ ਤਾਂਬਾ ਚੋਰ ਗਿਰੋਹ ਨੂੰ ਕੀਤਾ ਕਾਬੂ

Police, five Member, Gang

ਗਿਰੋਹ ਪਾਸੋਂ 25 ਲੱਖ ਰੁਪਏ ਦੀ ਕੀਮਤ ਦਾ 10 ਕੁਇੰਟਲ ਤਾਂਬਾ ਕੀਤਾ ਬਰਾਮਦ

ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ

ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਪੰਜ ਮੈਂਬਰੀ ਤਾਂਬਾ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 25 ਲੱਖ ਰੁਪਏ ਦੀ ਕੀਮਤ ਦਾ 10 ਕੁਇੰਟਲ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ ਹੈ ਤੇ ਚੋਰੀ ਦੀਆਂ ਵਾਰਦਾਤਾਂ ਮੌਕੇ ਵਰਤੇ ਜਾਣ ਵਾਲ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ 408 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਤੇ 2496 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਐੱਸ. ਪੀ. (ਜਾਂਚ) ਹਰਪਾਲ ਸਿੰਘ ਤੇ ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਕੁਲਵੰਤ ਸਿੰਘ ਮੁੱਖ ਥਾਣਾ ਅਫਸਰ ਗੋਬਿੰਦਗੜ੍ਹ ਤੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਇਤਲਾਹ ਮਿਲੀ ਸੀ ਕਿ ਪ੍ਰਦੀਪ ਸਿੰਘ, ਗੋਬਿੰਦ ਬਹਾਦਰ, ਸੂਰਜ ਕੁਮਾਰ, ਰਾਜ ਕੁਮਾਰ ਜੋ ਕਿ ਮਾਰੂ ਹਥਿਆਰਾਂ ਸਮੇਤ ਪਿੰਡ ਲਾਡਪੁਰ ਵਿਖੇ ਢੱਕੀ ‘ਚ ਬੈਠੇ ਵਾਰਦਾਤ ਨੂੰ ਅੰਜਾਮ ਤੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਸਨ। ਇਸ ਗਿਰੋਹ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਦਾ ਗਠਨ ਕੀਤਾ ਗਿਆ ਤੇ ਮੌਕੇ ‘ਤੇ ਹੀ ਪੰਜੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ।

ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨਾਂ ਪਾਸੋਂ ਹੋਰ ਵੀ ਵਾਰਦਾਤਾਂ ਲਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਗਿਰੋਹ ਦਾ ਸਰਗਨਾ ਪ੍ਰਦੀਪ ਸਿੰਘ ਜੋ ਕਿ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲੇ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ‘ਚ ਉਸ ਖਿਲਾਫ ਚੋਰੀ ਦੇ 6 ਮੁਕੱਦਮੇ ਦਰਜ ਹਨ। ਸ਼੍ਰੀਮਤੀ ਕੌਂਡਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਡੀਐੱਸਪੀ (ਜਾਂਚ) ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 2496 ਨਸ਼ੀਲੀਆਂ ਗੋਲੀਆਂ ਤੇ ਵੱਖ-ਵੱਖ ਕਿਸਮ ਦੀ ਸ਼ਰਾਬ ਦੀਆਂ 204 ਬੋਤਲਾਂ ਵੀ ਬਰਾਮਦ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਸੀਆਈਏ ਸਰਹਿੰਦ ਵੱਲੋਂ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦਿਆ ਸਿੰਘ ਵਾਸੀ ਬ੍ਰਾਹਮਣ ਮਾਜਰਾ ਨੂੰ ਕਾਬੂ ਕਰਕੇ ਉਸ ਪਾਸੋਂ 2496 ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਨੇ ਨਾਕੇ ਦੌਰਾਨ ਜਤਿੰਦਰ ਸਿੰਘ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਨੂੰ ਉਸ ਪਾਸੋਂ 120 ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਥਾਣਾ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਇੰਦਰਪਾਲ ਸਿੰਘ ਵਾਸੀ ਬਾੜਾ ਸਰਹਿੰਦ ਨੂੰ ਕਾਬੂ ਕਰਕੇ ਉਸ ਪਾਸੋਂ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਥਾਣਾ ਅਮਲੋਹ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਕਰਮਜੀਤ ਸਿੰਘ ਵਾਸੀ ਅਲਾਦਾਦਪੁਰ ਨੂੰ ਕਾਬੂ ਕਰਕੇ 60 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ ਤੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।