‘ਜਿਹੜਾ ਮੇਰੇ ਫੈਸਲੇ ਤੋਂ ਖੁਸ਼ ਨਹੀਂ ਉਹ ਕੇਂਦਰ ਵਿੱਚ ਜਾ ਸਕਦੈ ਡੈਪੂਟੇਸ਼ਨ ‘ਤੇ’

Not Happy, My Decision, GO to the Center, Deputation

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਅਨੁਸ਼ਾਸਨਹੀਣਤਾ ਨੂੰ ਨਹੀਂ ਕੀਤਾ ਜਾਵੇਗਾ ਸਹਿਣ

ਆਈ.ਪੀ.ਐਸ. ਅਧਿਕਾਰੀਆਂ ਨੂੰ ਅਮਰਿੰਦਰ ਸਿੰਘ ਨੇ ਦਿੱਤੀ ਚੇਤਾਵਨੀ, ਪੰਜਾਬ ‘ਚ ਚੱਲੇਗਾ ਉਨ੍ਹਾਂ ਦਾ ਹੀ ਹੁਕਮ

ਅਸ਼ਵਨੀ ਚਾਵਲਾ, ਚੰਡੀਗੜ੍ਹ

‘ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਦੇ ਮੰਤਰੀ ਹੋਣ ਦੇ ਨਾਤੇ ਕਿਸੇ ਵੀ ਅਧਿਕਾਰੀ ਦਾ ਤਬਦਲਾ ਕਰਨ ਦਾ ਹਰ ਹੱਕ ਉਨ੍ਹਾਂ ਕੋਲ ਹੈ, ਇਸ ਲਈ ਕਿਸੇ ਵੀ ਆਈ.ਪੀ.ਐਸ. ਅਧਿਕਾਰੀ ਨੂੰ ਜੇਕਰ ਉਨ੍ਹਾਂ ਦੇ ਫੈਸਲੇ ਤੋਂ ਇਤਰਾਜ ਹੈ ਜਾਂ ਫਿਰ ਖ਼ੁਸ਼ ਨਹੀਂ ਹੈ ਤਾਂ ਉਹ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਜਾ ਸਕਦਾ ਹੈ। ਪੰਜਾਬ ਵਿੱਚ ਤਾਂ ਸਿਰਫ਼ ਉਨ੍ਹਾਂ ਦਾ ਹੀ ਹੁਕਮ ਚਲੇਗਾ।’ ਇਹ ਸਖ਼ਤ ਪ੍ਰਤੀਕਿਰਿਆ ਅਤੇ ਅਨੁਸ਼ਾਸਨਹੀਣਤਾ ਦੇ ਵਿਰੁੱਧ ਤਿੱਖੀ ਚੇਤਾਵਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜਿਹੜਾ ਹਰਪ੍ਰੀਤ ਸਿੱਧੂ ਦੀ ਐਸ.ਟੀ.ਐਫ ਦੇ ਮੁਖੀ ਵਜੋਂ ਮੁੜ ਤਾਇਨਾਤੀ ਤੋਂ ਖੁਸ਼ ਨਹੀਂ ਹੈ , ਉਸਦਾ ਸੂਬਾ ਛੱਡਣ ਲਈ ਪੂਰਾ ਸਵਾਗਤ ਹੈ ਅਤੇ ਉਹ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ਦੀ ਮੰਗ ਕਰ ਸਕਦਾ ਹੈ। ਸਿੱਧੂ ਦੀ ਮੁੜ ਨਿਯੁਕਤੀ ਸਬੰਧੀ ਬੇਚੈਨੀ ਬਾਰੇ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤ ਵਿੱਚ ਕਿਸੇ ਵੀ ਪੁਲਿਸ ਅਫਸਰ ਦਾ ਤਬਾਦਲਾ/ ਤਾਇਨਾਤੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੈ। ਮੁੱਖ ਮੰਤਰੀ ਕੋਲ ਇਸ ਵੇਲੇ ਗ੍ਰਹਿ ਮੰਤਰਾਲਾ ਵੀ ਹੈ।

ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਵੀ ਅਧਿਕਾਰੀ ਨੂੰ ਉਨ੍ਹਾਂ ਦੇ ਹੁਕਮਾਂ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਅਧਿਕਾਰੀ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਫੈਸਲੇ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦੇਣਗੇ। ਏ.ਡੀ.ਜੀ.ਪੀ ਸਿੱਧੂ ਨੂੰ ਮੁੜ ਐਸ.ਟੀ.ਐਫ ਦਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਸੂਬੇ ਵਿੱਚ ਮੁੜ ਨਸ਼ਿਆਂ ਦਾ ਮੁੱਦਾ ਬਣਨ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਲਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਇਸ ਸਮੱਸਿਆ ਨਾਲ ਨਿਪਟਣ ਲਈ ਰਾਸ਼ਟਰੀ ਡਰੱਗ ਨੀਤੀ ਬਣਾਏ ਜਾਣ ‘ਤੇ ਜ਼ੋਰ ਦੇ ਰਹੇ ਹਨ ਕਿਉਂਕਿ ਨਸ਼ਿਆਂ ਨੇ ਪੰਜਾਬ ਲਈ ਗੰਭੀਰ ਚਿੰਤਾ ਪੈਦਾ ਕੀਤੀ ਹੋਈ ਹੈ।

ਮੀਡੀਆ ਰਿਪੋਰਟਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਸਿੱਧੂ ਦੀ ਮੁੜ ਨਿਯੁਕਤੀ ਬਾਰੇ ਕਿਸੇ ਤੋਂ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਫੈਸਲਾ ਸੂਬੇ ਦੇ ਵਡੇਰੇ ਹਿੱਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਇਤਰਾਜ਼ ਪੈਦਾ ਕਰਕੇ ਅਨੁਸ਼ਾਸਨਹੀਣਤਾ ਪੈਦਾ ਕਰਨ ਵਾਲੇ ਕਿਸੇ ਲਈ ਵੀ ਪੁਲਿਸ ਫੋਰਸ ਵਿੱਚ ਕੋਈ ਵੀ ਥਾਂ ਨਹੀਂ ਹੈ। ਮੁੱਖ ਮੰਤਰੀ ਨੇ ਪ੍ਰੈਸ ਦੇ ਇੱਕ ਹਿੱਸੇ ਵਿੱਚ ਆਈਆਂ ਉਨ੍ਹਾਂ ਰਿਪੋਰਟਾਂ ਤੋਂ ਵੀ ਇਨਕਾਰ ਕੀਤਾ ਹੈ , ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸਿੱਧੂ ਨੇ ਇੱਕ ਪੱਤਰ ਲਿਖ ਕੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਛੇਤੀ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਐਸ.ਟੀ.ਐਫ ਦਾ ਗਠਨ ਕੀਤਾ ਸੀ , ਜਿਸ ਦਾ ਸਿੱਧੂ ਪਹਿਲਾ ਮੁੱਖੀ ਸੀ। ਸਿੱਧੂ ਦੇ ਹੇਠ ਐਸ.ਟੀ.ਐਫ ਨੇ ਨਸ਼ਿਆਂ ਨਾਲ ਨਿਪਟਣ ਲਈ ਵੱਡੀ ਪ੍ਰਗਤੀ ਕੀਤੀ ਜੋ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਹੇਠ ਵੱਡੀ ਲਾਹਨਤ ਬਣ ਗਏ ਸਨ ਅਤੇ ਜਿਨ੍ਹਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here