ਭਾਰਤ ‘ਚ ਨਹੀਂ ਮਿਲ ਰਿਹਾ ਪੀਪੀਈ ਕਿੱਟਾਂ ਦਾ ਕੋਈ ਖਰੀਦਦਾਰ ਤਾਂ ਵਿਦੇਸ਼ਾਂ ‘ਚ ਵੇਚਣਾ ਚਾਹੁੰਦੈ ਪੰਜਾਬ

Modi

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀ.ਪੀ.ਈ. ਕਿੱਟਾਂ ਦਾ ਵਾਧੂ ਸਟਾਕ ਬਰਾਮਦ ਕਰਨ ਦੀ ਮੰਗੀ ਇਜਾਜ਼ਤ

ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ, ਪੰਜਾਬ ਤਿਆਰ ਕਰ ਸਕਦੈ ਰੋਜ਼ਾਨਾ 5 ਲੱਖ ਕਿੱਟ

ਚੰਡੀਗੜ, (ਅਸ਼ਵਨੀ ਚਾਵਲਾ)। ਦੇਸ਼ ਵਿੱਚ ਨਿੱਜੀ ਸੁਰੱਖਿਆ ਉਪਕਰਨ (ਪੀਪੀਈ) ਕਿੱਟਾਂ ਦਾ ਕੋਈ ਖਰੀਦਦਾਰ ਨਾ ਮਿਲਣ ਕਾਰਨ ਹੁਣ ਪੰਜਾਬ ਸਰਕਾਰ ਆਪਣੇ ਸੂਬੇ ਵਿੱਚ ਤਿਆਰ ਹੋਣ ਵਾਲੀਆਂ ਕਿੱਟਾਂ ਨੂੰ ਵਿਦੇਸ਼ ਵਿੱਚ ਵੇਚਣਾ ਚਾਹੁੰਦੀ ਹੈ। ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕਰਦੇ ਹੋਏ ਇਜਾਜਤ ਦੇਣ ਦੀ ਮੰਗ ਕੀਤੀ ਹੈ। ਪੰਜਾਬ ਵਿੱਚ ਇਸ ਸਮੇਂ 128 ਯੂਨਿਟਾਂ ਰਾਹੀਂ ਪੀਪੀਈ ਕਿੱਟਾਂ ਤਿਆਰ ਹੋ ਰਹੀਆਂ ਹਨ ਅਤੇ ਪੰਜਾਬ ਵਿੱਚ ਰੋਜ਼ਾਨਾ 5 ਲੱਖ 21 ਹਜ਼ਾਰ ਪੀਪੀਈ ਕਿੱਟਾਂ ਤਿਆਰ ਹੋ ਸਕਦੀਆਂ ਹਨ ਪਰ ਇੰਨੀ ਜਿਆਦਾ ਲਾਗਤ ਦੇਸ਼ ਵਿੱਚ ਨਹੀਂ ਹੈ ਜਿਸ ਕਾਰਨ 128 ਯੂਨਿਟ ਵਿੱਚੋਂ ਸਿਰਫ਼ 18 ਨੂੰ ਹੀ ਹੁਣ ਤੱਕ ਪੀਪੀਈ ਕਿੱਟ ਦਾ ਦੇਸ਼ ਵਿੱਚ ਆਰਡਰ ਮਿਲਿਆ ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਹੁਣ ਸੂਬੇ ਵਿੱਚ ਤਿਆਰ ਹੋਣ ਵਾਲੀਆਂ ਪੀਪੀਈ ਕਿੱਟਾਂ ਨੂੰ ਵਿਦੇਸ਼ਾਂ ਵਿੱਚ ਵੇਚਣਾ ਚਾਹੁੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਫੈਲਾਅ ਦੇ ਮੱਦੇਨਜ਼ਰ ਇਨ੍ਹਾਂ ਨਿਰਮਾਤਾਵਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਕਿ ਮਹਾਂਮਾਰੀ ਵਿਰੁੱਧ ਮੂਹਰਲੀਆਂ ਸਫਾਂ ਵਿੱਚ ਲੜਾਈ ਲੜਨ ਨਾਲੇ ਯੋਧਿਆਂ ਲਈ ਲੋੜੀਂਦੇ ਇਹ ਉਪਕਰਨ ਤਿਆਰ ਕਰਨ ਵਿੱਚ ਪੰਜਾਬ ਨੂੰ ਸਵੈ-ਨਿਰਭਰ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਪੂਰੇ ਸਰੀਰ ਨੂੰ ਕਵਰ ਕਰਨ ਵਾਲੀਆਂ ਪੀ.ਪੀ.ਈ. ਕਿੱਟਾਂ ਨੂੰ ਬਰਾਮਦ ਕਰਨ ਨਾਲ ਤੁਹਾਡੀ ਅਗਵਾਈ ਵਿੱਚ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਆਤਮ ਨਿਰਭਰ ਭਾਰਤ ਅਭਿਆਨ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਸ ਵਾਸਤੇ ਇਜਾਜ਼ਤ ਦੇਣ ਦੀ ਅਪੀਲ ਕੀਤੀ।

ਐਸ.ਆਈ.ਟੀ.ਆਰ.ਏ./ਡੀ.ਆਰ.ਡੀ.ਓ. ਪਾਸੋਂ ਸਰਟੀਫਿਕੇਟ ਹਾਸਲ ਕਰਨ ਉਪਰੰਤ ਇਨ੍ਹਾਂ ਨਿਰਮਾਣ ਯੂਨਿਟਾਂ ਵੱਲੋਂ ਨਿਰਮਿਤ ਉਤਪਾਦਾਂ ਦੇ ਉਤਪਾਦਨ ਅਤੇ ਗੁਣਵੱਤਾ ਦੀ ਵਾਧੂ ਸਮਰੱਥਾ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਵੇਲੇ ਘਰੇਲੂ ਪੱਧਰ ‘ਤੇ ਪੀ.ਪੀ.ਈ. ਕਿੱਟਾਂ ਦੀ ਬਹੁਤ ਮੰਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਰਮਾਤਾਵਾਂ ਨੂੰ ਐਚ.ਐਲ.ਐਲ. ਪਾਸੋਂ ਆਰਡਰ ਲੈਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ 128 ਮਨਜ਼ੂਰਸ਼ੁਦਾ ਨਿਰਮਾਤਾਵਾਂ ਵਿੱਚੋਂ 18 ਯੂਨਿਟਾਂ ਨੂੰ ਹੀ ਭਾਰਤ ਸਰਕਾਰ ਪਾਸੋਂ ਆਰਡਰ ਮਿਲੇ ਹਨ।

ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ 21 ਮਈ, 2020 ਨੂੰ ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਆਪੋ-ਆਪਣੇ ਸਿਹਤ ਵਿਭਾਗਾਂ ਨੂੰ ਐਚ.ਐਲ.ਐਲ. ਰੇਟਾਂ ‘ਤੇ ਪੰਜਾਬ ਦੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੀਆਂ ਪੂਰੇ ਸਰੀਰ ਨੂੰ ਕਵਰ ਕਰਨ ਵਾਲੀਆਂ ਪੀ.ਪੀ.ਈ. ਕਿੱਟਾਂ ਦੇ ਆਰਡਰ ਦੇਣ ਦੀਆਂ ਹਦਾਇਤਾਂ ਜਾਰੀ ਕਰਨ ਲਈ ਆਖਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਮੰਤਰੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀਆਂ ਨੂੰ 25 ਮਈ, 2020 ਨੂੰ ਲਿਖੇ ਅਰਧ ਸਰਕਾਰੀ ਪੱਤਰ ਵਿੱਚ ਮੁਲਕ ਤੋਂ ਇਨ੍ਹਾਂ ਉਪਕਰਨਾਂ ਦੀ ਬਰਾਮਦ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ।

ਦੱਸਣਯੋਗ ਹੈ ਕਿ 128 ਮਨਜ਼ੂਰਸ਼ੁਦਾ ਨਿਰਮਾਣ ਯੂਨਿਟਾਂ ਦੀ ਮੌਜੂਦਾ ਸਮੇਂ ਇੱਕ ਦਿਨ ਵਿੱਚ 5,21,050 ਪੀ.ਪੀ.ਈ. ਕਿੱਟਾਂ ਬਣਾਉਣ ਦੀ ਸਮਰਥਾ ਹੈ। ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਮੁਤਾਬਕ ਨਿਰਮਾਤਾਵਾਂ ਕੋਲ ਕੁੱਲ ਸਮਰਥਾ ਵਧਾਉਣ ਦੀ ਯੋਗਤਾ ਤੋਂ ਇਲਾਵਾ ਬਰਾਮਦ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬਰਾਮਦ ਦੀ ਇਜਾਜ਼ਤ ਦੇਣ ਨਾਲ ਨਾ ਸਿਰਫ ਸੂਬੇ ਦੇ ਉਦਯੋਗ ਦੀ ਪੁਨਰ ਸੁਰਜੀਤੀ ਵਿੱਚ ਸਹਾਇਤਾ ਮਿਲੇਗੀ ਸਗੋਂ ਕੋਵਿਡ ਮਹਾਂਮਾਰੀ ਵਿਰੁੱਧ ਆਲਮੀ ਜੰਗ ਨੂੰ ਵੀ ਸਮਰਥਨ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।