Mother’s master | ਮਾਂ ਦਾ ਮਾਸਟਰ

Mother’s master | ਮਾਂ ਦਾ ਮਾਸਟਰ

ਕੁਲਦੀਪ ਇੱਕ ਗਰੀਬ ਪਰਿਵਾਰ ‘ਚ ਜੰਮਿਆ ਸੀ। ਗਰੀਬੀ ਦੀ ਦਲਦਲ ‘ਚ ਧੱਸਿਆ ਸਾਰਾ ਪਰਿਵਾਰ। ਕੱਚਾ ਜਿਹਾ ਘਰ ਮੀਂਹ ਦੇ ਹਟਣ ਤੋਂ ਬੜਾ ਸਮਾਂ ਪਿੱਛੋਂ ਵੀ ਚੋਂਦਾ ਰਹਿੰਦਾ ਵਿਹੜੇ ‘ਚ ਕਾਨਿਆਂ ਦਾ ਛੱਪਰ ਪਾਇਆ ਹੋਇਆ ਸੀ। ਜਿਸ ਦੇ ਹੇਠਾਂ ਇੱਕ ਵਹਿੜੀ ਤੇ ਬੱਛੜਾ ਬੰਨ੍ਹੇ ਹੁੰਦੇ ਸਨ। ਹਾਲਾਤ ਐਨੇ ਕਮਜ਼ੋਰ ਹੋਣ ਦੇ ਬਾਵਜੂਦ ਵੀ ਚੱਲੋ ਕੁਲਦੀਪ ਖਿੱਚ-ਧੂਹ ਨਾਲ ਬੀ. ਏ. ਪਾਸ ਕਰ ਗਿਆ। ਘਰ ਦੀ ਆਰਥਿਕ ਤੰਗੀ ਕਰਕੇ ਅਗਲਾ ਰਾਹ ਕੁੱਝ ਔਖਾ ਜਿਹਾ ਵਿਖਾਈ ਦੇਣ ਲੱਗਾ ਸੀ ਉਸਨੂੰ। ਕੋਰਸਾਂ ਦੇ ਝੰਜਟ ‘ਚ ਫਸਿਆ ਕੁਲਦੀਪ ਹਰ ਪਾਸੇ ਹੱਥ-ਪੈਰ ਮਾਰਦਾ। ਬਾਪੂ ਨਾਲ ਵੀ ਕੰਮ-ਕਾਰ ‘ਚ ਹੱਥ ਵਟਾਉਂਦਾ, ਡੰਗਰ-ਪਸ਼ੂ ਵੀ ਸੰਭਾਲਣੇ।

Mother’s master | ਮਾਂ ਦਾ ਮਾਸਟਰ

ਖੇਤੀ ਵਿੱਚੋਂ ਵੀ ਕੁੱਝ ਖਾਸ ਆਮਦਨ ਨਾ ਹੁੰਦੀ। ਘਰੇ ਦੋ ਭੈਣਾਂ ਮਹਿੰਗਾਈ ਤੇ ਬੇਰੁਜ਼ਗਾਰੀ ਵਾਂਗ ਵਧਦੀਆਂ ਜਾਂਦੀਆਂ ਸਨ। ਆਰਥਿਕ ਤੰਗੀ ਦਿਨੋ- ਦਿਨ ਸਿਖਰਾਂ ‘ਤੇ ਸੀ। ਕੁਲਦੀਪ ਨੂੰ ਕੋਈ ਰਾਹ ਨਾ ਦਿਸੇ ਕਿ ਕਰਾਂ ਤਾਂ ਕੀ ਕਰਾਂ…! ਕਿਸੇ ਨੇ ਉਹਨੂੰ ਸਲਾਹ ਦਿੰਦਿਆਂ ਆਖਿਆ ਕਿ, ਬੀ. ਐਡ ਕਰ ਲੈ, ਮਾਸਟਰੀ ਦਾ ਕੋਰਸ ਕਿਹਾ ਜਾਂਦਾ, ਪੜ੍ਹਾਈ ਵਿੱਚ ਤੂੰ ਹੁਸ਼ਿਆਰ ਆ ਪਾਸ ਹੋ ਜਾਵੇਂਗਾ। ਕੁਲਦੀਪ ਨੇ ਇਹ ਗੱਲ ਘਰੇ ਪਰਿਵਾਰ ਵਿੱਚ ਕੀਤੀ। ਘਰੇ ਸਾਰਾ ਕੁੱਝ ਦੱਸਿਆ ਕਿ ਖਰਚਾ ਐਵੇਂ ਹੋਣਾ।

ਔਖ-ਸੌਖ ਕਰਕੇ ਪਰਿਵਾਰ ਨੇ ਬੀ. ਐਡ ਵਿੱਚ ਕੁਲਦੀਪ ਦਾ ਦਾਖਲਾ ਕਰਵਾ ਦਿੱਤਾ। ਕੁੱਝ ਸਮੇਂ ਵਿੱਚ ਹੀ ਕਲਾਸਾਂ ਸ਼ੁਰੂ ਹੋ ਗਈਆਂ। ਕੁਲਦੀਪ ਵਧੀਆ ਢੰਗ-ਤਰੀਕੇ ਨਾਲ ਮਾਸਟਰੀ ਦੇ ਕੋਰਸ ਦੇ ਹਿਸਾਬ ਨਾਲ ਤਿਆਰ ਹੋ ਕੇ ਘਰੋਂ ਜਾਇਆ ਕਰੇ। ਨੇੜੇ-ਤੇੜੇ ਘਰਾਂ ਦੇ ਲੋਕ ਵੇਖਿਆ ਕਰਨ ਕਿ ਮੁੰਡਾ ਕਿਸੇ ਕੰਮ ‘ਤੇ ਲੱਗ ਗਿਆ ਪਰ ਪਤਾ ਨਹੀਂ ਸੀ ਕਿ ਪੜ੍ਹ ਰਿਹਾ ਹੈ। ਕੁਲਦੀਪ ਦੀ ਮਾਂ ਨੂੰ ਕੋਈ ਆਂਢ-ਗੁਆਂਢ ‘ਚ ਜਾਂ ਕੋਈ ਸਕੀਰੀ ‘ਚੋਂ ਪੁੱਛੇ ਕੁਲਦੀਪ ਬਾਰੇ ਤਾਂ ਝੱਟ ਦੱਸਿਆ ਕਰੇ ਖੁਸ਼ ਹੋ ਕੇ ਕਿ, ਕੁਲਦੀਪ ਤਾਂ ਮਾਸਟਰ ਬਣੂ ਹੁਣ, ਓਹਦੀ ਪੜ੍ਹਾਈ ਕਰਦਾ! ਮਾਂ ਦੇ ਦੱਸਦੀ ਦੇ ਚਾਅ ਨਾ ਸੰਭਾਲੇ ਜਾਇਆ ਕਰਨ।

Mother’s master | ਮਾਂ ਦਾ ਮਾਸਟਰ

ਕੁਲਦੀਪ ਕਾਲਜ ਵਿੱਚ ਪੜ੍ਹਾਈ ਕਰਿਆ ਕਰੇ ਤੇ ਕਾਲਜ ‘ਚੋਂ ਆ ਕੇ ਬਾਪੂ ਨਾਲ ਖੇਤੀ ਦਾ ਕੰਮ ਕਰਵਾਇਆ ਕਰੇ। ਘਰ ਦੀਆਂ ਬਾਕੀ ਹੋਰ ਜਿੰਮੇਵਾਰੀਆਂ ਵੀ ਨਿਭਾਇਆ ਕਰੇ। ਕਾਲਜ ਦੇ ਵਿੱਚ ਵਧੀਆ ਦੋਸਤ ਬਣ ਗਏ, ਜਿਨ੍ਹਾਂ ਨਾਲ ਉਹ ਹਾਸਾ-ਠੱਠਾ ਕਰਦਾ। ਹਰ ਰੋਜ਼ ਮਿਲ ਕੇ ਮੁੜਦਾ ਤੇ ਜਾ ਕੇ ਮਿਲਦਾ। ਜਿਵੇਂ ਕੁਲਦੀਪ ਪਹਿਲਾਂ ਤਣਾਓ ‘ਚ ਰਹਿੰਦਾ ਸੀ, ਹੁਣ ਓਹਦੇ ਵਿੱਚ ਕੁੱਝ ਬਦਲਾਓ ਆ ਗਿਆ ਸੀ। ਉਹ ਦੋਸਤਾਂ ਵਿੱਚ ਕੁੱਝ ਖੁਸ਼ ਰਹਿਣਾ ਸਿੱਖ ਗਿਆ। ਹਰ ਰੋਜ਼ ਪੜ੍ਹਨ ਜਾਇਆ ਕਰੇ। ਚੱਲੋ ਜੀ ਐਂਵੇਂ ਕਰਦੇ-ਕਰਵਾਉਂਦੇ ਕੁਲਦੀਪ ਦੇ ਆਖਰੀ ਇਮਤਿਹਾਨ ਹੋ ਗਏ। ਉਹ ਇਮਿਤਿਹਾਨ ਦੇ ਕੇ ਖੇਤ ਬਾਪੂ ਨਾਲ ਖੇਤੀ ਦੇ ਕੰਮਾਂ ਵਿੱਚ ਰੁੱਝ ਗਿਆ। ਪੇਪਰ ਹੋਇਆਂ ਨੂੰ ਬੜਾ ਸਮਾਂ ਬੀਤ ਗਿਆ। ਕੁਲਦੀਪ ਵੀ ਆਪਣੇ ਨਤੀਜੇ ਦੇ ਇੰਤਜਾਰ ਵਿੱਚ ਸੀ। ਜੋ ਦੋਸਤ ਉਸ ਨਾਲ ਹਰ ਪਲ ਨਾਲ ਰਹਿੰਦੇ ਸੀ ਉਹ ਵੀ ਉਸਨੂੰ ਕਦੇ ਨਾ ਫੋਨ ਕਰਦੇ ਸੀ।

ਇੱਕ ਦਿਨ ਉਹ ਖੇਤ ਕੰਮ ਕਰ ਰਿਹਾ ਸੀ ਕਿ ਇੱਕ ਫੋਨ ਆਇਆ ਜੋ ਕਿ ਓਹਦੇ ਕਿਸੇ ਦੋਸਤ ਨੇ ਕੀਤਾ ਸੀ। ਜਿਸ ਨੇ ਕਿਹਾ, ਆਪਣਾ ਨਤੀਜਾ ਆ ਗਿਆ ਤੇ ਆਪਾਂ ਪਾਸ ਹੋ ਗਏ, ਨਾਲੇ ਤੇਰੇ ਕੰਨੀ ਪਾਰਟੀ ਹੋ ਗਈ, ਤੂੰ ਸਾਰੀ ਕਲਾਸ ‘ਚੋਂ ਅੱਵਲ ਰਿਹਾ ਐਂ….। ਕੁਲਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

Mother’s master | ਮਾਂ ਦਾ ਮਾਸਟਰ

ਸੂਰਜ ਛਿਪਣ ਦੇ ਕਿਨਾਰੇ ਸੀ ਤੇ ਉਸ ਨੂੰ ਭੁੱਖ ਵੀ ਜ਼ੋਰਾਂ ਦੀ ਲੱਗੀ ਸੀ। ਕੰਮ ਜਿਹਾ ਕਰਕੇ ਸੰਦ-ਸੰਦੇੜਾ ਸੰਭਾਲ ਕੇ ਕੁਲਦੀਪ ਘਰ ਨੂੰ ਚੱਲ ਪਿਆ। ਐਨੀ ਖੁਸ਼ੀ ਸੀ ਉਸ ਅੰਦਰ ਕਿ ਧਰਤੀ ਪੈਰ ਨਾ ਲੱਗਣ। ਘਰ ਵੜਦਿਆਂ ਦੇਖਿਆ ਕਿ ਮਾਂ ਰੋਟੀ ਬਣਾ ਰਹੀ ਸੀ। ਦਿਨ ਭਰ ਜ਼ੋਰ ਦਾ ਕੰਮ ਕਰਨ ਤੇ ਭੁੱਖ ਲੱਗੀ ਹੋਣ ਕਰਕੇ ਕੁਲਦੀਪ ਆਉਂਦਾ ਹੀ ਮਾਂ ਕੋਲ ਚੁੱਲ੍ਹੇ ਕੋਲ ਹੀ ਰੋਟੀ ਖਾਣ ਲਈ ਲਿੱਬੜਿਆ-ਤਿੱਬੜਿਆ ਹੀ ਬੈਠ ਗਿਆ। ਉਸਨੇ ਮਾਂ ਨੂੰ ਰੋਟੀ ਪਾਉਣ ਲਈ ਕਿਹਾ ਤੇ ਰੋਟੀ ਦੀ ਬੁਰਕੀ ਮੂੰਹ ‘ਚ ਪਾਉਂਦਿਆਂ ਆਪਣੀ ਮਾਂ ਨੂੰ ਦੱਸਿਆ ਕਿ, ਮਾਂ ਮੇਰਾ ਮਾਸਟਰੀ ਆਲੇ ਕੋਰਸ ਦਾ ਨਤੀਜਾ ਆ ਗਿਆ। ਜਿਸ ਵਿੱਚੋਂ ਮਾਂ ਤੇਰਾ ਕੁਲਦੀਪ ਪੁੱਤ ਵੀ ਪਾਸ ਹੋ ਗਿਆ। ਗੱਲ ਸੁਣ ਕੇ ਮਾਂ ਦੇ ਚਿਹਰੇ ‘ਤੇ ਖੁਸ਼ੀ ਛਾ ਗਈ। ਮਾਂ ਦੀ ਖੁਸੀ ਦੀ ਕੋਈ ਹੱਦ ਹੀ ਨਾ ਰਹੀ।

ਤੂੰ ਮਾਸਟਰ ਲੱਗ ਗਿਆ

ਮਾਂ ਉਸਦੀ ਦਾਲ ਆਲੀ ਬਾਟੀ ‘ਚ ਦਾਲ ਦੀ ਕੜਛੀ ਪਾਉਂਦੀ ਬੋਲੀ, ‘ਪੁੱਤ ਕੁਲਦੀਪ, ਤੂੰ ਮਾਸਟਰ ਲੱਗ ਗਿਆ, ਪੁੱਤ ਹੁਣ ਤੂੰ ਤੇਰੇ ਪਿਓ ਨੂੰ ਕਰਜੇ ਦੀ ਪੰਡ ਹੇਠੋਂ ਕੱਢ ਦੇਵੇਂਗਾ, ਘਰ ਦੀ ਹਾਲਤ ਸੁਧਰ ਜਾਵੇਗੀ ਹੁਣ ਆਪਣੇ ਦੀ, ਆਪਾਂ ਇਹ ਕੱਚਾ ਘਰ ਵਧੀਆ ਬਣਾ ਲਵਾਂਗੇ, ਤੇ ਜੋ ਜ਼ਮੀਨ ਸ਼ਰੀਕਾਂ ਕੋਲ ਗਹਿਣੇ ਪਈ ਆ, ਓਹਨੂੰ ਵੀ ਛੁਡਵਾ ਲਵਾਂਗੇ ਤੇ ਨਾਲੇ ਤੇਰੀਆਂ ਭੈਣਾਂ ਦਾ ਵਿਆਹ….!’ ਐਨਾ ਕੁੱਝ ਕੁਲਦੀਪ ਸੁਣਦਾ ਰਿਹਾ ਤੇ ਰੋਟੀ ਲੈ ਕੇ ਅੰਦਰ ਚਲਾ ਗਿਆ।

Mother’s master

ਅੰਦਰ ਜਾ ਕੇ ਕੁਲਦੀਪ ਦੀ ਰੋਟੀ ਗਲ਼ ‘ਚ ਈ ਫਸ ਗਈ ਤੇ ਉਸਦੀ ਧਾਹ ਨਿੱਕਲ ਗਈ ਤੇ ਖਿਆਲਾਂ ‘ਚ ਗੁਆਚਿਆ ਸੋਚਣ ਲੱਗਾ,
ਓਏ ਕੁਲਦੀਪ ਸਿਆਂ, ਮਾਂ ਨੇ ਕੀ-ਕੀ ਸੁਪਨੇ ਸਜਾ ਰੱਖੇ ਨੇ, ਕਿੰਨਾ ਕੁਝ ਸੋਚੀ ਬੈਠੀ ਆ ਮੇਰੀ ਨੌਕਰੀ ਨੂੰ ਲੈ ਕੇ…! ਇੱਕ ਤਾਂ ਦਿਲ ਕਰਦਾ ਕਿ ਮਾਂ ਨੂੰ ਕਹਿ ਦੇਵਾਂ ਕਿ, ਮਾਂ, ਅਜੇ ਤਾਂ ਮੈਂ ਬੇਰੁਜ਼ਗਾਰਾਂ ਦੀ ਲਾਈਨ ‘ਚ ਖੜ੍ਹਾ ਹੋਇਆ ਹਾਂ, ਅਜੇ ਤਾਂ ਤੇਰੇ ਮਾਸਟਰ ਪੁੱਤ ਨੂੰ ਸਰਕਾਰਾਂ ਦੀਆਂ ਵਧੀਕੀਆਂ ਝੱਲਣੀਆਂ ਨੇ, ਟੈਸਟ ਦੇਣੇ ਪੈਣਗੇ ਅਜੇ ਤਾਂ, ਟੈਸਟ ਕਲੀਅਰ ਕਰਕੇ ਫੇਰ ਆਪਣੇ ਹੱਕ ਲਈ ਆਵਾਜ਼ ਉਠਾਉਣੀ ਪਵੇਗੀ ਤੇ ਡਾਂਗਾਂ ਖਾਣੀਆਂ ਪੈਣਗੀਆਂ, ਰੈਲੀਆਂ ਧਰਨੇ ਕਰਨੇ ਪੈਣਗੇ ਤੇਰੇ ਮਾਸਟਰ ਪੁੱਤ ਨੂੰ…! ਪਰ ਕਹਿਣ ਦਾ ਐਨਾ ਜੇਰਾ ਨਹੀਂ ਪੈ ਰਿਹਾ ਸੀ। ਕੁਲਦੀਪ ਦੇ ਹੱਥ ‘ਚ ਬੁਰਕੀ ਫੜੀ ਰਹਿ ਗਈ ਤੇ ਉਹ ਆਪਣੀ ਮਾਂ ਦੇ ਸਜਾਏ ਸੁਪਨਿਆਂ ਬਾਰੇ ਤੇ ਮਾਸਟਰ ਬਣਨ ਦੀ ਹਕੀਕਤ ਬਾਰੇ ਸੋਚਦਾ ਸੋਚਦਾ ਲਿੱਬੜਿਆ-ਤਿੱਬੜਿਆ ਮੰਜੇ ‘ਤੇ ਲੰਮਾ ਪੈ ਗਿਆ….।

ਮੱਖਣ ਸ਼ੇਰੋਂ ਵਾਲਾ, ਸ਼ੇਰੋਂ, ਸੰਗਰੂਰ।
ਮੋ. 98787-98726

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.