ਮਾਂ ਦੀਆਂ ਵਾਲੀਆਂ

ਮਾਂ ਦੀਆਂ ਵਾਲੀਆਂ

ਹਰ ਮਾਂ ਦੀ ਆਖ਼ਰੀ ਇੱਛਾ ਹੁੰਦੀ ਹੈ ਕਿ ਮੇਰੀ ਧੀ ਨੂੰ ਬੁਲਾ ਲੈਣਾ, ਜਾਂਦੀ ਵਾਰੀ ਦਾ ਸਿਰ ਪਲੋਸ ਦੂੰਗੀ, ਬੁੱਕਲ ’ਚ ਲੈ ਕੇ ਪਿਆਰ ਕਰਲੂੰਗੀ… ਉਸ ਨੂੰ ਮੈਂ ਕਦੇ ਖ਼ਾਲੀ ਹੱਥ ਨਹੀਂ ਤੋਰਿਆ… ਆ ਮੇਰੇ ਕੰਨਾਂ ਦੀਆਂ ਵਾਲੀਆਂ ਉਸ ਦੀ ਨਿਮਿਤ ਹੀ ਰੱਖੀਆਂ ਨੇ, ਉਸ ਨੂੰ ਹੀ ਦੇ ਦਿਓ। ਸਰਦਾਰਨੀ ਹਰਬੰਸ ਕੌਰ, ਜੋ ਤਿੰਨ ਸੌ ਕਿਪਲਿਆਂ ਦੀ ਮਾਲਕਨ, ਆਪਣੀ ਜ਼ਿੰਦਗੀ ਦੇ ਅੱਠ ਦਹਾਕੇ ਭੋਗ ਚੁੱਕੀ ਸੀ, ਹੁਣ ਕਈ ਮਹੀਨਿਆਂ ਤੋਂ ਮੰਜੇ ’ਤੇ ਹੋਣ ਕਰਕੇ ਉਹ ਆਪਣੀ ਧੀ ਨੂੰ ਬਹੁਤ ਯਾਦ ਕਰਦੀ ਰਹਿੰਦੀ ਸੀ।

ਨੇੜੇ ਜਿਹੇ ਪਿੰਡ ਵਿਆਹੀ ਹੋਣ ਕਰਕੇ ਉਸ ਦੀ ਧੀ ਮਲਕੀਤ ਵੀ ਜਲਦੀ ਹੀ ਗੇੜਾ ਮਾਰ ਲੈਂਦੀ ਸੀ। ਕੋਈ ਵੀ ਮਾਂ ਬੇਸ਼ੱਕ ਕਿੰਨੇ ਵੀ ਭਰੇ ਪਰਿਵਾਰ ’ਚ ਬੈਠੀ ਹੋਵੇ, ਉਹ ਆਪਣੀ ਧੀ ਦੀ ਕਮੀ ਨੂੰ ਹਮੇਸ਼ਾ ਹੀ ਮਹਿਸੂਸ ਕਰਦੀ ਰਹਿੰਦੀ ਹੈ। ਇਸ ਦਾ ਵੱਡਾ ਕਾਰਨ ਹੈ ਕਿ ਜੋ ਗੱਲਾਂ ਉਹ ਆਪਣੇ ਨੂੰਹਾਂ-ਪੁੱਤਾਂ ਤੇ ਪੋਤੇ-ਪੋਤੀਆਂ ਨਾਲ ਨਹੀਂ ਕਰ ਸਕਦੀ ਉਹ ਆਪਣੀ ਧੀ ਨਾਲ ਸਾਂਝੀਆਂ ਕਰ ਲੈਂਦੀ ਹੈ। ਮਾਂ ਦੀਆਂ ਭਾਵਨਾਵਾਂ ਜੇ ਕੋਈ ਸਮਝਦਾ ਹੈ ਤਾਂ ਉਹ ਧੀ ਹੀ ਹੈ।

ਕੇਵਲ ਖਾਣਾ-ਪੀਣਾ ਤੇ ਘਰੇਲੂ ਆਰਾਮਦਾਇਕ ਮਾਹੌਲ ਨਾਲ ਜਿੰਦਗੀ ਨਹੀਂ ਕੱਟੀ ਜਾਂਦੀ, ਲੋੜ ਹੁੰਦੀ ਹੈ ਸਾਥ ਦੀ, ਸਮਾਂ ਦੇਣ ਦੀ, ਜੋ ਅੱਜ-ਕੱਲ੍ਹ ਕਿਸੇ ਕੋਲ ਵੀ ਨਹੀਂ ਹੈ। ਇੱਕ ਧੀ ਹੀ ਹੈ ਜੋ ਆਪਣੀ ਮਾਂ ਨੂੰ ਪਿਆਰ ਦੇ ਨਾਲ-ਨਾਲ ਵਕਤ ਵੀ ਦਿੰਦੀ ਤੇ ਉਸ ਦੀਆਂ ਭਾਵਨਾਵਾਂ ਨੂੰ ਵੀ ਸਮਝਦੀ ਹੈ। ਸਰਦਾਰਨੀ ਹਰਬੰਸ ਕੌਰ ਦੇ ਅਚਾਨਕ ਪੂਰੇ ਹੋ ਜਾਣ ’ਤੇ ਉਸ ਦੀ ਧੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ।

ਮਾਂ-ਧੀ ਦੇ ਇਸ ਵਿਛੋੜੇ ਦਾ ਸਾਰਿਆਂ ਨੂੰ ਹੀ ਬਹੁਤ ਦੁੱਖ ਸੀ ।ਭੋਗ ਤੱਕ ਮਲਕੀਤ ਆਪਣੇ ਪੇਕੇ ਘਰ ਹੀ ਰਹੀ। ਸ਼ਰੀਕੇ ਭਾਈਚਾਰੇ ਕਰਕੇ ਗੱਲਾਂ ਕਿੱਥੇ ਗੁੱਝੀਆਂ ਰਹਿੰਦੀਆਂ ਨੇ, ਕਿਸੇ ਨੇ ਮਲਕੀਤ ਨੂੰ ਦੱਸ ਦਿੱਤਾ ਕਿ ਤੇਰੀ ਮਾਂ ਦੋ ਦਿਨ ਔਖੀ ਹੋਈ ਸੀ… ਉਸ ਨੂੰ ਜਦੋਂ ਵੀ ਸੁਰਤ ਆਉਂਦੀ ਸੀ ਉਹ ਅੱਖਾਂ ਖੋਲ੍ਹ ਕੇ ਪੁੱਛਦੀ ਸੀ, ‘‘ਮੇਰੀ ਮਲਕੀ ਨੀ ਆਈ… ਉਹ ਤਾਂ ਮੇਰਾ ਸੁਣ ਕੇ ਪੈਰ ਜੁੱਤੀ ਨੀ ਪਾਉਂਦੀ ਸੀ… ਦੇਰ ਕਿਵੇਂ ਕਰਤੀ… ਸੱਚ ਧੀਏ ਤੈਨੂੰ ਉਡੀਕਦੀ ਮਰ ਗਈ… ਤਾਈਓਂ ਤਾਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸੀ…।’’

ਫੇਰ ਕਿਸੇ ਨੇ ਦੱਸਿਆ ਕਿ ਤੇਰੀਆਂ ਦੋਹਾਂ ਭਾਬੀਆਂ ਨੇ ਮਾਂ ਦੀਆਂ ਡੇਢ ਤੋਲੇ ਦੀਆਂ ਵਾਲੀਆਂ ਲੈਣ ਲਈ ਤੈਨੂੰ ਬੁਲਾਇਆ ਨਹੀਂ, ਕਹਿੰਦੀਆਂ, ‘‘ਇਹ ਤਾਂ ਸਾਡਾ ਹੱਕ ਬਣਦਾ ਹੈ।’’ ‘‘ਹਾਏ ਰੱਬਾ! ਡੇਢ ਤੋਲੇ ਸੋਨੇ ਪਿੱਛੇ ਮੈਨੂੰ ਮੇਰੀ ਮਾਂ ਨਾਲ ਨਹੀਂ ਮਿਲਾਇਆ ਉਹ ਵੀ ਆਖ਼ਰੀ ਵਾਰ… ਕਿੰਨਾ ਤੜਫੀ ਹੋਊਗੀ ਮੇਰੀ ਮਾਂ… ਮੈਨੂੰ ਬੁੱਕਲ ਲੈਣ ਲਈ… ਵਿਚਾਰੀ ਬੇਵੱਸ ਤੇ ਮਜ਼ਬੂਰ ਹੋ ਕੇ ਰਹਿ ਗਈ ਹੋਵੇਗੀ।’’

ਮਲਕੀਤ ਸਹੁਰੇ ਘਰ ਆ ਗਈ ਸੀ ਪਰ ਮਾਂ ਦੇ ਵਿਛੋੜੇ ਦੇ ਸੱਲ ਨੇ ਉਸ ਨੂੰ ਅੱਧਮਰੀ ਕਰ ਦਿੱਤਾ ਸੀ। ਉਸ ਨੂੰ ਜਦ ਵੀ ਆਪਣੀ ਮਾਂ ਦੀ ਬੇਵਸੀ ਯਾਦ ਆਉਂਦੀ ਉਹ ਉੱਠ ਕੇ ਬਹਿ ਜਾਂਦੀ। ਉਸ ਦਾ ਦਿਲ ਕਰਦਾ ਉਹ ਨੰਗੇ ਪੈਰ ਸ਼ਮਸ਼ਾਨਘਾਟ ’ਚ ਭੱਜੀ ਜਾਵੇ ਤੇ ਆਪਣੀ ਮਾਂ ਨੂੰ ਆਖੇ, ‘‘ਆਹ ਲੈ ਮਾਂ ਮੈਂ ਆ ਗਈ, ਇੱਕ ਵਾਰ ਬੱਸ ਇਕ ਵਾਰ ਮੈਨੂੰ ਆਪਣੀ ਬੁੱਕਲ ’ਚ ਲੈ-ਲੈ…।’’

ਫੇਰ ਇੱਕ ਦਿਨ ਅਚਾਨਕ ਉਸ ਨੇ ਆਪਣੇ ਹੰਝੂ ਪੂੰਝੇ ਅਤੇ ਆਪਣੇ ਪਰਿਵਾਰਕ ਵਕੀਲ ਨੂੰ ਫੋਨ ਕਰਕੇ ਘਰ ਬੁਲਾ ਲਿਆ ਉਸ ਨਾਲ ਰਾਇ-ਮਸ਼ਵਰਾ ਕਰਕੇ ਪੂਰਾ ਕੇਸ ਤਿਆਰ ਕਰਵਾ ਕੇ ਆਪਣੇ ਪੇਕੇ ਘਰ ਭੇਜ ਦਿੱਤਾ। ਕੁੱਝ ਦਿਨਾਂ ਬਾਅਦ ਹੀ ਉਸ ਦਾ ਪੇਕਾ ਪਰਿਵਾਰ ਤੇ ਨਾਲ ਕੋਈ ਵੀਹ-ਪੱਚੀ ਜਣੇ ਉਹਨਾਂ ਦੇ ਘਰ ਆ ਗਏ। ਸਾਰੇ ਇਸ ਗੱਲ ’ਤੇ ਹੈਰਾਨ ਸਨ ਕਿ ਮਲਕੀਤ ਨੇ ਆਪਣਾ ਹਿੱਸਾ ਕਿਉਂ ਮੰਗ ਲਿਆ ਜਦ ਕਿ ਉਹ ਤਾਂ ਪੰਜ ਸੌ ਕਿੱਲਿਆਂ ਦੀ ਮਾਲਕਣ ਹੈ। ਸਰਪੰਚਾਂ ਅਤੇ ਵਕੀਲਾਂ ਨੇ ਬਥੇਰਾ ਸਮਝਾਇਆ ਪਰ ਮਲਕੀਤ ਟੱਸ ਤੋਂ ਮੱਸ ਨਾ ਹੋਈ। ਉਸ ਦੇ ਭਰਾ-ਭਰਜਾਈਆਂ ਨੂੰ ਭਾਜੜਾਂ ਪੈ ਗਈਆਂ ਸਨ ਕਿਉਂਕਿ ਸੌ ਕਿੱਲਾ ਮਲਕੀਤ ਦੇ ਹਿੱਸੇ ਆਉਂਦਾ ਸੀ।

ਫੇਰ ਇੱਕ ਦਿਨ ਉਸ ਦੇ ਭਰਾ ਕਿਸੇ ਮੰਤਰੀ ਨੂੰ ਨਾਲ ਲੈ ਕੇ ਆਏ। ਉਸ ਨੇ ਬਹੁਤ ਹੀ ਪਿਆਰ ਨਾਲ ਪੁੱਛਿਆ ਕਿ ਧੀਏ ਤੈਨੂੰ ਜਮੀਨ ਦੀ ਲੋੜ ਤਾਂ ਹੈ ਨਹੀਂ, ਫੇਰ ਇਸ ਪਿੱਛੇ ਕੀ ਕਾਰਨ ਹੈ, ਤੂੰ ਮੈਨੂੰ ਦੱਸ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਇਨਸਾਫ ਕਰਾਂਗਾ। ਮਲਕੀਤ ਦੀਆਂ ਭੁੱਬਾਂ ਨਿੱਕਲ ਗਈਆਂ ਉਸ ਨੇ ਹਟਕੋਰੇ ਲੈਂਦੀ ਨੇ ਸਾਰੀ ਗੱਲ ਦੱਸੀ ਅਤੇ ਨਾਲ ਇਹ ਵੀ ਕਿਹਾ ਕਿ, ਮੈਨੂੰ ਤਾਂ ਭਾਬੀਆਂ ਨੇ ਸਿਖਾਇਆ ਕਿ ਬੇਸ਼ੱਕ ਕੋਈ ਮਰਦਾ ਮਰ ਜਾਵੇ ਪਰ ਆਪਣਾ ਹੱਕ ਨਹੀਂ ਛੱਡੀਦਾ, ਇੱਕ ਡੇਢ ਤੋਲੇ ਸੋਨੇ ਪਿੱਛੇ ਮੇਰੀ ਮਾਂ ਦੀ ਆਖਰੀ ਇੱਛਾ ਪੂਰੀ ਨਹੀਂ ਕੀਤੀ ਇਨ੍ਹਾਂ ਨੇ… ਮੈਨੂੰ ਮਿਲਾ ਤਾਂ ਦਿੰਦੀਆਂ ਵਾਲੀਆਂ ਤਾਂ ਮੈਂ ਆਪ ਹੀ ਦੇ ਦੇਣੀਆਂ ਸੀ।

ਮੈਂ ਸਾਰਾ ਕੇਸ ਵਾਪਸ ਲੈ ਲਵਾਂਗੀ, ਬੱਸ ਇੱਕ ਵਾਰ ਮੇਰੀ ਮਾਂ ਨਾਲ ਗੱਲ ਕਰਵਾ ਦੇਣ… ਉਹ ਤਾਂ ਤੜਫਦੀ ਗਈ ਤੇ ਮੈਂ ਸਾਰੀ ਉਮਰ ਤੜਫਦੀ ਰਹਾਂਗੀ… ਮੈਂ ਸੋਚਿਆ ਕਿ ਮੈਂ ਹਿੱਸੇ ਦੀ ਜਮੀਨ ਲੈ ਕੇ ਉੱਥੇ ਮਾਂ ਦੀ ਯਾਦ ਵਿਚ ਆਸ਼ਰਮ ਬਣਵਾ ਦਿਆਂ ਜਿਸ ਦਾ ਨਾਂਅ ਰੱਖਾਂ ‘ਮਾਂ ਦੀਆਂ ਵਾਲੀਆਂ’ ਤਾਂ ਕਿ ਅੱਗੇ ਤੋਂ ਕੋਈ ਵੀ ਲਾਲਚ ਕਰਕੇ ਅਜਿਹਾ ਕੰਮ ਨਾ ਕਰੇ।

ਮਲਕੀਤ ਨੇ ਦੇਖਿਆ ਮੰਤਰੀ ਤੇ ਉਸ ਦੇ ਨਾਲ ਖੜ੍ਹੇ ਪਤਵੰਤੇ ਸੱਜਣਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਉਸ ਦੀਆਂ ਭਾਬੀਆਂ ਸ਼ਰਮ ਨਾਲ ਧਰਤੀ ’ਚ ਗੱਡੀਆਂ ਪਈਆਂ ਸੀ ਤੇ ਚੁੰਨੀ ਨਾਲ ਅੱਖਾਂ ਪੂੰਝ ਰਹੀਆਂ ਸਨ। ਫੇਰ ਦੋਹਾਂ ਭਰਾਵਾਂ ਨੇ ਅੱਗੇ ਹੋ ਕੇ ਉਸ ਨੂੰ ਗਲ ਨਾਲ ਲਾ ਲਿਆ ਤੇ ਕਿਹਾ, ‘‘ਭੈਣੇ ਤੇਰੀ ਇਹ ਇੱਛਾ ਅਸੀਂ ਜਰੂਰ ਪੂਰੀ ਕਰਾਂਗੇ ਬੇਸ਼ੱਕ ਸਾਡੀ ਜਮੀਨ ਵੀ ਤੂੰ ਨਾਲ ਲੈ ਲਵੀਂ ਪਰ ਰੱਬ ਦੇ ਵਾਸਤੇ ਤੂੰ ਸਾਡੇ ਨਾਲੋਂ ਟੁੱਟੀ ਨਾ… ਸਾਡੇ ਤੋਂ ਦੋ ਸੱਲ ਝੱਲੇ ਨੀ ਜਾਣੇ।’’ ਮੰਤਰੀ ਨੇ ਜੇਬ੍ਹ ’ਚੋਂ ਵਾਲੀਆਂ ਕੱਢੀਆਂ ਤੇ ਕਿਹਾ, ‘‘ਲੈ ਧੀਏ ਆਵਦੀ ਮਾਂ ਦਾ ਆਖਰੀ ਸ਼ਗਨ… ਉਸ ਦੀ ਆਤਮਾ ਦੀ ਸ਼ਾਂਤੀ ਵਾਸਤੇ ਫੜ ਲੈ ਇਨਕਾਰ ਨਾ ਕਰੀਂ…।’’
ਮਨਜੀਤ ਕੌਰ ਬਰਾੜ, ਗਿੱਦੜਬਾਹਾ
ਮੋ. 82888-42066

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ