ਦੋ ਭਰਾਵਾਂ ‘ਚ ਰਸਤੇ ਦੇ ਵਿਵਾਦ ਕਾਰਨ ਮਾਂ-ਪੁੱਤ ਦਾ ਕਤਲ

Mother-son, Murder, Dispute, Brothers, Crime

ਨੂੰਹ-ਸਹੁਰਾ ਹੋਏ ਜ਼ਖਮੀ, ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕੀਤਾ ਰੈਫਰ

  • ਪੁਲਿਸ ਜਾਂਚ ‘ਚ ਜੁੱਟੀ

ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੀ ਢਾਣੀ ਲਲਿਆਣੀਆਂ ਵਾਲੀ ਵਿਖੇ ਦੋ ਭਰਾਵਾਂ ‘ਚ ਚੱਲ ਰਹੇ ਰਸਤੇ ਦੇ ਵਿਵਾਦ ‘ਚ ਵੱਡੇ ਭਰਾ ਵੱਲੋਂ ਛੋਟੇ ਭਰਾ ਦੇ ਪਰਿਵਾਰ ‘ਤੇ ਹਮਲਾ ਕਰਕੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਨੁੰਹ-ਸਹੁਰੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਹਨਾਂ ਨੂੰ ਫਰੀਦਕੋਟ ਮੈਡੀਕਲ ‘ਚ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਸਹੁਰਾ ਸੇਵਾ ਸਿੰਘ ਦਾ ਉਹਨਾਂ ਦੇ ਵੱਡੇ ਭਰਾ ਮਹਿੰਦਰ ਸਿੰਘ ਨਾਲ ਘਰ ਨੂੰ ਜਾਂਦੇ ਰਸਤੇ ਦਾ ਝਗੜਾ ਚੱਲਦਾ ਆ ਰਿਹਾ ਸੀ ਬੀਤੀ ਸ਼ਾਮ ਵੀ ਦੋਹਾਂ ਧਿਰਾਂ ਦਾ ਇਸ ਗੱਲ ਨੂੰ ਲੈ ਕੇ ਬੋਲ ਬੁਲਾਰਾ ਹੋਇਆ ਸੀ ਅਤੇ ਮਹਿੰਦਰ ਸਿੰਘ ਵੱਲੋਂ ਪਰਿਵਾਰ ਨੂੰ ਨਤੀਜਾ ਭੁਗਤਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਪੜ੍ਹਾਈ ਅੱਧ ਵਿਚਾਲੇ ਛੱਡਣ ਦਾ ਵਧਦਾ ਰੁਝਾਨ

ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮਹਿੰਦਰ ਸਿੰਘ ਨੇ ਸੇਵਾ ਸਿੰਘ ਦੇ ਘਰ ਨੂੰ ਜਾਣ ਵਾਲਾ ਰਸਤਾ ਪਸ਼ੂਆਂ ਵਾਲੀ ਲੱਕੜ ਦੀ ਖੁਰਲੀ ਰੱਖ ਕੇ ਬੰਦ ਕਰ ਦਿੱਤਾ ਇਸ ਦੌਰਾਨ ਸੇਵਾ ਸਿੰਘ ਨੇ ਜਦੋਂ ਮਹਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮਹਿੰਦਰ ਸਿੰਘ ਨੇ ਆਪਣੇ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਉਸ ‘ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਸੇਵਾ ਸਿੰਘ ਨੂੰ ਬਚਾਉਣ ਲਈ ਉਸਦਾ ਲੜਕਾ ਗੁਰਮੇਲ ਸਿੰਘ ਅਤੇ ਉਸਦੀ ਮਾਂ ਨਿਸ਼ਾਨ ਕੌਰ ਅੱਗੇ ਆਏ ਤਾਂ ਉਕਤ ਹਮਲਾਵਰਾਂ ਨੇ ਉਨ੍ਹਾਂ ‘ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕਰਕੇ ਮਾਂ-ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਦੌਰਾਨ ਮ੍ਰਿਤਕ ਗੁਰਮੇਲ ਸਿੰਘ ਦੀ ਪਤਨੀ ਅਮਨਦੀਪ ਕੌਰ ਅਤੇ ਪਿਤਾ ਸੇਵਾ ਸਿੰਘ ਨੂੰ ਵੀ ਹਮਲਾਵਾਰਾਂ ਵੱਲੋਂ ਜ਼ਖਮੀ ਕਰ ਦਿੱਤਾ ਗਿਆ, ਜਿਹਨਾਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਮਮਦੋਟ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਮਦੋਟ ਮੁੱਖੀ ਅਮਰਿੰਦਰ ਸਿੰਘ ਅਤੇ ਐਸਪੀਡੀ ਅਜਮੇਰ ਸਿੰਘ ਬਾਠ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ।