ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਮਾਂ

Mother Love

ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਮਾਂ

ਮਾਂ ਦਿਵਸ 1908 ਤੋਂ ਹੋਂਦ ਵਿੱਚ ਆਇਆ ਹੈ। ਆਦਿ ਕਾਲ ਤੋਂ ਹੀ ਮਾਂ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਹੈ। ਮਾਂ ਦੇ ਸਤਿਕਾਰ ਵਿੱਚ ਹੀ ਮਾਂ ਦਿਵਸ ਮਨਾਇਆ ਜਾਂਦਾ ਹੈ। ‘‘ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ! ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ’’ ਇਹ ਕਵਿਤਾ ਪ੍ਰੋਫੈਸਰ ਮੋਹਣ ਸਿੰਘ ਨੇ ਦੁਨੀਆਂ ਭਰ ਵਿੱਚ ਵੱਸਦੀਆਂ ਮਾਵਾਂ ਦੇ ਸਤਿਕਾਰ ਵਿੱਚ ਲਿਖੀ ਹੈ। 1870 ’ਚ ਅਮਰੀਕੀ ਸਮਾਜ ਸੇਵਿਕਾ ਜੂਲੀਆ ਵਾਰਡ ਹੋਵੇ ਨੇ ਪਹਿਲੀ ਵਾਰ ਇਸ ਦਾ ਨਾਂਅ ਅਮਰੀਕੀ ਸਿਵਲ ਵਾਰ ਅਤੇ ਫਰੈਂਕੋ ਪਰਸੀਅਨ ਵਾਰ ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ, ਜੋ ਲੰਡਨ ਤੇ ਪੈਰਿਸ ਵਿੱਚ ਹੋਈ ਸੀ, ’ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ ’ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ ਬੋਸਟਨ ’ਚ ਇੱਕ ਜਬਰਦਸਤ ਭਾਸ਼ਣ ਦਿੱਤਾ ਜੋ ਅਸਲ ਵਿੱਚ ਸ਼ਾਂਤੀ ਲਈ ‘ਮਦਰਸ ਡੇ’ ਦਾ ਮੁੱਦਾ ਸੀ। ਇਹ ਕਈ ਭਾਸ਼ਾਵਾਂ ’ਚ ਛਪਿਆ ਤੇ ਵੰਡਿਆ ਗਿਆ। ਜੂਲੀਆ ਨੂੰ ਸ਼ਾਂਤੀ ਲਈ ‘ਮਦਰਸ ਡੇ’ ਦਾ ਵਿਚਾਰ ‘ਐਨ ਮੈਰੀ ਰੀਵਜ ਜਾਰਵਿਸ’ ਤੋਂ ਮਿਲਿਆ ਸੀ। ਜਿਸ ਨੇ 1858 ’ਚ ਸਾਫ-ਸਫਾਈ ਦੀ ਮੁਹਿੰਮ ਚਲਾਈ, ਜਿਸ ਨੂੰ ਉਸ ਨੇ ‘ਮਦਰਸ ਫ੍ਰੈਂਡਸ਼ਿਪ ਡੇ’ ਦਾ ਨਾਂਅ ਦਿੱਤਾ ਸੀ। ਫਿਰ ਸੰਨ 1900 ’ਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲੱਗ ਪਈ। ਪਿੱਛੋਂ ਜਾਰਵਿਸ ਦੀ ਬੇਟੀ ਐਨਾ ਜਾਰਵਿਸ ਨੇ ਇਸ ਦਿਨ ਨੂੰ ਅੱਜ ਦੇ ਯੁੱਗ ’ਚ ਮਨਾਏ ਜਾਣ ਵਾਲੇ ‘ਮਦਰਸ ਡੇ’ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ।

9 ਮਈ 1905 ’ਚ ਐਨਾ ਰੀਵਜ ਜਾਰਵਿਸ ਦਾ ਦੇਹਾਂਤ ਹੋ ਗਿਆ। ਉਹ ਆਖਰੀ ਸਮੇਂ ਕਾਫੀ ਬਿਮਾਰ ਰਹੀ ਉਨ੍ਹਾਂ ਦੀ ਬੇਟੀ ਐਨਾ ਨੇ ਉਨ੍ਹਾਂ ਦੀ ਸੇਵਾ ਕੀਤੀ ਇੱਥੋਂ ਤੱਕ ਕਿ ਉਸ ਨੇ ਵਿਆਹ ਵੀ ਨਹੀਂ ਕਰਵਾਇਆ। ਐਨਾ ਨੂੰ ਲੱਗਦਾ ਸੀ ਕਿ ਅਕਸਰ ਬੱਚੇ ਮਾਂ ਦੇ ਜੀਵਨ ਕਾਲ ’ਚ ਉਸ ਨੂੰ ਨਜਰਅੰਦਾਜ਼ ਕਰਦੇ ਹਨ। ਉਸ ਨੂੰ ਉਨ੍ਹਾਂ ਮਹੱਤਵ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ। ਐਨਾ ਖੁਦ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ। 1907 ’ਚ ਐਨਾ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੀ ਚਲਾਈ ਮੁਹਿੰਮ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ ਇੱਕ ‘ਮਦਰਸ ਡੇ’ ਬਣਾਉਣਾ ਚਾਹੁੰਦੀ ਹੈ ਜੋ ਜੀਵਤ ਅਤੇ ਮਰ ਚੁੱਕੀਆਂ ਮਾਵਾਂ ਦੀ ਯਾਦ ’ਚ ਹੋਵੇ। ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਲਹਿਰ ਚਲਾਈ ਜਿਸ ’ਚ ਉਹ ਮੰਤਰੀਆਂ, ਵਪਾਰੀਆਂ ਅਤੇ ਅੰਤਰਰਾਸ਼ਟਰੀ ਮਹਿਲਾ ਪੀਸ ਕਾਂਗਰਸ ਦੇ ਮੈਂਬਰਾਂ ਨੂੰ ਲਗਾਤਾਰ ਪੱਤਰ ਵਿਹਾਰ ਰਾਹੀਂ ਮਜ਼ਬੂਰ ਕਰਦੀ ਰਹੀ ਕਿ ‘ਮਦਰਸ ਡੇ’ ਨੂੰ ‘ਨੈਸ਼ਨਲ ਡੇ’ ਮੰਨ ਕੇ ਛੁੱਟੀ ਐਲਾਨੀ ਜਾਵੇ। ਉਸਨੂੰ ਲੱਗਦਾ ਸੀ ਕਿ ਇੰਝ ਕਰਨ ਨਾਲ ਬੱਚਿਆਂ ਦੇ ਮਨ ’ਚ ਮਾਤਾ-ਪਿਤਾ ਲਈ ਇੱਜਤ ਵਧ ਜਾਵੇਗੀ।

10 ਮਈ 1908 ਨੂੰ ਗਰਾਟਨ ’ਚ ‘ਐਂਡਿ੍ਰਊਜ ਮੈਥੋਡਿਸਟ’ ਨਾਮੀ ਚਰਚ ਨੇ ਸਭ ਤੋਂ ਪਹਿਲਾ ‘ਮਦਰਸ ਡੇ’ ਮਨਾਇਆ ਇਹ ਉਹੀ ਥਾਂ ਸੀ ਜਿਥੇ ਐਨਾ ਮੈਰੀ ਰੀਵਜ ਜਾਰਵਿਸ 20 ਸਾਲ ਤੱਕ ਐਤਵਾਰ ਨੂੰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ ’ਚ ਜਿੱਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 ’ਚ ‘ਦ ਮਦਰਸ ਡੇ’ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਗਠਨ ਹੋਇਆ। ਇਹ ਸਭ ਦੇਖ ਕੇ 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਸਲਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ ਮਦਰ ਡੇਅ ਨੂੰ ਰਾਸ਼ਟਰੀ ਦਿਨ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਿਨ ਯੁੱਧ ਵਿੱਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ 1911 ਤੱਕ ਇਹ ਦਿਨ ਅਮਰੀਕਾ ’ਚ ਹੀ ਨਹੀਂ ਸਗੋਂ ਮੈਕਸੀਕੋ, ਕੈਨੇਡਾ ਸਾਊਥ ਅਮਰੀਕਾ, ਚੀਨ, ਜਾਪਾਨ ਅਤੇ ਅਫਰੀਕਾ ਆਦਿ ਵੀ ਮਨਾਇਆ ਜਾਣ ਲੱਗਾ। ਸੰਨ 1934 ’ਚ ਪੋਸਟ ਮਾਸਟਰ ਜਨਰਲ ਜੇਮਜ ਏ ਫਾਰਲੇ ਨੇ ‘ਮਦਰਸ ਡੇ’ ਤੇ ਇੱਕ ਸਟੈਂਪ ਦਾ ਆਗਾਜ ਵੀ ਕੀਤਾ। ਹੌਲੀ-ਹੌਲੀ ਇਹ ਪ੍ਰਥਾ ਭਾਰਤ ਵਿੱਚ ਵੀ ਜੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ 10 ਸਾਲਾਂ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਉਹਾਰ ਭਾਰਤ ਵਿੱਚ ਵੀ ਧੂਮਧਾਮ ਨਾਲ ਮਨਾਇਆ ਜਾਣ ਲੱਗਾ।

ਇਹ ਸ਼ੁਰੂਆਤ ਤਾਂ ਬਹੁਤ ਚੰਗੀ ਹੈ ਪਰੰਤੂ ਤਿਆਗ ਦੀ ਇਸ ਦੇਵੀ ‘ਮਾਂ’ ਦੀ ਹਾਲਤ ਅੱਜ ਸਾਡੇ ਭਾਰਤ ਦੇਸ਼ ਅੰਦਰ ਕੋਈ ਬਹੁਤੀ ਚੰਗੀ ਨਹੀਂ ਹੈ। ‘ਮਦਰਸ ਡੇ’ ਵਾਲੇ ਦਿਨ ਹਰ ਇੱਕ ਸ਼ਖਸ ਆਪਣੀ ਮਾਂ ਨਾਲ ਜਾਂ ਮਾਂ ਦੀ ਯਾਦ ਵਿੱਚ ਉਸ ਦੇ ਸਤਿਕਾਰ ਲਈ ਸੋਸ਼ਲ ਸਾਈਟਾਂ ’ਤੇ ਆਪਣੀ ਮਾਂ ਨਾਲ ਫੋਟੋ ਅੱਪਲੋਡ ਕਰਕੇ ਆਪਣੇ ਅਸਲੀ ਫਰਜਾਂ ਤੋਂ ਆਪਣੇ-ਆਪ ਨੂੰ ਸੁਰਖਰੂ ਹੋਇਆ ਮਹਿਸੂਸ ਕਰਦਾ ਹੈ। ਅਸਲ ਵਿੱਚ ਅੱਜ ਦੇ ਟੈਕਨਾਲੋਜੀ ਵਾਲੇ ਜਮਾਨੇ ਵਿੱਚ ‘ਮਾਂ’ ਦੀ ਪਰਿਭਾਸ਼ਾ ਕਿਧਰੇ ਗੁਆਚ ਚੁੱਕੀ ਹੈ। ਬਜੁਰਗ ਮਾਂ-ਪਿਉ ਨੂੰ ਕੋਲ ਰੱਖ ਕੇ ਉਨ੍ਹਾਂ ਦੀ ਅੰਤਿਮ ਸਮੇਂ ਤੱਕ ਸੇਵਾ-ਸੰਭਾਲ ਕਰਨਾ, ਜਿਸ ਤਰ੍ਹਾਂ ਕਦੇ ਉਸ ਮਾਂ ਨੇ ਸਾਡੇ ਪੈਦਾ ਹੋਣ ਤੋਂ ਲੈ ਕੇ ਵਿਆਹੁਣ ਤੱਕ ਕਰਕੇ, ਆਪ ਭੁੱਖੇ ਢਿੱਡ ਰਹਿ ਕੇ ਆਪਣੇ ਬੱਚਿਆਂ ਨੂੰ ਰੱਜ ਕੇ ਰੋਟੀ ਖਵਾ ਕੇ ਕੀਤੀ ਸੀ, ਵਿਰਲੀਆਂ ਮਾਵਾਂ ਦੇ ਹਿੱਸੇ ਹੀ ਆਉਂਦੀ ਹੈ, ਨਹੀਂ ਤਾਂ ਅੱਜ ਮਾਂ-ਪਿਓ ਦਾ ਹਾਲ ਜੋ ਪੁੱਤ ਧੀਆਂ ਕਰਦੇ ਹਨ, ਜੱਗ ਜਾਹਿਰ ਹੈ। ਬੀਤੇ ਸਾਲਾਂ ਦੌਰਾਨ ਇੱਕ ਮਾਂ ਨੂੰ ਤਾਂ ਉਸ ਦੇ ਅਫਸਰ ਪੁੱਤਾਂ ਨੇ ਸੰਭਾਲਣ ਤੋਂ ਇਨਕਾਰ ਕਰਕੇ ਆਪਣੇ ਘਰਾਂ ਵਿੱਚ ਨਹੀਂ ਰੱਖਿਆ ਸੀ, ਉਸ ਮਾਂ ਨੂੰ ਕੁੱਝ ਲੋਕਾਂ ਨੇ ਕੜਕਦੀ ਧੁੱਪ ਵਿੱਚ ਇੱਕ ਢਾਰੇ ਵਿੱਚੋਂ ਜਦ ਕੱਢਿਆ, ਉਦੋਂ ਤੱਕ ਦੇਰ ਹੋ ਚੁੱਕੀ ਸੀ!

ਮੰਨਿਆ ਕਿ ਅੱਜ ਤੇਜ਼-ਤਰਾਰ ਜ਼ਮਾਨੇ ਤੇ ਰੋਜ਼ੀ-ਰੋਟੀ ਦੇ ਚੱਕਰ ’ਚ ਮਨੁੱਖ ਕੋਲ ਸਮੇਂ ਦੀ ਘਾਟ ਹੈ ਪਰ ਅਜਿਹਾ ਵੀ ਨਹੀਂ ਕਿ ਆਪਣੇ ਮਾਂ-ਬਾਪ ਲਈ ਸ਼ਾਮ ਨੂੰ ਚਾਰ ਘੜੀਆਂ ਨਾ ਹੋਣ ਅਸੀਂ ਸੋਸ਼ਲ ਮੀਡੀਆ ਤੇ ਦੋਸਤਾਂ ਮਿੱਤਰਾਂ ਨਾਲ ਪਾਰਟੀਆਂ ’ਤੇ ਘੰਟਿਆਂ ਬੱਧੀ ਸਮਾਂ ਬਤੀਤ ਕਰਦੇ ਹਾਂ, ਹਫਤਿਆਂਬੱਧੀ ਸੈਰਾਂ ’ਤੇ ਜਾਂਦੇ ਹਾਂ ਪਰ ਜਿਸ ਮਾਂ ਨੇ ਨੌਂ ਮਹੀਨੇ ਕੁੱਖ ’ਚ ਪਾਲਿਆ, ਆਪ ਭੁੱਖੀ ਰਹਿ ਕੇ ਤੁਹਾਡਾ ਪੇਟ ਭਰਿਆ ਉਸ ਮਮਤਾ ਦੀ ਮੂਰਤ ਲਈ ਕੁਝ ਸਮਾਂ ਨਾ ਦੇਣਾ ਬਹੁਤ ਵੱਡੀ ਮੂਰਖਤਾ ਹੈ।

ਅੱਜ ਅਸੀਂ ਬਹੁਤ ਐਡਵਾਂਸ ਹੋ ਚੁੱਕੇ ਹਾਂ, ਓਨੇ ਹੀ ਮਾਂ-ਪਿਓ ਦੀ ਨਿੱਘੀ ਗੋਦੀ ਤੋਂ ਦੂਰ ਹੋ ਚੁੱਕੇ ਹਾਂ। ਜਿਸ ਕਾਰਨ ਬਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਬਹੁਤੇ ਹਾਲਾਤ ਤਾਂ ਇਸ ਤਰ੍ਹਾਂ ਦੇ ਹਨ ਧੀਆਂ, ਪੁੱਤ ਤੇ ਨੂੰਹਾਂ ਸਮੇਤ ਪੋਤੇ-ਦੋਹਰੇ ਸਭ ਵਲਾਇਤ ਜਾ ਪਹੁੰਚੇ, ’ਕੱਲੇ ਬਜੁਰਗ ਆਪਣੀ ਜੰਮਣ ਭੋਇੰ ਨੂੰ ਛੱਡਣਾ ਨਹੀਂ ਚਾਹੁੰਦੇ। ਅੰਤ ਸਮੇਂ ਮਾਂ ਦੇ ਮੂੰਹ ਵਿੱਚ ਪਾਣੀ ਦਾ ਚਮਚਾ ਕੋਈ ਹੋਰ ਹੀ ਪਾਉਂਦਾ ਹੈ। ਫਿਰ ਪੁੱਤਾਂ ਦੇ ਆਉਣ ਦੀ ਉਡੀਕ ਵਿੱਚ ਡੈੱਡ ਬਾਡੀ ਨੂੰ ਕਈ-ਕਈ ਦਿਨ ਫਰਿੱਜਰਾਂ ਵਿੱਚ ਲਾ ਕੇ ਰੱਖਿਆ ਜਾਂਦਾ ਹੈ। ਅੱਜ ਭਾਵੇਂ ਅਸੀਂ ਬਹੁਤ ਤਰੱਕੀ ਕਰਕੇ ਚੰਦ ’ਤੇ ਪਹੁੰਚ ਚੁੱਕੇ ਹਾਂ ਤੇ ਅੱਗੇ ਹੋਰ ਗ੍ਰਹਿਆਂ ’ਤੇ ਪਲਾਟ ਖਰੀਦਣ ਦੀ ਤਿਆਰੀ ਹੈ। ਪ੍ਰੰਤੂ ਜੋ ਮਾਂ ਦੇ ਪ੍ਰਤੀ ਸਾਡੀਆਂ ਨੈਤਿਕ ਜਿੰਮੇਵਾਰੀਆਂ ਬਣਦੀਆਂ ਹਨ, ਅਸੀਂ ਉਨ੍ਹਾਂ ਤੋਂ ਭੱਜ ਰਹੇ ਹਾਂ। ਮੈਂ ਅੱਖੀਂ ਦੇਖਿਆ ਹੈ ਇੱਕ ਮਾਂ ਦੇ ਚਾਰ ਪੁੱਤਰ ਹਨ ਉਹ ਮਾਂ ਆਖਰੀ ਸਾਹਾਂ ’ਤੇ ਬੇਹੋਸ਼ੀ ਦੀ ਹਾਲਤ ਵਿੱਚ ਹੈ। ਚਾਰੇ ਪੁੱਤਾਂ ਨੇ ਦੋ-ਦੋ ਮਹੀਨੇ ਸਾਂਭਣ ਲਈ ਵਾਰੀ ਬੰਨ੍ਹੀ ਹੈ। ਇਹ ਸਾਡੀ ਸਮਾਜਿਕ ਤ੍ਰਾਸਦੀ ਹੈ। ਅੱਜ ਮਾਂ ਨੂੰ ਸਾਂਭਣ ਵੇਲੇ ਬਿਰਧ ਆਸ਼ਰਮ ਕਿਉਂ ਦਿਸਦੇ ਹਨ? ਬਿਰਧ ਆਸ਼ਰਮ ਸਾਡੇ ਮੱਥੇ ’ਤੇ ਕਲੰਕ ਹਨ! ਆਓ! ਆਪਾਂ ਸਾਰੇ ਰਲ-ਮਿਲ ਇਸ ਮਦਰਜ ਡੇ ’ਤੇ ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਕਦੇ ਵੀ ਮਾਂ-ਪਿਉ ਨੂੰ ਬੁੜ੍ਹਾ-ਬੁੜ੍ਹੀ ਕਹਿ ਕੇ ਨਹੀਂ ਬੁਲਾਵਾਂਗੇ, ਤੇ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਾਂ ਠੀਕ ਉਸੇ ਤਰ੍ਹਾਂ ਹੀ ਆਪਣੇ ਬੁੱਢੇ ਮਾਂ-ਪਿਓ ਦੀ ਸੇਵਾ ਸੰਭਾਲ ਕਰਾਂਗੇ। ਅਜਿਹਾ ਕਰਨ ਨਾਲ ਹੀ ‘ਮਦਰਸ ਡੇ’ ਸਾਰਥਿਕ ਹੋ ਨਿੱਬੜੇਗਾ। ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਆਨਕ ਹੋਵੇਗਾ।
ਇੰਜ. ਜਗਜੀਤ ਸਿੰਘ ਕੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ