ਮੋਰੱਕੋ ਨੁੰ ਇੰਜ਼ਰੀ ਸਮਾਂ ਪਿਆ ਮਹਿੰਗਾ : ਆਤਮਘਾਤੀ ਗੋਲ ਦੀ ਬਦੌਲਤ ਜਿੱਤਿਆ ਇਰਾਨ

ਵਿਸ਼ਵ ਕੱਪ ਦੀ ਮੇਜ਼ਬਾਨੀ ਗੁਆਉਣ ਤੋਂ ਬਾਅਦ ਮੋਰੱਕੋ ਨੂੰ ਮਿਲਿਆ ਦੂਸਰਾ ਝਟਕਾ.

  • ਮੋਰੱਕੋ ਨੇ ਵਿਸ਼ਵ ਕੱਪ ਲਈ ਬਿਨਾ ਕੋਈ ਗੋਲ ਖਾਧਿਆਂ ਕੁਆਲੀਫਾਈ ਕੀਤਾ ਸੀ ਅਤੇ 18 ਮੈਚ ਅਜੇਤੂ ਰਹਿੰਦੇ ਹੋਏ ਕੱਢੇ ਸਨ

ਏਜੰਸੀ, ਸੇਂਟ (ਪੀਟਰਸਬਰਗ)। ਇਰਾਨ ‘ਤੇ ਕਿਸਮਤ ਐਨੀ ਮਿਹਰਬਾਨ ਸੀ ਕਿ ਇੰਜ਼ਰੀ ਸਮੇਂ ‘ਚ ਮੋਰੱਕੋ ਦੇ ਆਤਮਘਾਤੀ ਗੋਲ ਨੇ ਉਸਨੂੰ ਵਿਸ਼ਵ ਕੱਪ ਟੂਰਨਾਮੈਂਟ ਦੇ ਗਰੁੱਪ ਬੀ ਮੁਕਾਬਲੇ ‘ਚ 1-0 ਨਾਂਲ ਜਿੱਤ ਦਿਵਾ ਦਿੱਤੀ। ਮੈਚ ਡਰਾਅ ਵੱਲ ਵਧ ਰਿਹਾ ਸੀ ਪਰ 95ਵੇਂ ਮਿੰਟ ‘ਚ ਮੋਰੱਕੋ ਦੇ ਅਜ਼ੀਜ ਬੋਹਾਦੌਜ਼ ਨੇ ਹੈਡਰ ਨਾਲ ਆਤਮਘਾਤੀ ਗੋਲ ਕਰਕੇ ਜਿੱਤ ਇਰਾਨ ਦੀ ਝੋਲੀ ‘ਚ ਪਾ ਦਿੱਤੀ ਇਸ ਗੋਲ ਨਾਲ ਮੋਰੱਕੋ ਦਾ ਖ਼ੇਮਾ ਸਕਤੇ ‘ਚ ਆ ਗਿਆ ਅਤੇ ਉਸਦੇ ਜਖ਼ਮ ਹਰੇ ਹੋ ਗਏ ਮੁਰੱਕੋ ਇਸ ਮੁਕਾਬਲੇ ਤੋਂ ਪਹਿਲਾਂ 2026 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਅਮਰੀਕੀ, ਕਨਾਡਾ ਅਤੇ ਮੈਕਸਿਕੋ ਨੂੰ ਗੁਆ ਚੁੱਕਾ ਸੀ। ਆਪਣੇ ਗਰੁੱਪ ‘ਚ ਸਪੇਨ ਅਤੇ ਪੁਰਤਗਾਲ ਜਿਹੀਆਂ ਮਜ਼ਬੂਤ ਟੀਮਾਂ ਦੀ ਮੌਜ਼ੂਦਗੀ ਨੂੰ ਦੇਖਦੇ ਹੋਏ ਇਰਾਨ ਲਈ ਇਹ ਜਿੱਤ ਕਿਸੇ ਵਰਦਾਨ ਤੋਂ ਘੱਟ ਨਹੀਂ ਰਹੀ ਇਰਾਨ ਹੁਣ ਇੱਕ ਡਰਾਅ ਖੇਡ ਕੇ ਵੀ ਅਗਲੇ ਗੇੜ ‘ਚ ਪਹੁੰਚ ਸਕਦਾ ਹੈ।

ਦੋਵੇਂ ਟੀਮਾਂ ਅੰਕ ਵੰਡਣ ਵੱਲ ਵਧ ਰਹੀਆਂ ਸਨ ਅਤੇ ਮੈਚ ਬਸ ਸਮਾਪਤ ਹੋਣ ਵਾਲਾ ਸੀ ਕਿ ਅਹਿਸਾਨ ਨੇ ਲਹਿਰਾਉਂਦੀ ਹੋਈ ਫ੍ਰੀ ਕਿੱਕ ਅਤੇ ਬੋਹਾਦੌਜ਼ ਨੇ ਪੋਸਟ ਕੋਲ ਗੇਂਦ ਨੂੰ ਕਲੀਅਰ ਕਰਕੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਹੈਡਰ ਆਪਣੇ ਹੀ ਗੋਲ ‘ਚ ਚਲਿਆ ਗਿਆ। ਇਰਾਨ ਦੀ ਵਿਸ਼ਵ ਕੱਪ ਇਤਿਹਾਸ ‘ਚ ਇਹ ਦੂਸਰੀ ਜਿੱਤ ਹੈ ਅਤੇ ਅਗਲੇ ਮੈਚਾਂ ਲਈ ਉਸਦਾ ਹੌਂਸਲਾ ਵਧ ਜਾਵੇਗਾ ਇਰਾਨ ਪੰਜਵੀਂ ਵਾਰ ਵਿਸ਼ਵ ਕੱਪ ਖੇਡ ਰਿਹਾ ਹੈ ਪਰ ਗਰੁੱਪ ਗੇੜ ਤੋਂ ਅੱਗੇ ਜਾਣ ਦਾ ਉਸਦਾ ਸੁਪਨਾ ਅਜੇ ਤੱਕ ਅਧੂਰਾ ਰਿਹਾ ਹੈ। ਮੋਰੱਕੋ ਨੇ ਵਿਸ਼ਵ ਕੱਪ ਲਈ ਬਿਨਾ ਕੋਈ ਗੋਲ ਖਾਧਿਆਂ ਕੁਆਲੀਫਾਈ ਕੀਤਾ ਸੀ ਅਤੇ 18 ਮੈਚ ਅਜੇਤੂ ਰਹਿੰਦੇ ਹੋਏ ਕੱਢੇ ਸਨ ਪਰ ਆਤਮਘਾਤੀ ਗੋਲ ਨੇ ਉਸਨੂੰ ਕਰਾਰਾ ਝਟਕਾ ਦੇ ਦਿੱਤਾ।