ਵਿਧਾਇਕ ਅਮਿਤ ਰਤਨ ਤੇ ਉਸ ਦੇ ਕਰੀਬੀ ਨੂੰ ਇਕੱਠਿਆ ਕੀਤਾ ਜਾ ਸਕਦਾ ਹੈ ਪੇਸ਼

MLA Amit Ratan
ਬਠਿੰਡਾ : ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫ਼ਤਰ ਅੱਗੇ ਤਾਇਨਾਤ ਪੁਲਿਸ ਫੋਰਸ। ਇਸ ਦਫਤਰ ’ਚ ਹੀ ਅਮਿਤ ਰਤਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਠਿੰਡਾ (ਸੁਖਜੀਤ ਮਾਨ)। ਪਿੰਡ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਤੋਂ ਰਿਸ਼ਵਤ ਲੈਣ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਤੇ ਉਸਦੇ ਕਰੀਬੀ ਰਿਸਮ ਗਰਗ ਦੋਵਾਂ ਨੂੰ ਇਕੱਠਿਆਂ ਹੀ ਅਦਾਲਤ ’ਚ ਪੇਸ਼ ਕੀਤਾ ਜਾ ਸਕਦਾ ਹੈ। ਰਿਸ਼ਮ ਦੋ ਦਿਨਾਂ ਪੁਲਿਸ ਰਿਮਾਂਡ ’ਤੇ ਸੀ ਜੋ ਅੱਜ ਖਤਮ ਹੋ ਜਾਵੇਗਾ।

ਰਿਸ਼ਮ ਗਰਗ ਦਾ ਅੱਜ ਖਤਮ ਹੋ ਰਿਹਾ ਹੈ ਦੋ ਦਿਨ ਦਾ ਪੁਲਿਸ ਰਿਮਾਂਡ

ਵੇਰਵਿਆਂ ਮੁਤਾਬਿਕ ਵਿਜੀਲੈਂਸ ਬਿਊਰੋ ਵੱਲੋਂ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੂੰ ਰਾਜਪੁਰਾ ਨੇੜਿਓਂ ਗ੍ਰਿਫ਼ਤਾਰ ਕਰਕੇ ਬਠਿੰਡਾ ਲਿਆਂਦਾ ਗਿਆ। ਇਸ ਵੇਲੇ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫ਼ਤਰ ਅੱਗੇ ਸਖਤ ਸੁਰੱਖਿਆ ਪਹਿਰਾ ਲਾਇਆ ਹੋਇਆ ਹੈ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਅਮਿਤ ਰਤਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਅਮਿਤ ਰਤਨ ਨੂੰ ਕਰੀਬ 2 ਵਜੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਪੇਸ਼ੀ ਦੌਰਾਨ ਵਿਜੀਲੈਂਸ ਵੱਲੋਂ ਵਿਧਾਇਕ ਦਾ ਵੱਧ ਤੋਂ ਵਧ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਵਿਧਾਇਕ ਤੋਂ ਹੋਰ ਵਧੇਰੇ ਪੁੱਛਗਿੱਛ ਕੀਤੀ ਜਾ ਸਕੇ ।

ਦੱਸਣਯੋਗ ਹੈ ਕਿ ਪਿੰਡ ਘੁੱਦਾ ਦੀ ਪੰਚਾਇਤ ਦੇ ਕਰੀਬ 25 ਲੱਖ ਰੁਪਏ ਰਿਲੀਜ਼ ਕਰਵਾਉਣ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਹ ਰਿਸ਼ਵਤ ਦੇਣ ਤੋਂ ਪਹਿਲਾਂ ਮਹਿਲਾ ਸਰਪੰਚ ਦੇ ਪਤੀ ਨੇ ਵਿਜੀਲੈਂਸ ਨਾਲ ਤਾਰਾਂ ਜੋੜੀਆਂ। ਇਸ ਮਗਰੋਂ ਸਰਕਟ ਹਾਊਸ ਬਠਿੰਡਾ ’ਚ ਜਦੋਂ ਚਾਰ ਲੱਖ ਰੁਪਏ ਵਿਧਾਇਕ ਦੇ ਕਰੀਬੀ ਰਿਸ਼ਮ ਗਰਗ ਨੂੰ ਦਿੱਤੇ ਗਏ ਤਾਂ ਪਹਿਲਾਂ ਤੋਂ ਹੀ ਜਾਲ ਵਿਛਾ ਕੇ ਤਿਆਰ ਖੜ੍ਹੀ ਵਿਜੀਲੈਂਸ ਦੀ ਟੀਮ ਨੇ ਰਿਸ਼ਮ ਗਰਗ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ। ਰਿਸ਼ਮ ਦੀ ਗ੍ਰਿਫ਼ਤਾਰੀ ਮੌਕੇ ਵਿਧਾਇਕ ਅਮਿਤ ਰਤਨ ਵੀ ਉੱਥੇ ਹੀ ਮੌਜੂਦ ਸੀ।

ਇਸ ਮਗਰੋਂ ਵਿਧਾਇਕ ਰਤਨ ਨੇ ਕਿਹਾ ਸੀ ਕਿ ਉਹ ਰਿਸ਼ਮ ਗਰਗ ਬਾਰੇ ਕੁੱਝ ਵੀ ਨਹੀਂ ਜਾਣਦੇ ਨਾ ਹੀ ਉਸਦਾ ਉਸ ਨਾਲ ਕੋਈ ਲੈਣਾ ਦੇਣਾ ਹੈ। ਵਿਧਾਇਕ ਨੇ ਤਾਂ ਇਸ ਕਾਰਵਾਈ ਨੂੰ ਸਰਕਾਰ ਵਿਰੋਧੀ ਧਿਰਾਂ ਦੀ ਚਾਲ ਦੱਸਿਆ ਸੀ। ਜਾਂਚ ਦੌਰਾਨ ਜਦੋਂ ਇਸ ਰਿਸ਼ਵਤ ਦੇ ਲੈਣ ਦੇਣ ਬਾਰੇ ਇੱਕ ਆਡੀਓ ਸਾਹਮਣੇ ਆਈ ਤਾਂ ਉਸਦੀ ਫਰਾਂਸਿਕ ਜਾਂਚ ਮਗਰੋਂ ਵਿਧਾਇਕ ਦੀ ਗ੍ਰਿਫ਼ਤਾਰੀ ਲਈ ਚਾਰਾਜੋਈ ਸ਼ੁਰੂ ਹੋ ਗਈ ਸੀ ਜਿਸ ਤਹਿਤ ਵਿਧਾਇਕ ਨੂੰ ਵਿਜੀਲੈਂਸ ਨੇ ਰਾਜਪੁਰਾ ਨੇੜਿਓਂ ਗ੍ਰਿਫ਼ਤਾਰ ਕਰ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ