‘ਪਾਵਰ’ ਨਾ ਹੋਣ ਕਾਰਨ ਤਬਾਦਲੇ ਕਰਨ ਤੋਂ ਵਾਂਝੇ ਹਨ ਵਜ਼ੀਰ

ਪੰਜਾਬ ਦੇ ਮੰਤਰੀ ਕਰ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਾਪਸੀ ਦੀ ਉਡੀਕ

ਚੰਡੀਗੜ (ਅਸ਼ਵਨੀ ਚਾਵਲਾ). ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਜ਼ੀਰ ਬਣਨ ਤੋਂ ਬਾਅਦ ਵੀ ਕਿਸੇ ਵੀ ਵਜ਼ੀਰ ਕੋਲ ਦੂਜੇ ਵਿਭਾਗ ਦੀ ਤਾਂ ਦੂਰ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਦਾ ਤਬਾਦਲਾ ਕਰਨ ਦੀ ‘ਪਾਵਰ’ ਨਹੀਂ ਹੈ, ਜਿਸ ਕਾਰਨ ਇਸ ‘ਪਾਵਰ’ ਲਈ ਤਰਸ ਰਹੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਦੀ ਮੁੰਬਈ ਤੋਂ ਪੰਜਾਬ ਵਾਪਸੀ ਕਰਨ ਦੀ ਉਡੀਕ ਕਰ ਰਹੇ ਹਨ । ਜਾਣਕਾਰੀ ਅਨੁਸਾਰ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਵਿਧਾਇਕ ਅਤੇ ਕਾਂਗਰਸੀ ਆਗੂ ਆਪਣੇ ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਚੰਗੀ ਪੋਸਟਿੰਗ ਦਿਵਾਉਣ ਲਈ ਆਪਣਾ ਜ਼ੋਰ ਲਾਉਣ ਵਿੱਚ ਲਗੇ ਹੋਏ ਹਨ, ਜਿਹੜੇ  ਪਿਛਲੀ ਸਰਕਾਰ ਵਿੱਚ ਖੁੱਡੇ ਲਾਈਨ ਲਗੇ ਹੋਏ ਸਨ ਜਾਂ ਫਿਰ ਅਕਾਲੀ ਸਰਕਾਰ ਵਿੱਚ ਤਬਾਦਲਾ ਨਾ ਹੋਣ ਦੇ ਕਾਰਨ ਕਰਮਚਾਰੀਆਂ ਜਾਂ ਫਿਰ ਅਧਿਕਾਰੀਆਂ ਨੂੰ ਅਣਚਾਹੇ ਸਟੇਸ਼ਨ ‘ਤੇ ਕੰਮ ਕਰਨਾ ਪੈ ਰਿਹਾ ਹੈ।

ਚੰਡੀਗੜ੍ਹ ਵਿਖੇ ਕਾਂਗਰਸੀ ਵਿਧਾਇਕਾਂ ਸਣੇ ਕਾਂਗਰਸੀ ਆਗੂ ਖ਼ੁਦ ਆਪਣੇ ਚਹੇਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸਿਫ਼ਾਰਸ਼ੀ ਚਿੱਠੀਆਂ ਲੈ ਕੇ ਕੈਬਨਿਟ ਮੰਤਰੀਆਂ ਦੇ ਦਫ਼ਤਰ ਤੱਕ ਪਹੁੰਚ ਕਰ ਰਹੇ ਹਨ ਜਿਸ ‘ਤੇ ਕੈਬਨਿਟ ਮੰਤਰੀ ਵੱਲੋਂ ਉਨ੍ਹਾਂ ਨੂੰ ‘ਪਾਵਰ’ ਨਾ ਹੋਣ ਦਾ ਕਹਿ ਕੇ ਵਾਪਸ ਭੇਜਿਆ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਹਰ ਸਾਲ ਹੋਣ ਵਾਲੇ ਆਮ ਤਬਾਦਲਿਆਂ ਤੱਕ ਰੁਕਣ ਪਏਗਾ,ਕਿਉਂਕਿ ਇਨ੍ਹਾਂ ਆਮ ਤਬਾਦਲਿਆਂ ਨੂੰ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਜੇ ਤੱਕ ਕਿਸੇ ਵੀ ਕੈਬਨਿਟ ਮੰਤਰੀ ਨੂੰ ਪਾਵਰ ਨਹੀਂ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।