ਮਿੰਨੀ ਕਹਾਣੀ : ਭਲਾ ਜਾਂ ਬੁਰਾ      

ਮਿੰਨੀ ਕਹਾਣੀ : ਭਲਾ ਜਾਂ ਬੁਰਾ

ਨਵਾਂ-ਨਵਾਂ ਉਸ ਪਲਾਟ ਖਰੀਦਿਆ ਸੀ ਤੇ ਪਲਾਟ ‘ਚ ਫਲ਼ਦਾਰ ਬੂਟੇ ਲਾ ਦਿੱਤੇ। ਕੁਝ ਡੇਕਾਂ ਦੇ ਬੂਟੇ, ਬਿਨਾਂ ਬੀਜਿਆਂ ਹੀ ਪਲਾਟ ‘ਚ ਉੱਗ ਖਲੋਤੇ ਕਿਉਂ ਜੋ ਇਹਦੇ ਪਲਾਟ ਖਰੀਦਣ ਤੋਂ ਪਹਿਲਾਂ ਉੱਥੇ ਡੇਕਾਂ ਦੇ ਰੁੱਖ ਹੁੰਦੇ ਸਨ। ਪਲਾਟ ਦੇ ਪਹਿਲੇ ਮਾਲਕ ਨੇ ਪਲਾਟ ਵੇਚਣ ਤੋਂ ਪਹਿਲਾਂ ਡੇਕਾਂ ਦੇ ਉਹ ਰੁੱਖ ਵੱਢ-ਵਾਹ ਲਏ ਸਨ।

ਇਸ ਨੇ ਵਿਰਲੇ-ਵਿਰਲੇ ਡੇਕਾਂ ਦੇ ਤਿੰਨ ਬੂਟੇ ਰੱਖ ਕੇ ਬਾਕੀ ਬੂਟੇ ਛੋਟੇ-ਛੋਟੇ ਹੀ ਪੁੱਟ ਦਿੱਤੇ।
ਫਲ਼ਦਾਰ ਬੂਟਿਆਂ ਨੇ ਤਾਂ ਹੌਲੀ-ਹੌਲੀ ਵਧਣਾ-ਫੈਲਣਾ ਸੀ ਪਰ ਡੇਕਾਂ ਕੁਝ ਮਹੀਨਿਆਂ ਅੰਦਰ ਹੀ ਉੱਚੀਆਂ ਹੋ ਗਈਆਂ। ਤਿੰਨ-ਚਾਰ ਕੁ ਸਾਲਾਂ ‘ਚ ਇੰਨੀਆਂ ਕੁ ਉੱਚੀਆਂ ਤੇ ਭਾਰੀਆਂ ਹੋ ਗਈਆਂ ਕਿ ਸਾਰੇ ਫਲ਼ਦਾਰ ਬੂਟੇ ਇਨ੍ਹਾਂ ਢੱਕ ਲਏ। ਫਲ਼ਦਾਰ ਬੂਟਿਆਂ ਦਾ ਵਧਣਾ-ਫੁੱਲਣਾ ਧੁੱਪ ਦੀ ਘਾਟ ਕਾਰਨ ਬੜਾ ਘਟ ਗਿਆ। ਕੋਈ ਫਲ਼ ਵੀ ਅਜੇ ਲੱਗਣਾ ਸ਼ੁਰੂ ਨਾ ਹੋਇਆ। ਸਭ ਕੁਝ ਵਿਚਾਰਦਿਆਂ ਇਸ ਨੇ ਕੁਝ ਦਿਨ ਲਾ ਕੇ ਤਿੰਨੋਂ ਡੇਕਾਂ ਮੁੱਢਾਂ ਦੇ ਉੱਪਰੋਂ ਵੱਢ ਦਿੱਤੀਆਂ।

ਪਰ ਡੇਕਾਂ ਦੇ ਮੁੱਢਾਂ ਤੋਂ ਪੁੰਗਾਰੇ ਵਾਰ-ਵਾਰ ਫੁੱਟ ਪੈਂਦੇ। ਇਹ ਉਨ੍ਹਾਂ ਨੂੰ ਛੋਟੇ ਹੁੰਦਿਆਂ ਹੀ ਝਾੜ ਦਿੰਦਾ ਤਾਂ ਕਿ ਵੱਡੇ ਹੋ ਕੇ ਫਿਰ ਫਲ਼ਦਾਰ ਬੂਟਿਆਂ ਲਈ ਔਕੜ ਨਾ ਬਣਨ। ਡੇਕਾਂ ਦੇ ਮੁੱਢ ਝੂਰਦੇ। ਪੁੰਗਾਰੇ ਵੀ ਥੋੜ੍ਹੀ ਉਮਰ ‘ਚ ਮੁੱਕਣ ਵੇਲ਼ੇ ਅਤਿਅੰਤ ਸੋਗੀ ਹੁੰਦੇ। ਇਨ੍ਹੀਂ ਦਿਨੀਂ ਹੀ ਇਸ ਨੇ ਇਹ ਪਲਾਟ ਵੇਚ ਦਿੱਤਾ। ਬੂਟੇ ਉਵੇਂ ਹੀ। ਡੇਕਾਂ ਦੇ ਮੁੱਢਾਂ ਤੋਂ ਪੁੰਗਾਰੇ ਫੇਰ ਫੁੱਟੇ। ਪਲਾਟ ਦਾ ਨਵਾਂ ਮਾਲਕ ਸਭ ਕੁਝ ਵੇਖ ਰਿਹਾ ਸੀ ਪਰ ਉਸ ਨੇ ਕਿਸੇ ਪੁੰਗਾਰੇ ਨੂੰ ਟੇਢੀ ਨਜ਼ਰੇ ਨਾ ਤੱਕਿਆ। ਮੁੱਢ ਬੜੇ ਖ਼ੁਸ਼ ਸਨ ਕਿ ਉਨ੍ਹਾਂ ‘ਚੋਂ ਫੁੱਟੇ ਪੁੰਗਾਰੇ ਹੁਣ ਦੁਨੀਆ ਵੇਖ ਸਕੇ ਸਨ। ਚਾਰ ਕੁ ਮਹੀਨਿਆਂ ‘ਚ ਹੀ ਇਹ ਪੁੰਗਾਰੇ ਪਲਾਟ ਦੇ ਮਾਲਕ, ਜੋ ਪੌਣੇ ਕੁ ਛੇ ਫੁੱਟ ਉੱਚਾ ਸੀ, ਤੋਂ ਵੀ ਚਾਰ ਕੁ ਫੁੱਟ ਉੱਚੇ ਹੋ ਗਏ ਸਨ। ਤਣੇ ਇਨ੍ਹਾਂ ਦੇ ਹੁਣ ਕੁਝ ਮੋਟੀਆਂ ਸੋਟੀਆਂ ਜਿਹੇ ਹੋ ਚੱਲੇ ਸਨ।

ਮਿੰਨੀ ਕਹਾਣੀ : ਭਲਾ ਜਾਂ ਬੁਰਾ

ਆਪਣੇ-ਆਪ ‘ਚ ਸਭੋ ਪੁੰਗਾਰੇ ਬੜੇ ਖ਼ੁਸ਼ ਕਿ ਇਨ੍ਹਾਂ ਨਵੇਂ ਪਲਾਟ ਮਾਲਕ ਪਾਸੋਂ ਜੀਵਨ-ਦਾਨ ਪਾਇਆ ਸੀ। ਹੁਣ ਇੱਕ ਦਿਨ ਆਪਣੀ ਪਤਨੀ ਸਮੇਤ ਪਲਾਟ ਦਾ ਮਾਲਕ, ਪਲਾਟ ‘ਚ ਆਇਆ। ਹੱਥ ਵਿੱਚ ਉਸਦੇ ਦਾਤਰ ਸੀ। ਡੇਕਾਂ ਦੇ ਪੁੰਗਾਰੇ ਪਹਿਲਾਂ ਵਾਂਗ ਹੀ ਸੰਤੁਸ਼ਟ ਸਨ ਜਿਵੇਂ ਆਪਣੇ ਪ੍ਰਤੀ ਉਨ੍ਹਾਂ ਨੂੰ ਪਲਾਟ ਦੇ ਮਾਲਕ ‘ਤੇ ਪੂਰਾ ਯਕੀਨ ਹੋਵੇ। ਇੰਨੇ ਨੂੰ ਪਲਾਟ ਦਾ ਮਾਲਕ ਇੱਕ ਮੁੱਢ ਦੇ ਪੰਜ-ਸੱਤ ਪੁੰਗਾਰਿਆਂ ਦੇ ਤਣਿਆਂ ਨੂੰ ਇਕੱਠੇ ਜਿਹੇ ਕਰਕੇ, ਖੱਬੇ ਹੱਥ ਨਾਲ ਦੱਬ ਕੇ, ਜ਼ੋਰ ਨਾਲ ਉਨ੍ਹਾਂ ਦੇ ਪੈਰਾਂ ‘ਚ ਦਾਤਰ ਦਾ ਟੱਕ ਲਾਉਂਦਿਆਂ ਹੋਇਆਂ ਆਪਣੀ ਪਤਨੀ ਨੂੰ ਸੰਬੋਧਿਤ ਹੋਇਆ, ”ਇਹ ਸੁੱਕ ਜਾਣਗੇ ਤਾਂ ਚੁੱਲ੍ਹੇ ‘ਚ ਬਾਲ਼ ਲਵੀਂ।”
ਡਾ. ਬਲਵੀਰ ਮੰਨਣ, ਮੋ. 94173-45485

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.