ਪੁਲਿਸ ਅਨੁਸਾਰ ਚੋਰੀ ਦਾ ਮੁਲਜ਼ਮ ਆੜ੍ਹਤੀਏ ਦਾ ਡਰਾਇਵਰ ਹੀ ਨਿਕਲਿਆ
- ਕਾਬੂ ਕਰਕੇ ਉਸ ਕੋਲੋਂ 3 ਲੱਖ ਤੋਂ ਜ਼ਿਆਦਾ ਰੁਪਏ ਕਰਵਾਏ ਬਰਾਮਦ (Stolen In Bhawanigarh )
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਪੁਲਿਸ ਨੇ ਬੀਤੇ ਦਿਨੀਂ ਭਵਾਨੀਗੜ੍ਹ ਵਿਖੇ ਆੜ੍ਹਤੀਏ ਦੀ ਦੁਕਾਨ ’ਤੇ ਹੋਈ ਲੱਖਾਂ ਦੀ ਚੋਰੀ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ ਪੁਲਿਸ ਅਨੁਸਾਰ ਇਹ ਚੋਰੀ ਆੜ੍ਹਤੀਏ ਦੇ ਡਰਾਇਵਰ ਵੱਲੋਂ ਹੀ ਕੀਤੀ ਗਈ ਸੀ। ਪੁਲਿਸ ਨੇ ਕਥਿਤ ਚੋਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਿੰਨ ਲੱਖ 26 ਹਜ਼ਾਰ 800 ਰੁਪਏ ਬਰਾਮਦ ਵੀ ਕਰਵਾਏ ਹਨ। (Stolen In Bhawanigarh )
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਨੇ ਦੱਸਿਆ ਕਿ ਥਾਣਾ ਭਵਾਨੀਗੜ੍ਹ ਵਿਖੇ ਸੂਚਨਾ ਮਿਲੀ ਕਿ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਆੜ੍ਹਤੀ ਵਿਨੋਦ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਦੀ ਦੁਕਾਨ ਵਿੱਚੋਂ ਕੱਲ੍ਹ ਕਰੀਬ 3 ਵਜੇ ਤੋਂ ਬਾਅਦ ਦੁਪਹਿਰ ਕਿਸੇ ਨਾਮਲੂਮ ਵਿਅਕਤੀ ਵੱਲੋਂ ਕਰੀਬ 6 ਲੱਖ ਰੁਪਏ ਆੜ੍ਹਤ ਦੀ ਦੁਕਾਨ ਤੋਂ ਚੋਰੀ ਕਰ ਲਈ ਸੀ ਜਿਸ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਅਣਪਛਾਤੇ ਵਿਅਕਤੀਆਂ ਤੇ ਚੋਰੀ ਦਾ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਸੀ।
ਪੁਲਿਸ ਦੀ ਮੁਸ਼ਤੈਦੀ ਸਦਕਾ ਇਸ ਮਾਮਲੇ ਨੂੰ ਬੇਪਰਦ ਕੀਤਾ
ਇਸ ਸਬੰਧੀ ਭਵਾਨੀਗੜ੍ਹ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਦੀ ਮੁਸ਼ਤੈਦੀ ਸਦਕਾ ਇਸ ਮਾਮਲੇ ਨੂੰ ਬੇਪਰਦ ਕੀਤਾ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਬਣਾ ਕੇ ਭੇਜੀਆਂ ਗਈਆਂ, ਟੈਕਨੀਕਲ ਸਰਵੇਲੈਂਸ ਦੇ ਆਧਾਰ ਪਰ ਇੱਕ ਕਾਲਾ ਹੈਲਮੈਟ ਪਹਿਨੇ ਮੋਟਰਸਾਈਕਲ ਜੋ ਵਾਰਦਾਤ ਵਿੱਚ ਵਰਤਿਆ ਗਿਆ ਹੈ, ਉਹ ਕਾਬੂ ਕੀਤਾ ਇਹ ਮੋਟਰਸਾਈਕਲ ਦੇ ਮਾਲਕ ਗੁਰਜੰਟ ਸਿੰਘ ਤੋਂ ਜਦੋਂ ਪੁਲਿਸ ਨੇ ਪੁਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਮੋਟਰਸਾਈਕਲ ਨੂੰ ਉਸਦਾ ਭਰਾ ਗਾਮਾ ਸਿੰਘ ਮੰਗ ਕੇ ਲੈ ਕੇ ਗਿਆ ਸੀ ਉਨ੍ਹਾਂ ਦੱਸਿਆ ਕਿ ਇਹ ਗਾਮਾ ਸਿੰਘ ਆੜ੍ਹਤੀਏ ਵਿਨੋਦ ਕੁਮਾਰ ਕੋਲ ਹੀ ਡਰਾਇਵਰੀ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਦੋਂ ਗਾਮਾ ਸਿੰਘ ਨੂੰ ਨਾਮਜ਼ਦ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਗੁਨਾਹ ਕਬੂਲ ਲਿਆ ਅਤੇ ਉਸ ਨੇ ਚੋਰੀ ਕੀਤੇ 3,26,800 ਰੁਪਏ ਆਪਣੇ ਘਰ ਦੇ ਬੈਡ ਦੇ ਸਿਰਹਾਣੇ ਵਿੱਚੋਂ ਕੱਢ ਕੇ ਪੁਲਿਸ ਦੇ ਸਪੁਰਦ ਕਰ ਦਿੱਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ।
ਸਿੱਧੂ ਨੇ ਦੱਸਿਆ ਕਿ ਪੁਲਿਸ ਬਿਆਨ ਵਿੱਚ ਚੋਰੀ ਹੋਈ ਰਕਮ 6 ਲੱਖ ਦੇ ਕਰੀਬ ਸੀ ਪਰ ਬਰਾਮਦ ਕੀਤੀ ਰਕਮ ਵਿੱਚ ਕਾਫ਼ੀ ਅੰਤਰ ਹੋਣ ਤੇ ਜਦੋਂ ਉਨ੍ਹਾਂ ਆੜ੍ਹਤੀਏ ਵਿਨੋਦ ਕੁਮਾਰ ਨੂੰ ਆਪਣਾ ਹਿਸਾਬ ਦੁਬਾਰਾ ਵਾਚਣ ਦੀ ਹਮਾਇਤ ਕੀਤੀ ਗਈ, ਜਿਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸਨੂੰ ਹਿਸਾਬ ਵਿੱਚ ਗਲਤੀ ਲੱਗ ਗਈ ਸੀ, ਜੋ ਕਿ ਉਸਦੇ 3,37,000 ਰੁਪਏ ਹੀ ਚੋਰੀ ਹੋਏ ਸਨ ਕਥਿਤ ਦੋਸ਼ੀ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਗਾਮਾ ਸਿੰਘ ਨੇ ਖੁਦ ਹੀ ਕੀਤੀ ਚੋਰੀ ਤੇ ਰੌਲਾ ਵੀ ਖੁਦ ਹੀ ਪਾਇਆ
ਸਿੱਧੂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਗਾਮਾ ਸਿੰਘ ਖਾਣਾ ਖਾਣ ਲਈ ਘਰ ਚਲਾ ਗਿਆ ਅਤੇ ਉਸਤੋਂ ਬਾਅਦ ਆੜ੍ਹਤੀਆ ਵਿਨੋਦ ਕੁਮਾਰ ਆਪਣੇ ਘਰ ਚਲਾ ਗਿਆ ਤਾਂ ਦੁਕਾਨ ਦਾ ਸ਼ਟਰ ਖੁੱਲ੍ਹਾ ਸੀ, ਗਾਮਾ ਸਿੰਘ ਆੜ੍ਹਤੀਏ ਦੀ ਗੈਰ ਹਾਜ਼ਰੀ ਵਿੱਚ ਦੁਕਾਨ ’ਤੇ ਆਇਆ ਅਤੇ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਅਲਮਾਰੀ ਵਿੱਚੋਂ 3,37,000 ਰੁਪਏ ਚੋਰੀ ਕਰਕੇ ਘਰ ਜਾ ਕੇ ਲੁਕੋ ਦਿੱਤੇ ’ਤੇ ਵਾਪਸ ਖੁਦ ਆਪ ਹੀ ਦੁਕਾਨ ’ਤੇ ਆ ਕੇ ਰੌਲਾ ਪਾ ਦਿੱਤਾ ਕਿ ਦੁਕਾਨ ਤੋਂ ਚੋਰੀ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ