ਬਠਿੰਡਾ ’ਚ 40 ਡਿਗਰੀ ’ਤੇ ਪੁੱਜਿਆ ਪਾਰਾ, ਗਰਮੀ ’ਚ ਮੱਦਦ ਕਰੇਗੀ ਸੰਸਥਾ ‘ਸਹਾਰਾ’

Heat wave forecast
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ।

70 ਸਾਲਾ ਬਿਰਧ ਗਰਮੀ ਨਾਲ ਬੇਹੋਸ਼ ਹੋ ਕੇ ਡਿੱਗਿਆ

ਬਠਿੰਡਾ/Bathinda (ਸੁਖਜੀਤ ਮਾਨ)। ਮਈ ਮਹੀਨੇ ਦੇ ਪਹਿਲੇ ਹਫ਼ਤੇ ਕਈ ਥਾਈਂ ਮੀਂਹ ਪੈਣ ਕਾਰਨ ਗਰਮੀ ਤੋਂ ਥੋੜ੍ਹੀ ਰਾਹਤ ਸੀ ਪਰ ਪਿਛਲੇ ਕਰੀਬ ਦੋ ਦਿਨਾਂ ਤੋਂ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਗਰਮੀ ਕਾਰਨ ਦੁਪਹਿਰ ਵੇਲੇ ਸੜਕਾਂ ’ਤੇ ਆਵਾਜਾਈ ਵੀ ਘਟਣ ਲੱਗੀ ਹੈ। ਗਰਮੀ ਦੇ ਇਸ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾ ਸਹਾਰਾ ਵੱਲੋਂ ਵਿਸ਼ੇਸ਼ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਵਿਅਕਤੀ ਗਰਮੀ ਦੇ ਕਹਿਰ ’ਚ ਮੁਸ਼ਕਿਲ ਨਾਲ ਨਾ ਜੂਝੇ।

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ (Bathinda) ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਤੋਂ ਹਾਸਿਲ ਕੀਤੇ ਵੇਰਵਿਆਂ ਮੁਤਾਬਿਕ ਅੱਜ ਬਠਿੰਡਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਦਰਜ਼ ਕੀਤਾ ਗਿਆ, ਜੋ ਮਈ ਮਹੀਨੇ ’ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਗਰਮੀ ਦੇ ਇਸ ਕਹਿਰ ਕਾਰਨ ਅੱਜ 70 ਸਾਲਾ ਉੱਤਮ ਦਾਸ ਵਾਸੀ ਯੂਪੀ ਬਿਮਾਰ ਹੋ ਗਿਆ ਤੇ ਚੱਕਰ ਖਾ ਕੇ ਡਿੱਗ ਪਿਆ। ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਰਕਰ ਮੌਕੇ ’ਤੇ ਪੁੱਜੇ ਅਤੇ ਬਜ਼ੁਰਗ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਵਧ ਰਹੀ ਗਰਮੀ ਨੂੰ ਦੇਖਦਿਆਂ ਸੰਸਥਾ ਸਹਾਰਾ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਅੱਜ ਸੰਸਥਾ ਦੇ ਸਰਪ੍ਰਸਤ ਜਨਕ ਰਾਜ ਅਗਰਵਾਲ ਤੇ ਚੇਅਰਮੈਨ ਪੰਕਜ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਗਰਮੀ ਦੇ ਮੱਦੇਨਜ਼ਰ ਬੇਸਹਾਰਾ ਅਤੇ ਲੋੜਵੰਦਾਂ ਦੇ ਲਈ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਜਨਕ ਰਾਜ ਅਗਰਵਾਲ ਨੇ ਦੱਸਿਆ ਕਿ ਸਹਾਰਾ ਵੱਲੋਂ ਗਰਮੀ ’ਚ ਵਿਸ਼ੇਸ਼ ਪ੍ਰਬੰਧ ਕਰਨ ਦਾ ਫੈਸਲਾ ਲਿਆ ਗਿਆ ਹੈ। ਗਰਮੀ ਦੇ ਮੌਸਮ ਨੂੰ ਦੇਖਦਿਆਂ ਸਹਾਰਾ ਜਨ ਸੇਵਾ ਦੀਆਂ ਦੋ ਐਂਬੂਲੈਂਸ ਟੀਮਾਂ ਤਾਇਨਾਤ ਰਹਿਣਗੀਆਂ ਜੋ ਗਰਮੀ ’ਚ ਕਿਸੇ ਵੀ ਵਿਅਕਤੀ ਨੂੰ ਬੁਖਾਰ ਹੋਣ ਜਾਂ ਗਰਮੀ ਕਾਰਨ ਬੇਹੋਸ਼ ਹੋਣ ’ਤੇ ਤੁਰੰਤ ਸਹਾਇਤਾ ਮੁਹੱਈਆ ਕਰਵਾਉਣਗੀਆਂ। ਦੋਵੇਂ ਐਂਬੂਲੈਂਸਾਂ ਹਰ ਸਮੇਂ ਸ਼ਹਿਰ ’ਚ ਰਹਿਣਗੀਆਂ।

ਇਹ ਵੀ ਪੜ੍ਹੋ : ਬਲਾਕ ਮਲੋਟ ਦੀ ਸਾਧ-ਸੰਗਤ ਨੇ ‘ਪੰਛੀ ਉਦਾਰ ਮੁਹਿੰਮ’ ‘ਚ ਪਾਇਆ ਯੋਗਦਾਨ

ਸਥਾਨਕ ਮਾਲ ਗੋਦਾਮ ਰੋਡ, ਪਟਾ ਮਾਰਕੀਟ, ਲੇਬਰ ਚੌਂਕ ’ਚ ਜਿੱਥੇ ਜ਼ਿਆਦਾਤਰ ਬੇਸਹਾਰਾ ਲੋਕ ਰਹਿੰਦੇ ਹਨ, ਉੱਥੇ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ। ਇਹੋ ਹੀ ਨਹੀਂ ਸਹਾਰਾ ਵਰਕਰਾਂ ਵੱਲੋਂ ਗਰਮੀ ਕਾਰਨ ਬਿਮਾਰ ਹੋਣ ਵਾਲਿਆਂ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਜਾਵੇਗੀ ਜਿਵੇਂ ਕਿ ਗਰਮੀ ਕਾਰਨ ਬੁਖਾਰ ਹੋਣ ’ਤੇ ਬਰਫ ਵਾਲੀਆਂ ਠੰਢੀਆਂ ਪੱਟੀਆਂ ਵੀ ਲਗਾਈਆਂ ਜਾਣਗੀਆਂ। ਗਰਮੀ ਦੇ ਇਸ ਮੌਸਮ ’ਚ ਸੇਵਾ ਕਾਰਜਾਂ ਲਈ ਸਹਾਰਾ ਵਲੰਟੀਅਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ। ਮੀਟਿੰਗ ’ਚ ਰੌਕੀ ਗੋਇਲ, ਸ਼ਾਮ ਮਿੱਤਲ, ਸੰਦੀਪ ਗੋਇਲ, ਅਸ਼ੋਕ ਗੋਇਲ, ਕਮਲ ਪਾਹੂਜਾ, ਅਮਿਤ ਖੁਰਮੀ, ਰਾਜਿੰਦਰ ਕੁਮਾਰ, ਟੇਕ ਚੰਦ, ਜੱਗਾ, ਸੰਦੀਪ ਗਿੱਲ, ਵਿੱਕੀ, ਹਰਬੰਸ ਸਿੰਘ, ਤਿਲਕ ਰਾਜ, ਗੁਰਵਿੰਦਰ ਬਿੰਦੀ, ਸੁਨੀਲ ਗਰਗ, ਲੱਕੀ ਅਤੇ ਸਾਗਰ ਗਰਗ ਆਦਿ ਹਾਜ਼ਰ ਸਨ।

ਸਿਵਲ ਹਸਪਤਾਲ ’ਚ ਰੱਖੇ ਜਾਣਗੇ ਠੰਢੇ ਪਾਣੀ ਦੇ ਕੈਂਪਰ | Bathinda

ਭਾਵੇਂ ਸਿਵਲ ਹਸਪਤਾਲ ’ਚ ਆਪਣੇ ਪੱਧਰ ’ਤੇ ਗਰਮੀ ’ਚ ਠੰਢੇ ਪਾਣੀ ਦੇ ਪ੍ਰਬੰਧ ਕੀਤੇ ਜਾਂਦੇ ਹਨ ਪਰ ਉਹ ਪੂਰੇ ਨਹੀਂ ਹੁੰਦੇ। ਇਸ ਵਾਰ ਵੀ ਸਮਾਜ ਸੇਵੀ ਸੰਸਥਾ ਸਹਾਰਾ ਵੱਲੋਂ ਸ਼ਹਿਰ ਦੀਆਂ ਬਾਕੀ ਥਾਵਾਂ ਦੇ ਨਾਲ-ਨਾਲ 80 ਠੰਢੇ ਪਾਣੀ ਵਾਲੇ ਕੈਂਪਰ ਹਸਪਤਾਲ ’ਚ ਰੱਖਣ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਵਾਰਿਸਾਂ ਨੂੰ ਕੋਈ ਮੁਸ਼ਕਿਲ ਨਾ ਆਵੇ।

ਸਹਾਇਤਾ ਲੈਣ ਲਈ ਨੰਬਰ ਕੀਤਾ ਜਾਰੀ

ਸਹਾਰਾ ਜਨ ਸੇਵਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਗਰਮੀ ਕਾਰਨ ਕਿਸੇ ਵੀ ਵਿਅਕਤੀ ਨੂੰ ਬਿਮਾਰ ਜਾਂ ਬੇਹੋਸ਼ ਪਿਆ ਦੇਖਦਿਆਂ ਹੀ ਮੋਬਾਇਲ ਨੰਬਰ 98551-33333 ’ਤੇ ਘੰਟੀ ਕਰਕੇ ਮੱਦਦ ਲਈ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ 5 ਮਿੰਟ ਵਿੱਚ ਐਂਬੂਲੈਂਸ ਸਬੰਧਿਤ ਸਥਾਨ ’ਤੇ ਪਹੁੰਚ ਕੇ ਲੋੜਵੰਦ ਦਾ ਇਲਾਜ ਕਰਵਾਉਣ ’ਚ ਮੱਦਦ ਕਰੇਗੀ ਜੋ ਸਹਾਰਾ ਦਾ ਮੁੱਖ ਟੀਚਾ ਹੈ।