ਠੋਡੀ ਉੁੱਤੇ ਮਾਸਕ

Mask on the chin : ਠੋਡੀ ਉੁੱਤੇ ਮਾਸਕ

ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ,
ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ।
ਠੋਡੀ ਤੋਂ ਕਰਦੇ ਬੁੱਲ੍ਹਾਂ ’ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ’ਤੇ,
ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕੋਰੋਨਾ ਦਾ ਡਰ ਭੁਲਾ ਕੇ ਤੇ।

ਨਾਸਾਂ ਨੂੰ ਨੰਗੀਆਂ ਰੱਖ ਕੇ ਇਹ ਖੌਰੇ ਕੀ ਜਤਾਉਣਾ ਚਾਹੁੰਦੇ ਨੇ,
ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ।
ਜਾਓ ਪੁੱਛ ਲਓ ਉਨ੍ਹਾਂ ਲੋਕਾਂ ਤੋਂ ਜਿੰਨ੍ਹੀ ਘਰੀਂ ਹੋ ਹਨ੍ਹੇਰ ਗਿਆ,
ਜਿਹੜਾ ਘੇਰਿਆ ਏਸ ਬਿਮਾਰੀ ਦਾ ਦੁਨੀਆਂ ਤੋਂ ਅੱਖਾਂ ਫੇਰ ਗਿਆ।
ਇੱਕ ਵਾਰ ਜੋ ਤੁਰਗੇ ਦੁਨੀਆਂ ਤੋਂ ਉਹ ਪਰਤਕੇ ਫੇਰ ਨਾ ਆਉਂਦੇ ਨੇ,
ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ।
ਮਹਾਂਮਾਰੀ ਅੱਗੇ ਕੋਈ ਜ਼ੋਰ ਨਹੀਂ ਸਦਾ ਬਚਕੇ ਰਹਿਣਾ ਚਾਹੀਦਾ,
ਇਹ ਹੈ ਨਹੀਂ ਗੀ ਸਾਨੂੰ ਕੀ ਕਰੂ ਏਦਾਂ ਨਹੀਂ ਕਹਿਣਾ ਚਾਹੀਦਾ।
ਉਹ ਕਦੇ ਨਹੀਂ ਹੁੰਦੇ ਬੰਦਿਆਂ ’ਚੋਂ ਜੋ ਮਜ਼ਾਕ ਦੂਜੇ ਉਡਾਉਂਦੇ ਨੇ,
ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ।
ਇਸਦੇ ਅੱਗੇ ਕੋਈ ਸਿਆਣਪ ਨਹੀਂ ਤੇ ਨਾ ਹੀ ਕੋਈ ਚਲਾਕੀ ਏ,
ਇਹ ਭੱਜਣ ਨੂੰ ਨਾ ਰਾਹ ਦੇਵੇ ਨਾ ਬੂਹਾ ਦਿਸੇ ਨਾ ਤਾਕੀ ਏ।
ਜੋ ਮਖੌਲ ਉਡਾਉਣ ਸ਼ਿਨਾਗ ਸੰਧੂ ਉਹੀ ੜਾਂ-ੜਾਂ ਹੇਕਾਂ ਲਾਉਂਦੇ ਨੇ,
ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ।
ਸ਼ਿਨਾਗ ਸਿੰਘ ਸੰਧੂ,ਦਫਤਰ ਬਲਾਕ ਸਿੱਖਿਆ ਅਫਸਰ (ਐ.),ਚੋਹਲਾ ਸਾਹਿਬ,
ਤਰਨ ਤਾਰਨ। ਮੋ. 97816-93300

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।