ਬਿਆਸ ਤੇ ਸਤਲੁਜ ਦੇ ਮਿਲਨ ਸਥਲ ਹਰੀਕੇ ‘ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ, 100 ਕੁਇੰਟਲ ਸੁੱਕੀ ਲੱਕੜ ਤੇ 100 ਲੱਕੜ ਦੀਆਂ ਕਿਸ਼ਤੀਆਂ ਜ਼ਬਤ

ਫਿਰੋਜ਼ਪੁਰ, (ਸਤਪਾਲ ਥਿੰਦ)। ਸ਼ਰਾਬ ਮਾਫੀਏ ਦਾ ਹੈੱਡਕੁਆਟਰ ਬਣਿਆ ਦਰਿਆਈ ਇਲਾਕੇ ‘ਤੇ ਆਬਕਾਰੀ ਵਿਭਾਗ ਫਿਰੋਜ਼ਪੁਰ ਤੇ ਤਰਨਤਾਰਨ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਫਿਰ ਤੋਂ ਇੱਕ ਵਾਰ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਦੌਰਾਨ 3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ ਅਤੇ 9 ਐਲਮੀਨੀਅਮ ਦੇ ਭਾਂਡੇ ਬਰਾਮਦ ਕੀਤੇ। ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਨੇ ਦੱਸਿਆ ਕਿ ਆਬਕਾਰੀ ਵਿਭਾਗ ਤੇ ਪਿਲਸ ਵਿਭਾਗ ਦੀਆਂ ਟੀਮਾਂ ਵੱਲੋਂ ਹਰੀਕੇ ਖੇਤਰ ਵਿੱਚ ਸਤਲੁਜ ਅਤੇ ਬਿਆਸ ਦਰਿਆ ਦੇ ਮਿਲਨ ਸਥਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਾਂਝੇ ਤੌਰ ‘ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ 3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ, 9 ਐਲਮੀਨੀਅਮ ਦੇ ਭਾਂਡੇ ਤੋਂ ਇਲਾਵਾ ਲਗਭਗ 100 ਕੁਇੰਟਲ ਸੁੱਕੀ ਲੱਕੜ ਤੇ 100 ਲੱਕੜ ਦੀਆਂ ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ।

ਉਨਾਂ ਦੱਸਿਆ ਕਿ ਇਹ ਮੁਹਿੰਮ ਈਟੀਓ ਆਬਕਾਰੀ ਕਰਮਬੀਰ ਸਿੰਘ ਮਾਹਲਾ ਦੀ ਅਗਵਾਈ ਹੇਠ ਚਲਾਈ ਗਈ, ਉਨਾਂ ਦੇ ਨਾਲ ਡੀ.ਐੱਸ.ਪੀ ਅਪ੍ਰੇਸ਼ਨ ਤਰਨਤਾਰਨ ਇਕਬਾਲ ਸਿੰਘ ਸਮੇਤ ਪੁਲਿਸ ਵਿਭਾਗ ਦੀ ਟੀਮ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਦਾ ਕੰਮ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਹਰੀਕੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ।

ਸਤਲੁਜ ਦੇ ਸਰਕੰਡਿਆਂ ‘ਚੋਂ ਸੈਂਕੜੇ ਬੋਤਲਾਂ ਸ਼ਰਾਬ ਤੇ ਲਾਹਣ ਹੋਈ ਬਰਾਮਦ

ਆਬਕਾਰੀ ਵਿਭਾਗ ਦੀ ਕਾਰਵਾਈ ਤੋਂ ਇਲਾਵਾ ਥਾਣਾ ਫਿਰੋਜ਼ਪੁਰ ਸਦਰ ਪੁਲਿਸ ਵੱਲੋਂ ਸਤਲੁਜ ਦਰਿਆ ਦੇ ਕੰਢੇ ‘ਤੇ ਕਾਰਵਾਈ ਕਰਦਿਆਂ 410 ਬੋਤਲਾਂ ਸ਼ਰਾਬ, 8 ਤਰਪਾਲਾਂ ਅਤੇ 8 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ ਹੈ । ਇਸ ਸਬੰਧੀ ਹੌਲਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪਿੰਡ ਅਲੀ ਕੇ ਬੰਨ ਦਰਿਆ ਸਤਲੁਜ ‘ਤੇ ਛਾਪੇਮਾਰੀ ਕੀਤੀ ਗਈ ਤਾਂ ਸਰਕੰਡਿਆਂ ਵਿਚੋਂ ਪੁਲਿਸ ਨੂੰ ਇਹ ਬਰਾਮਦਗੀ ਹੋਈ ਹੈ, ਜਿਸ ਨੂੰ ਬਰਾਮਦ ਕਰਨ ਮਗਰੋਂ ਪੁਲਿਸ ਵੱਲੋਂ ਪਿੰਡ ਅਲੀ ਕੇ ਦੇ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.