ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ

Maintaining young power

ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ

ਭਾਰਤ ਉਂਜ ਤਾਂ ਸੱਤ ਸੌ ਸਾਲ ਤੋਂ ਜਿਆਦਾ ਕਿਸੇ ਨਾ ਕਿਸੇ ਦਾ ਗੁਲਾਮ ਹੁੰਦਾ ਰਿਹਾ ਪਰ ਸਭ ਤੋਂ ਜਿਆਦਾ ਦੋ ਸੌ ਸਾਲ ਤੋਂ ਵੱਧ ਅੰਗਰੇਜ਼ਾਂ ਦੇ ਅਧੀਨ ਗੁਲਾਮੀ ਕੱਟਦਾ ਰਿਹਾ ਲੋਕਾਂ ਨੂੰ ਹੌਲੀ- ਹੌਲੀ ਸੂਝ ਆਈ ਕਿ ਸਾਡੇ ਦੇਸ਼ ਦਾ ਸੋਨਾ ਭਾਵੇਂ ਕਿਸੇ ਰੂਪ ਵਿਚ ਵੀ ਕਿਉਂ ਨਾ ਹੋਵੇ, ਬਾਹਰ ਜਾ ਰਿਹਾ ਹੈ। ਇੱਕਾ-ਦੁੱਕਾ ਅੰਗਰੇਜ ਸਾਡੇ ‘ਤੇ ਮਨਮਰਜ਼ੀ ਦਾ ਜ਼ੁਲਮ ਢਾਹ ਰਹੇ ਹਨ, ਇਹ ਕਿੰਨਾ ਚਿਰ ਬਰਦਾਸ਼ਤ ਕੀਤਾ ਜਾਵੇਗਾ।
ਇਹ ਸੋਚ ਕੇ ਨੌਜਵਾਨ ਪੀੜ੍ਹੀ ਨੇ ਆਪੋ-ਆਪਣੇ ਤਰੀਕੇ ਨਾਲ ਸੰਘਰਸ਼ ਵਿੱਢਣੇ ਸ਼ੁਰੂ ਕਰ ਦਿੱਤੇ।ਦੇਸ਼ ਦੇ ਕੋਨੇ-ਕੋਨੇ ਤੋਂ ਅੰਗਰੇਜਾਂ ਨੂੰ ਬਾਹਰ ਕੱਢਣ ਦੀਆਂ ਅਵਾਜਾਂ ਬੁਲੰਦ ਹੋਣ ਲੱਗ ਪਈਆਂ। ਲੋਕ ਹੌਲੀ-ਹੌਲੀ ਸੜਕਾਂ ‘ਤੇ ਉੱਤਰਨੇ ਸ਼ੁਰੂ ਹੋ ਗਏ। ਅੰਗਰੇਜਾਂ ਦੇ ਜੋ ਹੱਥੇ ਚੜ੍ਹ ਜਾਂਦਾ ਉਸ ਦਾ ਮੂੰਹ ਹਮੇਸ਼ਾ ਵਾਸਤੇ ਬੰਦ ਕਰ ਦਿੰਦੇ।

ਇਹ ਲੁਕਣਮੀਚੀ ਕਾਫੀ ਚਿਰ ਚੱਲਦੀ ਰਹੀ ਆਖ਼ਰ ਲੋਕ ਸਿੱਧਾ-ਸਿੱਧਾ ਅੰਗਰੇਜਾਂ ਦਾ ਵਿਰੋਧ ਕਰਨ ਲੱਗ ਪਏ।   ਅੰਗਰੇਜ਼ਾਂ ਨੇ ਬਗਾਵਤ ਨੂੰ ਨੱਥ ਪਾਉਣ ਵਾਸਤੇ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਕਈਆਂ ਨੂੰ ਕਾਲੇ ਪਾਣੀ ਦੀਆਂ ਜੇਲ੍ਹਾਂ ਵਿਚ ਸੁੱਟ ਦਿੱਤਾ ਕਈ ਅਣਿਆਈ ਮੌਤ ਹੀ ਮਾਰ ਦਿੱਤੇ। ਨੌਜਵਾਨ ਕਿਸੇ ਅੱਗੇ ਨਾ ਝੁਕੇ ਸਗੋਂ ਹੋਰ ਹਿੰਮਤ ਨਾਲ ਅੱਗੇ ਵਧਦੇ ਗਏ।

ਹੱਸ-ਹੱਸ ਕੇ ਗਲ਼ਾਂ ਵਿਚ ਫਾਸੀਆਂ ਪਾ ਕੇ ਸ਼ਹੀਦ ਹੁੰਦੇ ਗਏ। ਹਰੇਕ ਥਾਂ ‘ਤੇ ਅੰਗਰੇਜ਼ਾਂ ਦੀ ਬਗਾਵਤ ਹੋਣ ਲੱਗ ਪਈ, ਨੌਜਵਾਨਾਂ ਨੇ ਅੰਗਰੇਜ਼ਾਂ ਨੂੰ ਇੰਨਾ ਮਜ਼ਬੂਰ ਕਰ ਦਿੱਤਾ ਕਿ ਉਹਨਾਂ ਦੀ ਨੌਜਵਾਨਾਂ ਅੱਗੇ ਇੱਕ ਨਾ ਚੱਲੀ ਤੇ ਅਖੀਰ ਉਹ ਅੰਗਰੇਜ਼ ਸਾਡਾ ਦੇਸ਼ ਛੱਡ ਕੇ ਆਪਣੇ ਵਤਨ ਵਾਪਸ ਪਰਤ ਗਏ। ਭਾਰਤ ਦੇਸ਼ ਅਜ਼ਾਦ ਅਖਵਾਉਣ ਲੱਗ ਪਿਆ ਇੱਥੇ ਲੋਕਤੰਤਰ ਰਾਜ ਸਥਾਪਿਤ ਹੋ ਗਿਆ। ਲੋਕਾਂ ਨੂੰ ਇੰਝ ਲੱਗਾ ਕਿ ਹੁਣ ਅਸੀਂ ਵਧੀਆ ਜਿੰਦਗੀ ਜਿਊਣ ਲੱਗ ਪਵਾਂਗੇ, ਸਾਡਾ ਹੀ ਦੇਸ਼ ਹੋਵੇਗਾ, ਸਾਡੇ ਹੀ ਲੋਕ ਰਾਜਨੇਤਾ ਹੋਣਗੇ, ਇੱਥੋਂ ਕੁਝ ਵੀ ਬਾਹਰ ਨਹੀਂ ਜਾਵੇਗਾ। ਸਗੋਂ ਅਸੀਂ ਬਾਹਰੋਂ ਮੰਗਵਾ ਕੇ ਆਪਣੇ ਦੇਸ਼ ਨੂੰ ਹੋਰ ਸਿਖ਼ਰਾਂ ‘ਤੇ ਲੈ ਜਾਵਾਂਗੇ

ਅੰਗਰੇਜ਼ ਦੀ ਇੱਥੋਂ ਜਾਣ ਦੀ ਦੇਰ ਸੀ ਕਿ ਲੋਕਾਂ ਦੇ ਸੁਰ ਨਾਲੋ-ਨਾਲ ਬਦਲ ਗਏ

ਭ੍ਰਿਸਸ਼ ਲੋਕ ਮੌਕੇ ਦੀ ਆੜ ਵਿਚ ਜੋ ਬੈਠੇ ਸਨ ਉਹਨਾਂ ਰਾਤੋ-ਰਾਤ ਹੀ ਆਪਣਾ ਘੇਰਾ ਵੱਡਾ ਕਰ ਦਿੱਤਾ। ਲੀਡਰ ਖ਼ੁੰਬਾਂ ਵਾਂਗੂ ਉੱਗ ਪਏ, ਜਿਹੜੇ ਦੇਸ਼ ਲਈ ਲੜਦੇ ਰਹੇ ਉਹਨਾਂ ਨੂੰ ਭੁੱਲ ਕੇ ਆਪਣਾ ਸਵਾਰਥ ਸਿੱਧ ਕਰਨ ਲੱਗ ਗਏ। ਕਿਸੇ ਨੂੰ ਚੇਤਾ ਹੀ ਨਾ ਰਿਹਾ ਕਿ ਅੰਗਰੇਜ਼ਾਂ ਨੂੰ ਭਜਾਉਣ ਵਾਸਤੇ ਕੌਣ-ਕੌਣ ਅੱਗੇ ਆਇਆ ਸੀ, ਉਨ੍ਹਾਂ ਬਾਰੇ ਕੀ ਸੋਚਣਾ ਹੈ ਕਿਸੇ ਨੂੰ ਯਾਦ ਹੀ ਨਹੀਂ ਰਿਹਾ। ਬੱਸ ਆਪਣੇ ਢਿੱਡ ਭਰਨ ਵਿਚ ਲੱਗ ਗਏ। ਨੌਜਵਾਨ ਪੀੜ੍ਹੀ ਇਹ ਸੋਚ ਕੇ ਪ੍ਰੇਸ਼ਾਨ ਹੋ ਗਈ ਕਿ ਅੰਗਰੇਜ਼ਾਂ ਨੂੰ ਤਾਂ ਅਸੀਂ ਬਾਹਰ ਦਾ ਰਾਹ ਵਿਖਾ ਦਿੱਤਾ

ਏ ਦੇਸ਼ ਆਜ਼ਾਦ ਵੀ ਹੋ ਗਿਆ ਪਰ ਅਸੀਂ ਉਹੋ-ਜਿਹੇ ਦੇ ਉਹੋ-ਜਿਹੇ ਹੀ ਰਹਿ ਗਏ ਜਿਵੇਂ ਪਹਿਲਾਂ ਸਾਂ। ਉਲਟਾ ਉਸ ਤੋਂ ਵੀ ਬੁਰਾ ਹਾਲ ਹੋ ਗਿਆ ਹੈ ਪੜ੍ਹਾਈ ਕਰਕੇ ਕੋਈ ਫਾਇਦਾ ਨਹੀਂ ਹੋ ਰਿਹਾ ਨੌਕਰੀ ਦੇ ਦਰਵਾਜ਼ੇ ਬੰਦ ਹੋਏ ਪਏ ਨੇ ਅੱਗੇ ਭਵਿੱਖ ਨਜ਼ਰ ਨਹੀਂ ਆ ਰਿਹਾ। ਮਹਿੰਗਾਈ ਲੱਕ ਤੋੜੀ ਜਾਂਦੀ ਹੈ, ਕਿਸਾਨ ਖ਼ੁਦਕੁਸ਼ੀਆਂ ਕਰਨ ਵਾਸਤੇ ਮਜ਼ਬੂਰ ਹੋ ਰਹੇ ਹਨ। ਪੜ੍ਹਿਆ-ਲਿਖਿਆ ਵਰਗ ਪੈਸੇ-ਪੈਸੇ ਨੂੰ ਮੁਥਾਜ਼ ਹੋਇਆ ਫਿਰਦਾ ਹੈ, ਜਿੰਨੀ ਪੜ੍ਹਾਈ ਕੀਤੀ ਹੁੰਦੀ ਏ ਉਸ ਹਿਸਾਬ ਨਾਲ ਮਿਹਨਤਾਨਾ ਨਹੀਂ ਮਿਲਦਾ। ਫਿਰ ਵਿਹਲੇ ਨਸ਼ੇ ਵਿਚ ਵੜ੍ਹ ਜਾਂਦੇ ਹਨ ਜਿੱਥੇ ਜਿੰਦਗੀ ਤਬਾਹ ਹੋ ਰਹੀ ਹੈ ਮਾਪੇ ਪ੍ਰੇਸ਼ਾਨ ਹੋ ਕੇ ਆਪਣੀ ਇਕਲੌਤੀ ਔਲਾਦ ਨੂੰ ਬਾਹਰ ਦੀਆਂ ਮੰਡੀਆਂ ਵਿਚ ਧੱਕ ਰਹੇ ਹਨ। ਸਾਡੇ ਦੇਸ਼ ਦੇ ਮੁੱਠੀ ਭਰ ਲੋਕ ਇਸ ਦਾ ਨਜਾਇਜ਼ ਫਾਇਦਾ ਲੈ ਕੇ ਆਪਣੀ ਪ੍ਰਾਪਰਟੀ ਬਣਾਉਣ ਵਿਚ ਦਿਨ-ਰਾਤ ਜੁਟੇ ਹੋਏ ਹਨ। ਇੱਥੇ ਲੋਕਾਂ ਨੂੰ ਮਜ਼ਹਬਾਂ ਦੇ ਰੌਲੇ ਵਿਚ ਪਾ ਕੇ ਗੁੰਮਰਾਹ ਕੀਤਾ ਜਾਂਦਾ ਹੈ।

ਹਾਲੇ ਵੀ ਸਮਾਂ ਏ ਕਿ ਆਪਾਂ ਆਪਣੀ ਇਕਲੌਤੀ ਔਲਾਦ ਨੂੰ ਬਾਹਰ ਨਾ ਭੇਜੀਏ ਸਗੋਂ ਇੱਥੇ ਰਹਿਣਾ ਸਿਖਾਈਏ।

ਸਿਆਸੀ ਲੋਕ ਤਾਂ ਇਹ ਕਹਿੰਦੇ ਹਨ ਕਿ ਚੰਗੇ ਪੜ੍ਹੇ-ਲਿਖੇ ਲੋਕ ਬਾਹਰ ਚਲੇ ਜਾਣ ਅਸੀਂ ਉਨ੍ਹਾਂ ਤੋਂ ਕੀ ਲੈਣਾ ਏ। ਸਾਨੂ ਤਾਂ ਅਨਪੜ੍ਹ ਲੋਕਾਂ ਦੀ ਜਰੂਰਤ ਹੈ ਜਿਹੜੇ ਨਾ ਤਾਂ ਆਪਣਾ ਹੱਕ ਮੰਗ ਸਕਦੇ ਹਨ, ਨਾ ਪ੍ਰਸ਼ਾਸਨ ਅੱਗੇ ਅੜ ਸਕਦੇ ਹਨ ਇਹ ਹਾਲਾਤ ਕਿਸੇ ਇੱਕ ਦੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਹਨ। ਇਸ ਦਾ ਹੱਲ ਕਿਸੇ ਬਾਹਰ ਵਾਲੇ ਨੇ ਨਹੀਂ ਸਗੋਂ ਅਸੀਂ ਰਲ-ਮਿਲ ਕੇ ਆਪ ਲੱਭਣਾ ਹੈ ਬੇਸ਼ੱਕ ਜੰਗਲ ਦੀ ਅੱਗ ਨੂੰ ਇੱਕ ਚਿੜੀ ਦੀ ਚੁੰਝ ਵਿਚ ਆਇਆ ਪਾਣੀ ਨਹੀਂ ਬੁਝਾ ਸਕਦਾ।

ਪਰ ਜਦੋਂ ਲੇਖਾ-ਜੋਖਾ ਹੋਵੇਗਾ ਤਾਂ ਚਿੜੀ ਦਾ ਨਾਂਅ ਅੱਗ ਬੁਝਾਉਣ ਵਾਲਿਆਂ ਵਿਚ ਲਿਖਿਆ ਹੋਵੇਗਾ ਅੱਗ ਲਾਉਣ ਵਾਲਿਆਂ ‘ਚ ਨਹੀਂ। ਇਸੇ ਤਰ੍ਹਾਂ ਆਪਾਂ ਸਾਰੇ ਇੱਕ ਅਵਾਜ਼ ਬਣਕੇ ਸਰਕਾਰ ਦੇ  ਕੰਨਾਂ ਤੱਕ ਪਹੁੰਚੀਏ। ਤਾਂ ਹੋ ਸਕਦੈ ਕਿ ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਅੰਗਰੇਜ਼ਾਂ ਦੇ ਗੁਲਾਮ ਹੋਣੋ ਬਚ ਸਕੇ ਜਿਨ੍ਹਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਨੇ ਧੱਕੇ ਮਾਰ ਕੇ ਕੱਢਿਆ ਸੀ ਕਿਧਰੇ ਫਿਰ ਉਹਨਾਂ ਦੇ ਪੈਰਾਂ ਵਿਚ ਡਿੱਗ ਕੇ ਇਹ ਨਾ ਕਹਿਣਾ ਪਏ ਕਿ ਤੁਸੀਂ ਸਹੀ ਸੀ ਤੇ ਸਾਡੇ ਵੱਡ-ਵਡੇਰੇ ਗਲਤ ਸਨ।

ਕਾਲਜ ਬੰਦ ਨਾ ਹੋਣ ਦੇਈਏ, ਆਈਲੈਟਸ ਸੈਂਟਰਾਂ ਨੇ ਸਾਨੂੰ ਕਿਸੇ ਪਾਸੇ ਦਾ ਨਹੀਂ ਰਹਿਣ ਦੇਣਾ। ਮਾਪਿਆਂ ਵਾਸਤੇ ਬਿਰਧ ਆਸ਼ਰਮ ਨਾ ਬਣਵਾਈਏ ਸਗੋਂ ਬਜ਼ੁਰਗ ਨੂੰ ਪਿਆਰ-ਸਤਿਕਾਰ ਨਾਲ ਆਪਣੇ ਘਰਾਂ ਵਿਚ ਰੱਖ ਕੇ ਉਨ੍ਹਾਂ ਦੀ ਸੇਵਾ ਕਰੀਏ। ਆਪਣੇ ਹਥੀਂ ਜਹਾਜ਼ ਚੜ੍ਹਾ ਕੇ ਫਿਰ ਉਮੀਦ ਨਾ ਰੱਖੀਏ ਕਿ ਉਹ ਗੋਰੇ ਆਸਾਨੀ ਨਾਲ ਸਾਡੇ ਪੁੱਤਰਾਂ-ਧੀਆਂ ਨੂੰ ਵਾਪਿਸ ਭੇਜ ਦੇਣਗੇ! ਇਹ ਨਹੀਂ ਹੋ ਸਕਦਾ। ਜੋ ਹੋ ਸਕਦਾ ਹੈ ਆਪਾਂ ਉਹ ਹੀ ਕਰੀਏ। ਸੋਚ ਬਦਲੀਏ ਤਾਂ ਦੁਨੀਆ ਬਦਲ ਸਕਦੀ ਹੈ

ਜਸਵਿੰਦਰ ਭੁਲੇਰੀਆ

ਮਮਦੋਟ, ਫਿਰੋਜ਼ਪੁਰ
ਮੋ. 75891-55501

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।