ਮਾਂ (MAA)

Parental Pain

ਮਾਂ (MAA)

ਰਜਨੀ ਦਾ ਪਤੀ ਇੱਕ ਉੱਚ ਅਧਿਕਾਰੀ ਸੀ। ਉਹ ਵਿਆਹ ਤੋਂ ਦਸ ਸਾਲ ਬਾਅਦ ਹੀ ਪਰਮਾਤਮਾ ਨੂੰ ਪਿਆਰਾ ਹੋ ਗਿਆ, ਅਚਾਨਕ ਹਿਰਦੇ ਗਤੀ ਰੁਕਣ ਕਰਕੇ। ਉੁਚ ਅਧਿਕਾਰੀ ਹੋਣ ਦੇ ਨਾਤੇ ਘਰ ਦਾ ਵਾਤਾਵਰਨ, ਰਹਿਣ-ਸਹਿਣ ਉੱਚ ਦਰਜੇ ਦਾ ਸੀ। ਰਜਨੀ ਪੜ੍ਹੀ-ਲਿਖੀ ਤਾਂ ਸੀ ਪਰ ਉਸਨੇ ਕੋਈ ਨੌਕਰੀ ਨਹੀਂ ਸੀ ਕੀਤੀ। ਰਜਨੀ ਦਾ ਅੱਠ ਸਾਲ ਦਾ ਇੱਕ ਲੜਕਾ ਸੀ ਰਾਜੇਸ਼। ਉਹ ਆਪਣੇ ਪੁੱਤਰ ਦੀ ਸੁਖ-ਸੁਵਿਧਾ ਲਈ ਤਨ-ਮਨ-ਧਨ ਤੋਂ ਕੁਰਬਾਨ ਸੀ। ਉਸਨੇ ਇੱਕ ਪ੍ਰਾਈਵੇਟ ਕਾਲਜ ਵਿਚ ਨੌਕਰੀ ਕਰ ਲਈ ਸੀ।

ਰਾਜੇਸ਼ ਦੀ ਖੁਸ਼ੀ ’ਚ ਹੀ ਉਸਦੀ ਖੁਸ਼ੀ ਸੀ। ਇੱਕ ਮਾਂ ਦੇ ਫਰਜ ਹੀ ਨਹੀਂ ਬਲਕਿ ਬਾਪ ਦੇ ਫਰਜ ਵੀ ਇਮਾਨਦਾਰੀ ਨਾਲ ਨਿਭਾਏ। ਰਾਜੇਸ਼ ਉਸ ਦੀ ਜਿੰਦਗੀ ਸੀ ਉਸਦੇ ਸਾਹਾਂ ਦੀ ਜਰੂਰਤ, ਉਸਦੇ ਮੋਹ ਦੀ ਕੀਮਤ, ਉਸਦੇ ਨੈਣਾਂ ਦੀ ਜੋਤੀ। ਰਾਜੇਸ਼ ਉੁਚ ਪੜ੍ਹਾਈ ਹਾਸਲ ਕਰਕੇ ਇੱਕ ਉੱਚ ਸਰਕਾਰੀ ਅਹੁਦੇ ਦੇ ਫਰਜ ਨਿਭਾ ਰਿਹਾ ਸੀ। ਉਸਨੇ ਆਪਣੇ ਪੁੱਤਰ ਦਾ ਵਿਆਹ ਧੂਮਧਾਮ ਨਾਲ ਆਪਣੀ ਔਕਾਤ ਤੋਂ ਵੱਧ ਖਰਚਿਆਂ ਨਾਲ ਨੇਪਰੇ ਚਾੜਿ੍ਹਆ ਸੀ। ਰਿਸ਼ਤੇਦਾਰਾਂ ਵਿਚ ਸ਼ਹਿਰ ਵਿਚ ਰਜਨੀ ਦੀ ਕਾਰਗੁਜਾਰੀ ਪ੍ਰਸੰਸਾ ਦੇ ਕਾਬਲ ਸੀ। ਰਾਜੇਸ਼ ਦੀ ਪਤਨੀ ਸੁੰਦਰ ਤੇ ਸੁਸ਼ੀਲ ਸੀ।

ਉਹ ਵੀ ਸਰਕਾਰੀ ਮੁਲਾਜ਼ਮ ਸੀ। ਲਗਭਗ ਇੱਕ ਸਾਲ ਬਾਅਦ ਰਜਨੀ ਦੇ ਆਂਗਣ ਵਿਚ ਪੋਤੇ ਦੀ ਆਮਦ ਨੇ ਖੁਸ਼ੀਆਂ ਦੇ ਬੰਦਨਵਾਰ ਸਜਾ ਦਿੱਤੇ। ਰਜਨੀ ਦੀ ਖੁਸ਼ੀ ਅੰਬਰ ਦੀਆਂ ਕੰਨੀਆਂ ਨਾਲ ਵੰਡੀ ਜਾਪਣ ਲੱਗੀ। ਉਹ ਪਰਮਾਤਮਾ ਦਾ ਸ਼ੁਕਰ ਕਰਦੀ ਸੀ ਕਿ ਉਸਨੂੰ ਦੂਸਰਾ ਜਨਮ ਵੇਖਣ ਦਾ ਮੌਕਾ ਮਿਲਿਆ। ਪੋਤਾ-ਪੋਤੀ ਮਨੁੱਖ ਦਾ ਦੂਸਰਾ ਜਨਮ ਹੁੰਦੇ ਹਨ।ਉਸਨੇ ਆਪਣੇ ਪੋਤੇ ਦਾ ਨਾਂਅ ਰਵੀ ਰੱਖਿਆ। ਰਵੀ ਦੇ ਅਰਥ ਸੂਰਜ, ਰੌਸ਼ਨੀ, ਉਸਦੇ ਜੀਵਨ ਵਿਚ ਸਵੇਰਾ ਹੀ ਸਵੇਰਾ ਦਸਤਕ ਦੇ ਰਿਹਾ ਸੀ। ਸਮਾਂ ਹਿਰਨ ਵਾਂਗ ਕੁਲਾਚੇ ਭਰਦਾ ਹੋਇਆ ਦੌੜਦਾ ਚਲਾ ਗਿਆ। ਰਜਨੀ ਦਾ ਪੋਤਾ ਲਗਭਗ ਦਸ ਸਾਲਾਂ ਦਾ ਹੋ ਗਿਆ ਸੀ।

ਉਹ ਪੋਤਰੇ ਦੀ ਹਰ ਖਵਾਹਿਸ਼ ਤੋਂ ਕੁਰਬਾਨ ਸੀ। ਜਿਸ ਤਰ੍ਹਾਂ ਸੰਸਾਰ ਵਿਚ ਦਾਦੀ-ਪੋਤੇ ਦਾ ਮੋਹ ਹੁੰਦਾ ਹੈ, ਉਸ ਤੋਂ ਵੀ ਜ਼ਿਆਦਾ। ਘਰ ਦੇ ਹਰ ਕੰਮ ਵਿਚ ਰਜਨੀ ਆਪਣੀ ਹਿੰਮਤ ਨੂੰ ਖੁਸ਼ੀਆਂ ਨਾਲ ਚਰਬ ਦੇ ਕੇ ਦੌੜੀ ਫਿਰਦੀ। ਨੂੰਹ-ਪੁੱਤ ਦੀ ਇੱਕ ਸੇਵਿਕਾ ਵਾਂਗੂੰ ਕੰਮ ਕਰਦੀ ਹੋਈ ਵੀ ਖੁਸ਼ੀ ਦੀ ਮੰਜਿਲ ਵੱਲ ਵਧਦੀ ਚਲੀ ਜਾਂਦੀ। ਜਿਵੇਂ ਉਸਦੀ ਇੱਕ ਜੰਨਤ ਹੋਵੇ।ਰਜਨੀ ਸੇਵਾ-ਮੁਕਤ ਹੋ ਗਈ। ਉਹ ਬਜ਼ੁਰਗ ਹੋਣ ਦੇ ਬਾਵਜੂਦ ਵੀ ਘਰ ਦੇ ਅਤੇ ਬਾਹਰੀ ਕੰਮਾਂ-ਕਾਰਾਂ ਲਈ ਹੱਥ ਵਟਾਉਂਦੀ ਨਾ ਥੱਕਦੀ।

ਖੁਸ਼ੀ ਹਿਰਦੇ ਵਿਚ ਹੋਵੇ ਤਾਂ ਥਕਾਵਟ ਖੰਭ ਲਾ ਕੇ ਉੱਡ ਜਾਂਦੀ ਹੈ। ਉਸਨੇ ਆਪਣੀ ਸੇਵਾ-ਮੁਕਤੀ ਦੇ ਮੌਕੇ ਮਿਲੇ ਬਕਾਏ ਦੀ ਰਾਸ਼ੀ ਰਾਜੇਸ਼ ਦੇ ਨਾਂਅ ਕਰਵਾ ਦਿੱਤੀ ਸੀ।ਹੁਣ ਉਸ ਨੂੰ ਬਿਮਾਰੀਆਂ ਨੇ ਘੇਰ ਲਿਆ ਸੀ। ਬਲੱਡ ਪ੍ਰੈਸ਼ਰ, ਸ਼ੂਗਰ, ਗੋਢਿਆਂ ਦੀ ਬਿਮਾਰੀ, ਨਜਰ ਦਾ ਕਮਜ਼ੋਰ ਹੋਣਾ ਆਦਿ। ਹੁਣ ਉਸਨੂੰ ਚੱਲਣਾ ਵੀ ਮੁਸ਼ਕਲ ਲੱਗਦਾ। ਆਸਰਾ ਭਾਲ ਕੇ ਹੀ ਚੱਲਦੀ। ਮੰਜੀ ਦਾ ਆਸਰਾ ਹੀ ਉਸਦੀ ਜਿੰਦਗੀ ਬਣ ਗਿਆ ਇੱਕ ਦਿਨ ਰਾਜੇਸ਼ ਦੀ ਪਤਨੀ ਉਸਨੂੰ ਬੜੇ ਪਿਆਰ ਤੇ ਹਲੀਮੀ ਨਾਲ ਕਹਿਣ ਲੱਗੀ, ‘‘ਮੈਂ ਕਿਹਾ ਜੀ, ਮਾਤਾ ਜੀ ਸਾਰਾ ਦਿਨ ਖਹੂੰ-ਖਹੂੰ ਕਰਦੇ ਰਹਿੰਦੇ ਹਨ। ਕਈ ਬਿਮਾਰੀਆਂ ਹਨ। ਰਵੀ ਉਹਨਾਂ ਨਾਲ ਹੀ ਖੇਡਦਾ ਰਹਿੰਦਾ ਹੈ ਉਹ ਰਵੀ ਨੂੰ ਵਾਰ-ਵਾਰ ਚੁੰਮਦੇ ਰਹਿੰਦੇ ਹਨ, ਇਹ ਠੀਕ ਨਹੀਂ।

ਮੇਰਾ ਇਸ਼ਾਰਾ ਤੁਸੀਂ ਸਮਝ ਹੀ ਗਏ ਹੋ, ਅਸੀਂ ਦੋਵੇਂ ਡਿਊਟੀ ’ਤੇ ਚਲੇ ਜਾਂਦੇ ਹਾਂ, ਰਵੀ ਸਕੂਲ ਚਲਾ ਜਾਂਦਾ ਹੈ। ਥੱਕੇ-ਟੁੱਟੇ ਆ ਕੇ ਮਾਤਾ ਜੀ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਏ। ਕਮ ਸੇ ਕਮ ਮੈਂ ਤਾਂ ਨਈਂ ਸੰਭਾਲ ਸਕਦੀ। ਬੰਦੇ ਦੇ ਕੁਝ ਆਪਣੇ ਵੀ ਮਨੋਰੰਜਨ ਹੁੰਦੇ ਹਨ। ਅੱਜ-ਕੱ ਲ੍ਹ ਨੌਕਰ ਰੱਖਣੇ ਤਾਂ ਠੀਕ ਨਹੀਂ ਹਨ। ਪੈਸੇ ਬੜੇ ਮੰਗਦੇ ਨੇ। ਮੈਂ ਤਾਂ ਕਹਿੰਦੀ ਹਾਂ ਮਾਤਾ ਜੀ ਨੂੰ ਬਿਰਧ ਆਸ਼ਰਮ ਵਿ ਚ ਛੱਡ ਆਈਏ। ਉੱਥੇ ਇਨ੍ਹਾਂ ਦੀ ਦੇਖਭਾਲ ਵੀ ਠੀਕ ਹੋਵੇਗੀ ਤੇ ਆਪਾਂ ਵੀ ਸੁਰਖਰੂ। ਆਇਆ-ਗਿਆ ਅਸਾਨੀ ਨ ਨਾਲ ਰਹਿ ਸਕਦਾ ਏ। ਉੱਥੇ ਇਨ੍ਹਾਂ ਦਾ ਜੀਅ ਵੀ ਲੱਗਾ ਰਵੇਗਾ।’’‘‘ਪਰ, ਮੇਰੀ ਗੱਲ ਸੁਣ, ਜਿਸ ਮਾਂ ਨੇ ਅਨੇਕਾਂ ਦੁੱਖ-ਤਕਲੀਫਾਂ ਝੱਲ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ। ਹੁਣ ਉਸਨੂੰ ਏਸ ਉਮਰ ’ਚ ਆਸ਼ਰਮ ਵਿਚ ਛੱਡ ਆਈਏ, ਕੋਈ ਚੰਗੀ ਗੱਲ ਨਈਂ।

ਸਮਾਜ ਕੀ ਕਹੇਗਾ, ਰਿਸ਼ਤੇਦਾਰ ਕੀ ਕ ਹਿਣਗੇ, ਪੋਤਰੇ ਨਾਲ ਉਸਦਾ ਬੜਾ ਮੋਹ ਹੈ। ਉਸਦੇ ਬਾਝੋਂ ਤਾਂ ਉਹ ਮਰ ਜਾਏਗੀ। ਉਹ ਤਾਂ ਉਸਦੀ ਜਿੰਦ-ਜਾਨ ਹੈ। ਪੋਤੇ ਨਾਲ ਉਸਦਾ ਦਿਨ ਚੜ੍ਹਦਾ ਤੇ ਰਾਤ ਪੈਂਦੀ ਹੈ। ਮਾਂ ਨੂੰ ਉੱਥੇ ਆਸ਼ਰਮ ਵਿਚ ਭੇਜਣਾ ਠੀਕ ਨਹੀਂ ਏ।’’ਪਰ ਪਤਨੀ ਨੇ ਏਨਾ ਮਜ਼ਬੂਰ ਕਰ ਦਿੱਤਾ ਕਿ ਰਾਜੇਸ਼ ਨੂੰ ਸਾਰੇ ਹਥਿਆਰ ਸੁੱਟਣੇ ਪਏ। ਇੱਕ ਦਿਨ ਸ਼ਾਮ ਨੂੰ ਬੈੱਡ ’ਤੇ ਸਰ੍ਹਾਣੇ ਦੀ ਢਾਰਸ ਲੈ ਕੇ ਬੈਠੀ ਮਾਂ ਦੇ ਕੋਲ ਜਾ ਬੈਠਾ। ਕਲੇਜੇ ਨੂੰ ਸੀਨੇ ’ਚੋਂ ਕੱਢ ਕੇ, ਹਿੰਮਤ ਦਾ ਅਸਮਾਨ ਬਣਕੇ ਮਾਂ ਨੂੰ ਕਹਿਣ ਲੱਗਾ, ‘‘ਮਾਂ, ਇੱਕ ਗੱਲ ਕਰਨੀ ਏ’’ ‘‘ਹਾਂ ਪੁੱਤ ਦੱਸ, ਕਿਹੜੀ ਗੱਲ ਏ ਤੇਰੀ ਕਿਹੜੀ ਗੱਲ ਮੈਂ ਅੱਜ ਤੱਕ ਮੋੜੀ ਏ, ਮੇਰਾ ਪੁੱਤ ਜਲਦੀ ਦੱਸ ਕੀ ਗੱਲ ਏ’’ ‘‘ਮਾਂ, ਕੀ ਦੱਸਾਂ!’’ ‘‘ਦੱਸ ਨਾ ਮੇਰਾ ਪੁੱਤ, ਖੁੱਲ੍ਹ ਕੇ ਗੱਲ ਕਰ, ਡਰਦਾ-ਡਰਦਾ ਗੱਲ ਕਿਉਂ ਕਰ ਰਿਹਾ ਏਂ ਮੇਰਾ ਪੁੱਤ ਅੱਜ ਤੱਕ ਤੂੰ ਏਸ ਘਬਰਾਹਟ ਵਿਚ ਮੇਰੇ ਨਾਲ ਕਦੀ ਗੱਲ ਨਹੀਂ ਕੀਤੀ।

ਦੱਸ ਮੇਰਾ ਪੁੱਤ ਖੁੱਲ੍ਹ ਕੇ ਗੱਲ ਕਰ। ਮੈਂ ਤੇਰੀ ਹਰ ਸ਼ਰਤ ਪੂਰੀ ਕਰਾਂਗੀ, ਮੇਰੇ ਸੁਹਣੇ ਲਾਡਲੇ ਪੁੱਤਰ ਆਖਰ ਗੱਲ ਹੈ ਕੀ ਜਿਸਨੂੰ ਤੂੰ ਏਨਾ ਲਮਕਾ ਕੇ ਕਰ ਰਿਹਾ ਏਂ?’’ ਉੱਪਰੋਂ ਉਸਦੀ ਪਤਨੀ ਆ ਗਈ ਤੇ ਉਸਨੇ ਹਿਚਕਿਚਾਹਟ ਦੇ ਖੇਤ ਕੁਤਰਦਿਆਂ ਦਲੇਰੀ ਨਾਲ ਸੰਵਾਦ ਵਾਂਗੂੰ ਕਿਹਾ, ‘‘ਮਾਂ ਜੀ, ਦਰਅਸਲ ਗੱਲ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਿਰਧ-ਆਸ਼ਰਮ ਵਿਚ ਚਲੇ ਜਾਓ। ਉੱਥੇ ਤੁਹਾਡੀ ਦੇਖਭਾਲ ਵੀ ਪੂਰੀ ਹੋਵੇਗੀ, ਖਰਚਾ ਤਾਂ ਅਸੀਂ ਦੇਂਦੇ ਹੀ ਹਾਂ।

ਘਰ ਵਿਚ ਤੁਹਾਡੀ ਦੇਖਭਾਲ ਕਰਨੀ ਮੁਸ਼ਕਲ ਹੁੰਦੀ ਹੈ। ਰਿਸ਼ਤੇਦਾਰਾਂ ਤੇ ਹੋਰ ਯਾਰਾਂ-ਦੋਸਤਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਅਸੀਂ ਚਾਹੁੰਦੇ ਹਾਂ ਤੁਸਾਂ ਨੂੰ ਬਿਰਧ ਆਸ਼ਰਮ ਦੀਆਂ ਸੁਖ-ਸਹੂਲਤਾਂ ਵਿਚ ਛੱਡ ਆਈਏ। ਉੱਥੇ ਬਹੁਤ ਜ਼ਿਆਦਾ ਸਹੂਲਤਾਂ ਹਨ। ਤੁਹਾਡਾ ਉੱਥੇ ਜੀਅ ਵੀ ਲੱਗਾ ਰਹੇੇਗਾ। ਅਸੀਂ ਤੁਹਾਨੂੰ ਉਥੇ ਮਿਲਣ-ਗਿਲਣ ਆਉਂਦੇ ਹੀ ਰਹਿਣਾ’’ ਮਾਂ ਨੇ ਹੱਸਦੇ ਹੋਏ ਕਿਹਾ, ‘‘ਹਾਂ, ਪੁੱਤ ਮੈਂ ਤਿਆਰ ਹਾਂ ਤੁਸੀਂ ਮੈਨੂੰ ਆਸ਼ਰਮ ਵਿਚ ਛੱਡ ਆਇਓ ਪੁੱਤ ਮੈਨੂੰ ਕੋਈ ਇਤਰਾਜ ਨਹੀਂ। ਤੁਸੀਂ ਬਿਲਕੁਲ ਨੀ ਕ ਕਹਿੰਦੇ ਹੋ।’’ ਮਾਂ ਦੀਆਂ ਡਬ-ਡਬਾਦੀਆਂ ਅੱਖਾਂ ’ਚੋਂ ਜਿਵੇਂ ਧੂੰਆਂ ਨਿੱਕਲ ਗਿਆ ਹੋਵੇ। ਉਸਨੇ ਚੁਫੇਰੇ ਵੇਖਿਆ।

ਨੂੰਹ-ਪੁੱਤ ਨੂੰ ਵੇਖਿਆ ਗਹੁ ਨਾਲ। ਪੋਤਰੇ ਵੱਲ ਗਹੁ ਨਾਲ ਵੇਖਿਆ। ਤੇ ਨਜ਼ਰ ਨੀਵੀਂ ਕਰਕੇ ਖੂਨ ਦੇ ਹਝੂੰ ਕਰਜੇ ਦੇ ਕਾਸੇ ਵਿੱਚ ਸੁੱਟਦੀ ਚਲੀ ਗਈ ਸ਼ਾਇਦ ਆਪਣੇ ਪਤੀ ਦੀ ਯਾਦ ਵਿਚ ਜਿਵੇਂ ਉਹ ਉਸਨੂੰ ਅਸ਼ੀਰਵਾਦ ਦੇ ਰਿਹਾ ਹੋਵੇ, ਬੋਲ ਰਿਹਾ ਹੋਵੇ, ਹਿੰਮਤ ਤੇ ਸ਼ਕਤੀ ਦੇ ਰਿਹਾ ਹੋਵੇ। ਨੂੰਹ ਨੇ ਕਿਹਾ, ‘‘ਅੱਜ ਸ਼ਨਿੱਚਰਵਾਰ ਹੈ ਅਤੇ ਸੋਮਵਾਰ ਅਸੀਂ ਤੁਹਾਨੂੰ ਬਿਰਧ ਆਸ਼ਰਮ ਵਿਚ ਛੱਡ ਆਵਾਂ ਗੇ। ਤੁਹਾਡੀ ਤਿਆਰੀ ਵੀ ਕਰ ਦਿੰਦੇ ਹਾਂ।’’ ਰਜਨੀ ਪਤੀ ਨੂੰ ਯਾਦ ਕਰਕੇ ਅੰਦਰੋਂ-ਅੰਦਰੀ ਭੁੱਬਾਂ ਮਾਰ-ਮਾਰ ਕੇ ਕਲੇਜੇ ਦੀਆਂ ਅੱਖਾਂ ਥਾਣੀ ਹੋ ਕੇ ਗੁੰਮਸੁੰਮ ਹੋ ਗਈ ਸੀ।

ਬੈੱਡ ’ਤੇ ਪਈ ਇਕੱਲੀ ਰਜਨੀ ਸੋਚ ਰਹੀ ਸੀ, ਭਲਾ ਉਹ ਅੱਜ ਜਿੰਦਾ ਹੁੰਦੇ ਤਾਂ ਮੇਰੀ ਵਾਅ ਵੱਲ ਕੋਈ ਨਹੀਂ ਸੀ ਵੇਖ ਸਕਦਾ। ਇਹ ਘਰ ਮੇਰਾ ਹੋਣਾ ਸੀ ਜੋ ਅੱਜ ਮੇਰਾ ਨਹੀਂ। ਮੇਰਾ ਤਾਂ ਕੁਝ ਵੀ ਨਹੀਂ ਏ ਹੁਣ ਏਥੇ। ਉਹ ਮਨ ਹੀ ਮਨ ਸੋਚਣ ਲੱਗੀ, ਨੂੰਹ-ਪੁੱਤ ਤੋਂ ਤਾਂ ਦੂਰ ਹੋ ਸਕਦੀ ਹਾਂ ਪਰ ਪੋਤੇ ਤੋਂ ਦੂਰ ਹੋਣਾ ਤਾਂ ਔਖਾ ਹੈ। ਉਹ ਸੋਚਣ ਲੱਗੀ, ਪਰਮਾਤਮਾ ਕਿਹੜੇ ਜਨਮਾਂ ਦਾ ਬਦਲਾ ਲੈ ਰਿਹਾ ਮੈਥੋਂ। ਜਿਉਂਦੇ ਜੀਅ ਸਭ ਕੁਝ ਖੋਹ ਰਿਹਾ ਏ। ਮਾਂ-ਬਾਪ ਬੱਚਿਆਂ ਨੂੰ ਸੰਸਕਾਰ ਦੇ ਸਕਦੇ ਹਨ, ਪਿਆਰ ਦੇ ਸਕਦੇ ਹਨ, ਸੱਭਿਆਚਾਰ ਦੇ ਸਕਦੇ ਹਨ, ਸਿਸ਼ਟਾਚਾਰ ਸਿਖਾ ਸਕਦੇ ਹਨ ਪਰ ਵਿਹਾਰਕ ਜਿੰਦਗੀ ਤਾਂ ਬੱਚੇ ਖੁਦ ਹੀ ਆਪਣੇ-ਆਪ ਤੇ ਸਮਾਜ ਤੋਂ, ਚੌਗਿਰਦੇ ਤੋਂ ਹੀ ਸਿੱਖ ਸਕਦੇ ਹਨ, ਇੱਥੇ ਮਾਂ-ਬਾਪ ਕੀ ਕਰ ਸਕਦੇ ਹਨ, ਜ਼ਰੂਰੀ ਨਹੀਂ ਵਿਹਾਰਕ ਤੌਰ ’ਤੇ ਪੜ੍ਹੇ-ਲਿਖੇ ਵੀ ਵਧੀਆ ਹੋਵਣ!

ਉਸਦੇ ਮਨ ਵਿਚ ਕਈ ਖਿਆਲ ਆਉਂਦੇ ਤੇ ਅਲੋਪ ਹੋ ਜਾਂਦੇ। ਜਿੰਦਗੀ ਦੇ ਕੀ ਅਰਥ ਹਨ? ਉਹ ਇਸ ਸੋਚ ਤੋਂ ਬਾਹਰ ਹੋ ਗਈ।ਸੋਮਵਾਰ ਨੂੰ ਮਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਆਏ। ਪੋਤਾ ਗੁੰਮ-ਸੁੰਮ ਸੀ ਜਿਵੇਂ ਉਸਦਾ ਕੀਮਤੀ ਖਿਡੌਣਾ ਗੁੰਮ ਹੋ ਗਿਆ ਹੋਵੇ। ਕੁਝ ਬੋਲ ਨਹੀਂ ਸੀ ਰਿਹਾ। ਉਸਨੇ ਆਪਣੀ ਮਾਂ ਨੂੰ ਕਿਹਾ ਸੀ, ‘‘ਦਾਦੀ ਮਾਂ ਨੂੰ ਉੱਥੇ ਛੱਡ ਕੇ ਕਿਉਂ ਆਏ ਹੋ?’’ ਤਾਂ ਮਾਂ ਨੇ ਉਸਦੇ ਮੂੰਹ ’ਤੇ ਇੱਕ ਚਪੇੜ ਜੜ ਦਿੱਤੀ। ਉਸਦਾ ਜਵਾਬ ਮਾਂ ਨੇ ਦੇ ਦਿੱਤਾ ਸੀ। ਉਹ ਰੋ-ਰੋ ਕੇ ਚੁੱਪ ਹੋ ਗਿਆ। ਦਾਦੀ ਮਾਂ ਦੇ ਜਾਣ ਨਾਲ ਜਿਵੇਂ ਉਸ ਦੀ ਦੁਨੀਆ ਹੀ ਲੁੱਟੀ ਗਈ ਹੋਵੇ, ਜਿਵੇਂ ਚਾਰੇ ਪਾਸੇ ਹਨ੍ਹੇਰਾ ਛਾ ਗਿਆ ਹੋਵੇ।

ਜਿਵੇਂ ਉਸਦੇ ਹੱਥ-ਪੈਰ ਸੁੰਨ ਹੋ ਗਏ ਹੋਣ। ਜਿਸਮ ਪੱਥਰ ਬਣ ਗਿਆ ਹੋਵੇ, ਤੇ ਉਦਾਸੀ ਉਸਦੇ ਜਿਸਮ ਦਾ ਪੇਸ਼ਾ ਬਣ ਗਈ ਸੀ। ਰਜਨੀ ਬਿਰਧ ਆਸ਼ਰਮ ਵਿਚ ਰਹਿਣ ਲੱਗ ਪਈ। ਬਿਰਧ ਆਸ਼ਰਮ ਵਿਚ ਸਵੇਰੇ-ਸ਼ਾਮ ਮੰਦਿਰ ਵਿੱਚ ਜਾਂਦੀ ਆਪਣੇ ਪੋਤਰੇ ਦੇ ਦਰਸ਼ਨ ਕ੍ਰਿਸ਼ਨ ਭਗਵਾਨ ’ਚ ਕਰਨ ਲਈ, ਕਿ੍ਰਸ਼ਨ ਭਗਵਾਨ ਦੀ ਮੂਰਤੀ ਨੂੰ ਚੁੰਮਦੀ, ਪਿਆਰ ਕਰਦੀ, ਵੇਖ-ਵੇਖ ਰੋਂਦੀ, ਘੁੱਟ-ਘੁੱਟ ਕੇ ਗਲੇ ਲਾਉਂਦੀ, ਪੂਜਾ-ਆਰਤੀ ਉਤਾਰਦੀ ਨਾ ਥੱਕਦੀ। ਆਪਣੀਆਂ ਰੀਝਾਂ ਉਤਾਰਦੀ। ਆਸ਼ਰਮ ਵਿਚ ਰਹਿ ਕੇ ਉਸਨੇ ਧਾਰਮਿਕ ਪ੍ਰਵਚਨ ਸ਼ੁਰੂ ਕਰ ਦਿੱਤੇ ਸਨ। ਪੜ੍ਹੀ-ਲਿਖੀ ਹੋਣ ਕਰਕੇ ਭਾਸ਼ਾ ਦੀ ਪ੍ਰਾਧਿਆਪਕ ਹੋਣ ਕਰਕੇ ਉਸਨੂੰ ਧਾਰਮਿਕ ਗਿਆਨ ਵੀ ਬਹੁਤ ਜ਼ਿਆਦਾ ਸੀ। ਸਾਰਾ ਆਸ਼ਰਮ ਉਸਦਾ ਸ਼ਰਧਾਲੂ ਬਣ ਗਿਆ ਸੀ। ਧਾਰਮਿਕ ਪ੍ਰਵਚਨ ਉਸਦਾ ਆਸਰਾ ਬਣ ਗਏ ਸਨ। ਕਿਸਮਤ ਨੂੰ ਕੋਸਣਾ ਛੱਡ ਕੇ ਉਸਨੇ ਹਿੰਮਤ ਤੇ ਰੱਬ ਨੂੰ ਹਿਰਦੇ ਵਿਚ ਵਸਾ ਲਿਆ ਸੀ।

ਸਾਰੇ ਆਸ਼ਰਮ ਨੂੰ ਉਸਨੇ ਜੀਣ ਦੀ ਕਲਾ ਦੱਸ ਦਿੱਤੀ ਸੀ। ਪਤੀ ਦੀ ਯਾਦ ਕਲੇਜੇ ਵਿਚ ਲੈ ਕੇ ਆਪਣੀ ਮੰਜਿਲ ਵੱਲ ਵਧਦੀ ਚਲੀ ਗਈ। ਕਦੀ-ਕਦਾਈ ਹੀ ਨੂੰਹ-ਪੁੱਤ ਤੇ ਪੋਤਰਾ ਮਿਲਣ ਆਉਂਦੇ ਸੀ। ਸਿਰਫ਼ ਇੱਕ ਰਸਮ ਖ਼ਾਤਿਰ। ਦਾਦੀ ਮਾਂ ਪੋਤੇ ਦੀਆਂ ਭਾਵਨਾਵਾਂ ਸਮਝਦੀ ਸੀ। ਪਰ ਉਹ ਚੁੱਪ ਸੀ। ਪੋਤੇ ਤੋਂ ਦੂਰੀ ਬਣਾ ਕੇ ਰੱਖਦੀ ਸੀ, ਕਿ ਉਸਦਾ ਮੋਹ ਉਦਾਸੀ ਬਣ ਕੇ ਉਸਦੀ ਸਿਹਤ ਤੇ ਪੜ੍ਹਾਈ ਦਾ ਨੁਕਸਾਨ ਨਾ ਕਰ ਦੇਵੇ। ਜਦ ਪੋਤਾ ਚਲਿਆ ਜਾਂਦਾ ਤਾਂ ਉਹ ਇਕੱਲੀ ਬੈਠ ਕੇ ਰੋਂਦੀ ਰਹਿੰਦੀ ਤੇ ਫਿਰ ਖੁਦ ਨੂੰ ਹੌਂਸਲਾ ਦੇ ਕੇ ਫਿਰ ਆਪਣੀ ਸਾਰੀ ਟੁੱਟੀ ਹੋਈ ਹਿੰਮਤ ਨੂੰ ਇਕੱਠਾ ਕਰਕੇ ਇੱਕ ਝੂਠੀ ਤਸੱਲੀ ਵਿਚ ਉੱਤਰ ਜਾਂਦੀ।

ਇਸ ਤਰ੍ਹਾਂ ਬਿਰਧ ਆਸ਼ਰਮ ਵਿਚ ਕੁਝ ਸਾਲ ਹੀ ਲੰਘੇ ਸਨ ਕਿ ਰਜਨੀ ਸਖਤ ਬਿਮਾਰ ਹੋ ਗਈ। ਰਜਨੀ ਨੇ ਬਿਰਧ ਆਸ਼ਰਮ ਦੀ ਇੰਚਾਰਜ ਨੂੰ ਬੇਨਤੀ ਕਰਦਿਆਂ ਕਿਹਾ, ‘‘ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ। ਉਸਨੂੰ ਬੁਲਾਓ।’’ ਰਜਨੀ ਦੇ ਪੁੱਤਰ ਨੂੰ ਫੋਨ ’ਤੇ ਸੰਦੇਸ਼ ਦਿੱਤਾ ਗਿਆ, ‘‘ਰਾਜੇਸ਼ ਤੁਹਾਡੀ ਮਾਂ ਸਖਤ ਬਿਮਾਰ ਹੈ, ਤੁਹਾਨੂੰ ਮਿਲਣਾ ਚਾਹੁੰਦੀ ਹੈ।’’ ਰਾਜੇਸ਼ ਨੇ ਕਿਹਾ, ‘‘ਅੱਜ ਬੁੱਧਵਾਰ ਹੈ ਤੇ ਮੈਂ ਐਤਵਾਰ ਛੁੱਟੀ ਵਾਲੇ ਦਿਨ ਮਿਲਣ ਆਵਾਂਗਾ।’’ ਐਤਵਾਰ ਰਾਜੇਸ਼ ਇਕੱਲਾ ਹੀ ਮਾਂ ਨੂੰ ਮਿਲਣ ਗਿਆ ਤਾਂ ਰਾਜੇਸ਼ ਨੇ ਮਾਂ ਨੂੰ ਦੇਖਦੇ ਹੋਏ ਕਿਹਾ, ‘‘ਮਾਂ, ਤੁਸੀਂ ਯਾਦ ਕੀਤਾ, ਸਿਹਤ ਤਾਂ ਠੀਕ ਹੈ ਨਾ?’’ ‘‘ਹਾਂ ਪੁੱਤ, ਠੀਕ-ਠਾਕ ਹੀ ਹੈ।’’

ਮਾਂ ਨੇ ਕਿਹਾ, ‘‘ਪੁੱਤਰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ।’’ ‘‘ਹਾਂ ਮਾਂ ਦੱਸੋ!’’ ਪੁੱਤਰ ਨੇ ਕਿਹਾ। ‘‘ਪੁੱਤਰ, ਇੱਥੇ ਗਰਮੀ ਬਹੁਤ ਏ, ਇੱਥੇ ਏ. ਸੀ. ਲਗਵਾ ਦੇ, ਪੱਖੇ ਦੀ ਹਵਾ ਬਹੁਤ ਗਰਮ ਹੁੰਦੀ ਏ, ਇੱਥੇ ਰੋਟੀ ਠੰਢੀ ਮਿਲਦੀ ਏ, ਇੱਕ ਓਵਨ ਲਿਆ ਦੇ, ਖਾਣਾ ਠੰਢਾ ਹੋਣ ਕਰਕੇ ਕਈ ਵਾਰੀ ਮੈਨੂੰ ਭੁੱਖਿਆਂ ਸੌਣਾ ਪੈਂਦਾ ਏ, ਪੁੱਤਰ ਇੱਥੇ ਗਰਮ ਪਾਣੀ ਪੀਣ ਨੂੰ ਮਿਲਦਾ ਏ, ਕੋਈ ਛੋਟੀ-ਮੋਟੀ ਫਰਿੱਜ ਲਿਆ ਦੇ, ਇੱਥੇ ਬੈੱਡ ਪੁਰਾਣੇ ਹਨ, ਨੀਂਦ ਨਈਂ ਆਉਂਦੀ।

ਪੁੱਤਰ ਇਹ ਸਭ ਚੀਜ਼ਾਂ ਲਿਆ ਦੇ।’’ ਰਾਜੇਸ਼ ਮਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਤੇ ਪਰੇਸ਼ਾਨੀ ਵਿਚ ਬਿਹਬਲ ਹੋ ਕੇ ਮਾਂ ਨੂੰ ਕਹਿਣ ਲੱਗਾ, ‘‘ਮਾ, ਕਈਆਂ ਸਾਲਾਂ ਤੋਂ ਤੂੰ ਇੱਥੇ ਰਹਿ ਰਹੀ ਏਂ, ਤੂੰ ਕਦੀ ਵੀ ਇਨ੍ਹਾਂ ਚੀਜਾਂ ਦੀ ਪਹਿਲਾਂ ਡਿਮਾਂਡ ਨਈਂ ਕੀਤੀ, ਪਰ ਹੁਣ ਜਦੋਂਕਿ ਤੂੰ ਉਮਰ ਦੀ ਅੰਤਿਮ ਦਸ਼ਾ ਵਿਚ ਏਂ ਤਾਂ ਹੁਣ ਇਨ੍ਹਾਂ ਚੀਜਾਂ ਲਈ ਲਾਲਸਾ ਕਿਉਂ? ਕੀ ਇਹਦਾ ਖਰਚ ਵਿਅਰਥ ਨਹੀਂ ਹੈ?’’ ਮਾਂ ਨੇ ਕਿਹਾ, ‘‘ਪੁੱਤਰ, ਨਈਂ, ਇਹ ਗੱਲ ਨਈਂ, ਇੱਥੇ ਬਹੁਤ ਤਕਲੀਫਾਂ ਹਨ। ਮੈਨੂੰ ਤੇਰਾ ਖਿਆਲ ਏ ਪੁੱਤਰ, ਕਿਉਂਕਿ ਤੇਰੇ ਬੱਚਿਆਂ ਨੇ ਵੀ ਕੱਲ੍ਹ ਨੂੰ ਤੈਨੂੰ ਇੱਥੇ ਛੱਡਣ ਆਉਣਾ ਏ। ਤੈਨੂੰ ਕੋਈ ਤਕਲੀਫ ਨਾ ਹੋਵੇ ਪੁੱਤਰ! ਇਸ ਲਈ ਇਹ ਚੀਜ਼ਾਂ ਮੰਗਵਾ ਰਹੀ ਹਾਂ!

’’ਬਲਵਿੰਦਰ ‘ਬਾਲਮ’,

ਉਂਕਾਰ ਨਗਰ, ਗੁਰਦਾਸਪੁਰ

ਮੋ.98156-25409

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।