‘ਜਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ’ ਗੀਤ ਦੇ ਬੋਲ ਖੁਦ ਈਦੂ ਸਰੀਫ਼ ‘ਤੇ ਹੀ ਢੁਕੇ

Edu Sharif

ਸ੍ਰੋਮਣੀ ਢਾਡੀ ਗਾਇਕ ਈਦੂ ਸਰੀਫ਼ ਅਤੇ ਉਸਦੀ ਸਾਰੰਗੀ ਸਦਾ ਲਈ ਹੋਈ ਸਪੁਰਦ-ਏ-ਖਾਕ

ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਸ੍ਰੋਮਣੀ ਸੂਫੀ ਢਾਡੀ ਗਾਇਕ ਮੁਹੰਮਦ ਈਦੂ ਸਰੀਫ਼ ਅਤੇ ਉਸ ਦੀ ਸਾਰੰਗੀ ਅੱਜ ਸਦਾ ਲਈ ਸਪੁਰਦ-ਏ-ਖਾਕ ਹੋ ਗਈ। ਉਂਜ ਸਰੰਗੀ ਦੀਆਂ ਮਿੱਠੀਆਂ ਧੁਨਾਂ ਤੇ ਈਦੂ ਸਰੀਫ਼ ਤੇ ਗਾਏ ਗੀਤ ਹਮੇਸਾਂ ਹੀ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਗਵਾਹੀ ਭਰਦੇ ਰਹਿਣਗੇ। ਕੁਝ ਸਾਲ ਪਹਿਲਾ ਮਿਲੇ ਸ੍ਰੋਮਣੀ ਢਾਡੀ ਪੁਰਸਕਾਰ ਮੌਕੇ ਈਦੂ ਸਰੀਫ਼ ਵੱਲੋਂ ਉਕਤ ਸਮੇਂ ਦੇ ਵਜੀਰਾਂ ਅੱਗੇ ਆਪਣੇ ਪੁੱਤਰਾਂ ਲਈ ਝੋਲੀ ਅੱਡ ਕੇ ਮੰਗੇ ਰੁਜ਼ਗਾਰ ਦੀ ਮੰਗ ਕਈ ਸਾਲ ਬੀਤਣ ਦੇ ਬਾਵਜੂਦ ਵੀ ਪੂਰੀ ਨਾ ਹੋਈ।

ਸ੍ਰੋਮਣੀ ਢਾਡੀ ਅਵਾਰਡ ਮੌਕੇ ਮੰਤਰੀਆਂ ਅੱਗੇ ਝੋਲੀ ਅੱਡ ਕੇ ਵੀ ਈਦੂ ਸਰੀਫ਼ ਦੇ ਕਿਸੇ ਜੀਅ ਨੂੰ ਨਾ ਮਿਲਿਆ ਰੁਜ਼ਗਾਰ

  • ਸੂਫੀ ਢਾਡੀ ਇੰਦੂ ਸਰੀਫ਼ ਨੂੰ ਦੇਸ਼ਾਂ ਵਿਦੇਸਾਂ ਚੋਂ ਵੀ ਚੰਗਾ ਮਾਣ ਮਿਲਿਆ ਹੈ।
  • ਈਦੂ ਸਰੀਫ਼ ਦੀ ਮੌਤ ਤੋਂ ਬਾਅਦ ਉਸ ਵੱਲੋਂ ਅਪਣਾਏ ਰਵਾਇਤੀ ਸੱਭਿਆਚਾਰ ਅਤੇ ਉਸਦੇ ਚਾਹੁਣ ਵਾਲਿਆ ਨੂੰ ਵੱਡੀ ਸੱਟ ਵੱਜੀ ਹੈ।
  • ਇਕੱਤਰ ਵੇਰਵਿਆ ਮੁਤਾਬਿਕ 75 ਸਾਲਾ ਦੇ ਮੁਹੰਮਦ ਸ਼ਰੀਫ਼ ਈਦੂ ਦੇ ਪਿਤਾ ਈਦੂ ਪਟਿਆਲਾ ਘਰਾਣਾ ਨਾਲ ਜੁੜੇ ਹੋਏ ਗਾਇਕ ਸਨ,
  • ਜਿਸ ਕਰਕੇ ਉਨ੍ਹਾਂ ਨੂੰ ਸੰਗੀਤ ਦੀ ਗੁੜਤੀ ਵਿਰਸੇ ‘ਚੋਂ ਹੀ ਮਿਲੀ।
  • ਉਨ੍ਹਾਂ ਨੇ ਆਪਣੇ ਪਿਤਾ ਦੇ ਨਾਮ ‘ਈਦੂ’ ਨੂੰ ਆਪਣਾ ਤਖ਼ੱਲਸ ਬਣਾ ਲਿਆ ਅਤੇ ਢੱਡ-ਸਾਰੰਗੀ ਨਾਲ ਲੋਕ ਰੰਗ ਗਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ।

ਈਦੂ ਸ਼ਰੀਫ਼ ਪੰਜਾਬੀ ਕਵਿਤਾ ਤੇ ਗਾਇਕੀ ਦੇ ਅਨੂਠੇ ਰੂਪ, ਅਲਬੇਲੇ ਛੰਦ ਅਤੇ ਦਿਲਾਂ ਨੂੰ ਧੂਹ ਪਾਉਣ ਵਾਲੀ ਤਰਜ ‘ਕਲੀ’ ਨੂੰ ਸਾਰੰਗੀ ਦੀਆਂ ਸੁਰਾਂ ਦੇ ਸਹਾਰੇ ਗਾਉਣ ਵਾਲੇ ਉੱਘੇ ਢਾਡੀ ਸਨ। 12 ਮਾਰਚ 2016 ‘ਚ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਸ੍ਰੋਮਣੀ ਢਾਡੀ ਪੁਰਸਕਾਰ ਦੇਕੇ ਨਵਾਜਿਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਸਮਾਗਮ ਦੌਰਾਨ ਸ੍ਰੋਮਣੀ ਪੁਰਸਕਾਰ ਪ੍ਰਾਪਤ ਕਰਨ ਮੌਕੇ ਈਦੂ ਸਰੀਫ਼ ਵੱਲੋਂ ਉਸ ਸਮੇਂ ਦੇ ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਹੋਰਨਾ ਅਧਿਕਾਰੀਆਂ ਅੱਗੇ ਧੰਨਵਾਦ ਕਰਦਿਆ ਝੋਲੀ ਅੱਡ ਕੇ ਫਰਿਆਦ ਲਾਈ ਗਈ ਸੀ ਕਿ ਉਨ੍ਹਾਂ ਦੇ ਪੁੱਤਰਾਂ ਚੋਂ ਕਿਸੇ ਨੂੰ ਸਰਕਾਰੀ ਰੁਜ਼ਗਾਰ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ, ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਈਦੂ ਸਰੀਫ਼ ਦੀ ਇਸ ਫਰਿਆਦ ਨੂੰ ਬੂਰ ਨਹੀਂ ਪਿਆ।

ਉੱਚੀ ਹੇਕ ਲਾਉਣ ਵਾਲੇ ਈਦੂ ਸਰੀਫ਼ ਲਈ ਗੁਰਬਤ ਦੀ ਜਿੰਦਗੀ ਬਣੀ ਮੌਤ ਦਾ ਕਾਰਨ

  • ਈਦੂ ਸਰੀਫ਼ ਦੇ ਪੁੱਤਰ ਸੁੱਖੀ ਖਾਨ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆ ਦੱਸਿਆ ਕਿ ਉੁਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰੁਜ਼ਗਾਰ ਨਹੀਂ ਮਿਲਿਆ।
  • ਉਸ ਨੇ ਦੱਸਿਆ ਕਿ ਗੁਰਬਤ ਕਾਰਨ ਉਸਦੇ ਪਿਤਾ ਦਾ ਇਲਾਜ਼ ਵੀ ਨਹੀਂ ਹੋ ਸਕਿਆ।
  • ਚੰਡੀਗੜ੍ਹ ਦੇ ਗਵਰਨਰ ਵੱਲੋਂ ਲਾਈ ਗਈ ਪੈਨਸ਼ਨ ਵੀ ਬੰਦ ਹੋ ਗਈ।
  • ਉਸ ਨੇ ਦੱਸਿਆ ਕਿ ਉਹ ਅਤੇ ਉਸਦੇ ਭਰਾਂ ਭਾਵੇਂ ਆਪਣੇ ਪਿਤਾ ਕੋਲੋਂ ਸਰੰਗੀ ਅਤੇ ਰਵਾਇਤੀ ਗਾਇਕੀ ਦੇ ਗੁਰ ਸਿੱਖ ਕੇ ਅੱਗੇ ਆਪਣੇ ਖਾਨਦਾਨ ਦੀ ਇਸ ਪਿਰਤ ਨੂੰ ਪੂਰਾ ਕਰ ਰਹੇ ਹਨ
  • ਪਰ ਉਨ੍ਹਾਂ ਦਾ ਭਵਿੱਖ ਵੀ ਧੁੰਦਲਾ ਹੈ।
  • ਉਸ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਅਤੇ ਸਾਫ਼ੀ ਸੁਥਰੀ ਗਾਇਕੀ ਵਾਲਿਆ ਦਾ ਹਸਰ ਅਜਿਹਾ ਹੀ ਹੁੰਦਾ ਹੈ।
  • ਇੰਦੂ ਸਰੀਫ਼ ਨੂੰ ਨਾਟਕ ਸੰਗੀਤ ਅਕੈਡਮੀ ਵੱਲੋਂ ਵੀ ਸਾਲ 2006 ‘ਚ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ।
  • ਦੱਸਣਯੋਗ ਹੈ ਕਿ ਈਦੂ ਸਰੀਫ਼ ਵੱਲੋਂ ਗਾਇਆ ਗੀਤ ਜਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ ਨੂੰ ਹੋਰ ਉਨ੍ਹਾਂ ਦੀ ਖੁਦ ਦੀ ਜਿੰਦਗੀ ਤੇ ਹੀ ਢੁੱਕ ਗਿਆ।
  • ਈਦੂ ਸਰੀਫ਼ ਪਿਛਲੇ ਲਗਭਗ ਪੰਜ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਕੋਈ ਉਸਦੀ ਸਾਰ ਲੈਣ ਵਾਲਾ ਨਾ ਰਿਹਾ।
  • ਈਦੂ ਸਰੀਫ਼ ਵੱਲੋਂ ਸਾਰੰਗੀ ਦੀਆਂ ਧੁਨਾ ਤੇ ਗਾਏ ਗੀਤ ‘ਤੇਰੀਆ ਬੇਰੰਗ ਚਿੱਠੀਆਂ, ਢੋਲਾ, ਦੁੱਲੀ ਭੱਟੀ, ਹੀਰ ਆਦਿ ਅੱਜ ਵੀ ਉਸਦੇ ਚਾਹੁਣ ਵਾਲਿਆ ਦੇ ਦਿਲਾਂ ਦੇ ਰਾਜ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।