ਲੌਂਗੋਵਾਲ : ਅਕਾਲੀ ਦਲ ਵੱਲੋਂ ਭਰਵੀਂ ਕਾਨਫਰੰਸ, ਕਾਂਗਰਸ ਦੀ ਰਸਮੀ ਹਾਜ਼ਰੀ

Longowal, Akali Dal Attends Conference, Congress Formal Attendance

ਸ਼ਾਂਤੀ ਦੇ ਮਸੀਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਸਾਧੂ ਸਿੰਘ ਧਰਮਸੋਤ

ਲੌਂਗੋਵਾਲ (ਗੁਰਪ੍ਰੀਤ ਸਿੰਘ/ਹਰਪਾਲ ਸਿੰਘ)। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 34ਵੇਂ ਸ਼ਹੀਦੀ ਦਿਵਸ ਮੌਕੇ ਪਿੰਡ ਲੌਂਗੋਵਾਲ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਤ ਲੌਂਗੋਵਾਲ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣਾ ਬਲਿਦਾਨ ਦਿੱਤਾ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਧਰਮਸੋਤ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਖੂਨ ਦੀ ਲੜਾਈ ਲੜ ਰਿਹਾ ਸੀ ਤਾਂ ਉਸ ਸਮੇਂ ਪੰਜਾਬ ਅਤੇ ਪੰਜਾਬੀਆਂ ਦੀ ਰਾਖੀ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਰਾਜੀਵ-ਲੌਂਗੋਵਾਲ ਸਮਝੌਤਾ ਕਰਕੇ ਦੇਸ਼ ਧਰੋਹੀ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ।

ਉਨ੍ਹਾਂ ਨੇ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਸ਼ਾਂਤੀ ਦੇ ਮਸੀਹਾ ਦਾ ਦਰਜਾ ਦਿੰਦਿਆਂ ਕਿਹਾ ਕਿ ਸੰਤ ਲੌਂਗੋਵਾਲ ਸੰਪੂਰਨ ਤੌਰ ‘ਤੇ ਗੁਰੂ ਦੇ ਸਿੱਖ ਸਨ ਅਤੇ ਸਿਆਸਤਦਾਨ ਦੇ ਨਾਲ-ਨਾਲ ਬਹੁਤ ਵੱਡੇ ਦੇਸ਼ ਭਗਤ ਵੀ ਸਨ ਅਤੇ ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਧਰਮਸੋਤ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਅਤੇ ਦੇਸ਼ਭਗਤਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਮੇਸ਼ਾਂ ਸਤਿਕਾਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਨੇ ਸੰਤ ਲੌਂਗੋਵਾਲ ਨੂੰ ਸ਼ਹੀਦ ਕਰ ਦਿੱਤਾ।

ਇਹ ਵੀ ਪੜ੍ਹੋ : ਮੀਂਹ ਕਾਰਨ ਘਰ ਦੀ ਛੱਤ ਡਿਗੀ, ਜਾਨੀ ਨੁਕਸਾਨ ਤੋਂ ਬਚਾਅ

ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਬੁਲਾਰਾ ਤੇ ਸੀਨੀਅਰ ਆਗੂ ਸ਼੍ਰੀਮਤੀ ਦਾਮਨ ਥਿੰਦ ਬਾਜਵਾ, ਸੀਨੀਅਰ ਆਗੂ ਹਰਮਨ ਬਾਜਵਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ, ਐਸ.ਡੀ.ਐਮ ਅਵਿਕੇਸ਼ ਗੁਪਤਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਰਾਜ ਪੱਧਰੀ ਸਮਾਗਮ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਪਸ਼ਨ:ਪੰਜਾਬ ਸਰਕਾਰ ਵੱਲੋਂ ਆਯੋਜਿਤ ਰਾਜ ਪੱਧਰੀ ਸਮਾਗਮ ਮੌਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ। ਉਨ੍ਹਾਂ ਨਾਲ ਸ਼੍ਰੀਮਤੀ ਦਾਮਨ ਥਿੰਦ ਬਾਜਵਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ ਵੀ ਹਨ।

ਪੰਜਾਬ ਦਾ ਕੈਪਟਨ ਸੁੱਤਾ ਪਿਆ ਹੈ, ਲੋਕਾਂ ਨੂੰ ਹੜ੍ਹਾਂ ਘੇਰਾ ਪਾਇਆ ਹੋਇਐ : ਸੁਖਬੀਰ ਬਾਦਲ

ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਚੁਣਿਆ ਹੈ ਪਰ ਹੁਣ ਜਦੋਂ ਸੂਬੇ ਦੇ ਲੋਕਾਂ ਨੂੰ ਹੜ੍ਹਾਂ ਨੇ ਆ ਕੇ ਘੇਰ ਲਿਆ ਹੈ ਪੰਜਾਬ ਦਾ ਕੈਪਟਨ ਆਪਣੇ ਮਹਿਲਾਂ ਵਿੱਚ ਘੂਕ ਸੁੱਤਾ ਪਿਆ ਹੈ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਹੋਈ ਅਕਾਲੀ ਦਲ ਦੀ ਕਾਨਫਰੰਸ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ : ਹਿਮਾਚਲ ਘੁੰਮਣ ਗਏ ਨੌਜਵਾਨ ਦੀ ਝਰਨੇ ’ਚ ਵਹਿਣ ਕਾਰਨ ਮੌਤ, ਵੀਡੀਓ ਆਈ ਸਾਹਮਣੇ 

ਬਰਸੀ ਮੌਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਸੂਬੇ ਦੀ ਸਰਕਾਰ ਤੇ ਮੁੱਖ ਮੰਤਰੀ ਤੇ ਤਾਬੜ ਤੋੜ ਹਮਲੇ ਕਰਦਿਆਂ ਕਿਹਾ ਕਿ ਹੁਣ ਸਮੁੱਚੇ ਸੂਬੇ ਵਿੱਚ ਲੋਕਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ ਪਰ ਕੈਪਟਨ ਕਿਧਰੇ ਨਜ਼ਰ ਨਹੀਂ ਆ ਰਿਹਾ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਵਿੱਚ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ ਸੀ ਕਿ ਸੂਬੇ ਵਿੱਚ ਹੜ੍ਹ ਆਉਣ ਦੀ ਪੂਰੀ ਸੰਭਾਵਨਾ ਹੈ ਪਰ ਸਰਕਾਰ ਦੇ ਮੁੱਖ ਮੰਤਰੀ ਇਸ ਦੇ ਬਾਵਜੂਦ ਕੋਈ ਤਿਆਰੀ ਨਹੀਂ ਕਰ ਸਕੇ ਹੁਣ ਜਦੋਂ ਸਾਰੇ ਪਾਸੇ ਪਾਣੀ ਦਾਖ਼ਲ ਹੋ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰਾਂ ‘ਤੇ ਚੜ੍ਹ ਕੇ ਮੁਆਇਨਾ ਕਰ ਰਹੇ ਹਨ ਉਨ੍ਹਾਂ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਵਾਹ-ਵਾਹ ਕਰਦਿਆਂ ਕਿਹਾ ਕਿ ਸ: ਬਾਦਲ ਸੂਬੇ ਦੇ 24 ਘੰਟੇ ਮੁੱਖ ਮੰਤਰੀ ਸਨ ਅਤੇ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਦਾ ਇਲਮ ਸੀ ਉਹ ਹਰ ਸਮੇਂ ਲੋਕਾਂ ਦੇ ਕੰਮਾਂ ‘ਚ ਵਿਅਸਤ ਰਹਿੰਦੇ ਸੀ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੜ੍ਹਾਂ ਤੇ ਹੋਰ ਕੁਦਰਤੀ ਆਫ਼ਤਾਂ ਦੇ ਟਾਕਰੇ ਲਈ ਤਿੰਨ-ਤਿੰਨ ਮਹੀਨੇ ਪਹਿਲਾਂ ਇੰਤਜ਼ਾਮ ਕਰ ਲੈਂਦੇ ਸਨ ਪਰ ਇਹ ਸਰਕਾਰ ਸਾਰੇ ਪੱਖਾਂ ਤੋਂ ਫੇਲ੍ਹ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਰਾਜਨੀਤੀ ਕੀਤੀ ਹੈ ਕਿਉਂਕਿ ਹੁਣ ਜਦੋਂ ਵੱਖ-ਵੱਖ ਸੂਬਿਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਕੱਢੇ ਜਾ ਰਹੇ ਹਨ ਜਿਨ੍ਹਾਂ ਦਾ ਸਾਰਿਆਂ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਨਗਰ ਕੀਰਤਨ ਦੇ ਸਵਾਗਤ ਕਰਨ ਦਾ ਸਮਾਂ ਵੀ ਨਹੀਂ ਲੱਗਿਆ ਉਨ੍ਹਾਂ ਗਰਮ ਖਿਆਲੀ ਜਥੇਬੰਦੀਆਂ ਨੂੰ ਕਾਂਗਰਸ ਦੇ ਏਜੰਟ ਗਰਦਾਨਦਿਆਂ ਕਿਹਾ ਕਿ ਹੁਣ ਬਰਗਾੜੀ ਮੋਰਚੇ ਵਾਲੇ ਪੰਥਕ ਆਗੂ ਕਿੱਧਰ ਅਲੋਪ ਹੋ ਗਏ ਹਨ ਪਹਿਲਾਂ ਤਾਂ ਕਾਂਗਰਸ ਦੇ ਕਹੇ ਤੇ ਬਰਗਾੜੀ ‘ਚ ਧਰਨੇ ਤੇ ਬੈਠੇ ਰਹੇ ਪਰ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਨਗਰ ਕੀਰਤਨ ਮੌਕੇ ਉਹ ਕਿੱਧਰੇ ਵੀ ਨਹੀਂ ਲੱਭ ਰਹੇ  ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਧਰਨਾ ਕਾਂਗਰਸ ਦੀ ਸ਼ਹਿ ‘ਤੇ ਹੀ ਲਾਇਆ ਤੇ ਉਨ੍ਹਾਂ ਦੇ ਕਹਿਣ ‘ਤੇ ਚੁੱਕਿਆ।

ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ

ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਆਪਣੇ ਭਾਸਣ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਨੇ ਅਮਰ ਸਹੀਦ ਸੰਤ ਲੌਂਗੋਵਾਲ ਵਰਗੇ ਦਰਵੇਸ ਆਗੂ ਨਾਲ ਵੀ ਰਜੀਵ-ਲੌਂਗੋਵਾਲ ਸਮਝੌਤੇ ਦੇ ਨਾਂਅ ‘ਤੇ ਵੱਡਾ ਧੋਖਾ ਕੀਤਾ ਜਿਸ ਕਾਰਨ ਸੰਤ ਲੌਂਗੋਵਾਲ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਅਖਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਅੱਜ ਤੱਕ ਪੰਜਾਬ ਦੇ ਪਾਣੀਆਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਘੱਟ ਗਿਣਤੀ ਵਰਗ ਦੇ ਲੋਕਾਂ ਲਈ ਹਰ ਮੋੜ ‘ਤੇ ਅੱਗੇ ਹੋ ਕੇ ਸੰਘਰਸ਼ ਲੜਦਾ ਆ ਰਿਹਾ ਹੈ ਅਤੇ ਲੜਦਾ ਰਹੇਗਾ। ਇਸ ਦੇ ਲਈ ਪਾਰਟੀ ਆਗੂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।

ਅਕਾਲੀ ਦਲ ਦੇ ਜਰਨਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਕੇਵਲ ਇੱਕ ਆਗੂ ਹੀ ਨਹੀਂ ਸਨ ਸਗੋਂ ਉਨ੍ਹਾਂ ਨੇ ਗਰੀਬ ਅਤੇ ਮੱਧ ਵਰਗ ਦੇ ਵਿੱਚੋਂ ਵੱਡੇ-ਵੱਡੇ ਲੀਡਰ ਪੈਦਾ ਕੀਤੇ ਸਨ ਜੋ ਅੱਜ ਵੀ ਦੇਸ ਦੇ ਹਿੱਤਾ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਆਪਣੇ ਦਰਵੇਸ਼ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸਲਾਨਾ ਸਹੀਦੀ ਸਮਾਗਮ ਹਰ ਸਾਲ ਪੂਰੀ ਸ਼ਰਧਾ ਨਾਲ ਕਰਵਾਉਂਦਾ ਹੈ ਪਰ ਪਿਛਲੇ ਕੁੱਝ ਸਾਲਾ ਤੋਂ ਕਾਂਗਰਸ ਸਰਕਾਰ ਜਾਣ ਬੁੱਝ ਕੇ ਬਰਸੀ ਦੇ ਨਾਂਅ ਤੇ ਡਰਾਮੇਬਾਜੀ ਕਰ ਰਹੀ ਹੈ।

ਅਕਾਲੀ ਵਿਧਾਇਕ ਦਲ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਨਾਲ  ਧੋਖਾ ਕੀਤਾ ਹੈ। ਕਾਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਸਮੁੱਚੇ ਦੇਸ ਅੰਦਰ ਕਾਂਗਰਸ ਪਾਰਟੀ ਦਾ ਸਫਾਇਆ ਹੋ ਗਿਆ ਹੈ। ਕਾਂਗਰਸ ਪਾਰਟੀ ਅੰਦਰ ਸਥਿਤੀ ਇਹ ਬਣੀ ਹੋਈ ਕਿ ਇਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਲਈ ਕੋਈ ਵੀ ਆਗੂ ਤਿਆਰ ਨਹੀਂ ਹੈ। ਉਨ੍ਹਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆ ਕਾਰਨ ਸੂਬੇ ਅੰਦਰ ਰੁਜਗਾਰ ਦੇ ਸਾਧਨ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਵਿਦੇਸਾ ਵੱਲ ਵਹੀਰਾ ਘੱਤ ਰਹੇ ਹਨ। ਸੂਬੇ ਦੇ ਲਈ ਇਹ ਇੱਕ ਬਹੁਤ ਹੀ ਮਾੜਾ ਸੰਕੇਤ ਹੈ।

ਸੰਤ ਲੌਂਗੋਵਾਲ ਜੀ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਪਹਿਲੀ ਵਾਰੀ ਸ਼ਾਮਿਲ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ  ਨੇ ਆਪਣੇ ਜੋਸ਼ੀਲੇ ਭਾਸਣ ਦੌਰਾਨ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਗੈਰ ਜੁੰਮੇਵਾਰਾ ਨੀਤੀਆ ਕਾਰਨ ਹੀ ਪੰਜਾਬ ਵੀ ਹੜ੍ਹਾਂ ਦੇ ਵੱਡੇ ਸੰਕਟ ਵਿੱਚ ਆ ਗਿਆ ਹੈ। ਸੂਬੇ ਦਾ ਹੜ੍ਹਾਂ ਕਾਰਨ ਵੱਡੇ ਪੱਧਰ ਤੇ ਹੋ ਰਹੇ ਜਾਨੀ ਮਾਲੀ ਨੁਕਸਾਨ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀ ਲੈ ਰਹੀ।

ਕਾਨਫਰੰਸ ਨੂੰ ਇਸ ਤੋਂ ਇਲਾਵਾ ਸਾਬਕਾ ਸਾਬਕਾ ਮੰਤਰੀ ਮਹੇਸ ਇੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਮਾਨ, ਪ੍ਰਕਾਸ ਚੰਦ ਗਰਗ ਸਾਬਕਾ ਸੰਸਦੀ ਸਕੱਤਰ, ਪੀਆਰਟੀਸੀ ਦੇ ਸਾਬਕਾ ਵਾਇਸ ਚੈਅਰਮੈਨ ਵਿਨਰਜੀਤ ਗੋਲਡੀ, ਸੰਤ ਬਲਵੀਰ ਸਿੰਘ ਘੁੰਨਸ ਹਲਕਾ ਇੰਚਾਰਜ ਮਹਿਲ ਕਲਾਂ , ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ, ਹਰੀ ਸਿੰਘ ਨਾਭਾ ਹਲਕਾ ਇੰਚਾਰਜ ਧੂਰੀ, ਗਗਨਜੀਤ ਬਰਨਾਲਾ ਸਾਬਕਾ ਵਿਧਾਇਕ, ਯੂਥ ਆਗੂ ਨਵਇੰਦਰਪ੍ਰੀਤ ਸਿੰਘ, ਗੁਰਬਚਨ ਸਿੰਘ ਬਚੀ, ਫਰਜਾਨਾ ਆਲਮ ਸਾਬਕਾ ਸੰਸਦੀ ਸਕੱਤਰ ਨੇ ਵੀ ਸੰਤ ਲੌਂਗੋਵਾਲ ਜੀ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ।