Lok Sabha Elections : ਬੈਂਕਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ, ਰਹਿਣਾ ਸਾਵਧਾਨ

Lok Sabha Elections

ਮੋਹਾਲੀ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਨਗਾਰਾ ਵੱਜ ਚੁੱਕਿਆ ਹੈ। ਇਸ ਨੂੰ ਦੇਖਦਿਆਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੇ ਚੋਣ ਜਾਬਤੇ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸੇ ਤਰ੍ਹਾਂ ਹੀ ਡਿਪਟੀ ਕਮਿਸ਼ਨਰ ਕਮ ਜ਼ਿਨ੍ਹਾ ਚੋਣ ਅਫ਼ਸਰ ਮੋਹਾਲੀ ਅੰਸ਼ਿਕਾ ਜੈਨ ਨੇ ਮੋਹਾਲੀ ਜ਼ਿਲ੍ਹੇ ਦੇ ਬੈਂਕਰਾਂ ਨੂੰ 10 ਲੱਖ ਰੁਪਏ ਤੋਂ ਵੱਧ ਦੇ ਕਿਸੇ ਵੀ ਲੈਣ-ਦੇਣ ਦੀ ਨਿਗਰਾਨੀ ਕਰਨ ਲਈ ਕਿਹਾ ਹੈ। (Lok Sabha Elections)

ਉਨ੍ਹਾਂ ਕਿਹਾ ਕਿ ਬੈਂਕ ਇਸ ਦੀ ਸੂਚਨਾ ਜ਼ਿਲ੍ਹਾ ਚੋਣ ਦਫ਼ਤਰ ਨੂੰ ਦੇਣ, ਜੋ ਅੱਗੇ ਹੋਰ ਤਸਦੀਕ ਲਈ ਨੋਡਲ ਅਫ਼ਸਰ, ਹਿਨਕਮ ਟੈਕਸ ਨੂੰ ਭੇਜੇਗਾ। ਚੋਣਾਂ ਨੂੰ ਲੈ ਕੇ ਐਤਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਲੀਡ ਬੈਂਕ ਮੈਨੇਜ਼ਰ ਅਤੇ ਹੋਰ ਬੈਂਕਾਂ ਦੇ ਜ਼ਿਲ੍ਹਾ ਕੋ-ਆਰਡੀਨੇਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਲੁਭਾਂਉਣ ਲਈ ਪੈਸੇ ਅਤੇ ਤਾਕਤ ਨੂੰ ਰੋਕਣਾ ਸਾਡਾ ਮੁੱਢਲਾ ਫਰਜ਼ ਹੈ।

Lok Sabha Elections

ਉਨ੍ਹਾਂ ਕਿਹਾ ਕਿ 10,000 ਤੋਂ ਵੱਧ ਭੁਗਤਾਨ ਲਈ ਸਾਰੇ ਉਮੀਦਵਾਰਾਂ ਕੋਲ ਖੁਦ ਜਾਂ ਆਪਣੇ ਚੋਣ ਏਜੰਟ ਵੱਲੋਂ ਸੰਚਾਲਿਤ ਬੈਂਕ ਖਾਤਾ ਹੋਣਾ ਚਾਹੀਦਾ ਹੈ। ਇਸ ਵਿੱਚ ਉਸ ਦੇ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਵਿਅਕਤੀ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਉਮੀਦਵਾਰ ਵੱਲੋਂ ਸਾਰਾ ਚੋਣ ਖਰਚਾ ਸਿਰਫ਼ ਇਸ ਬੈਂਕ ਖਾਤੇ ਤੋਂ ਹੀ ਕੀਤਾ ਜਾਵੇਗਾ। ਸਾਰੇ ਬੈਂਕਾਂ ਅਤੇ ਡਾਕਘਰਾਂ ਨੂੰ ਚੋਣ ਉਦੇਸ਼ਾਂ ਲਈ ਸਮਰਪਿਤ ਕਾਊਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਉਮੀਦਵਾਰਾਂ ਨੂੰ ਬੈਂਕ ਖਾਤਾ ਖੋਲ੍ਹਣ ਲਈ ਤੁਰੰਤ ਸੇਵਾਵਾਂ ਦੀ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਵੀ ਚੋਣ ਅਮਲ ਸਮੇਂ ਦੌਰਾਨ ਪਹਿਲ ਦੇ ਆਧਾਰ ’ਤੇ ਇਸ ਖਾਤੇ ਤੋਂ ਪੈਸੇ ਕਢਵਾਉਣ ਅਤੇ ਜਮ੍ਹਾ ਕਰਵਾਉਣ ਲਈ ਸੁਵਿਧਾ ਦੇਣੀ ਚਾਹੀਦੀ ਹੈ।

Also Read : Holi 2024 : ਹੋਲੀ ਤੇ ਚੰਦਰ ਗ੍ਰਹਿਣ ਇੱਕ ਹੀ ਦਿਨ, ਜਾਣੋ ਇਸ ਦਿਨ ਧਿਆਨ ਰੱਖਣ ਵਾਲੀਆਂ ਗੱਲਾਂ

ਉਨ੍ਹਾਂ ਕਿਹਾ ਕਿ ਜੇ ਉਮੀਦਵਾਰ ਵੱਲੋਂ ਕਿਸੇ ਵਿਅਕਤੀ/ਸੇਵਾ ਪ੍ਰਦਾਤਾ ਨੂੰ ਖਰਚੇ ਦੀ ਕਿਸੇ ਵੀ ਵਸਤੂ ਲਈ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਭੁਗਤਾਨ ਯੋਗ ਰਕਮ 10,000 ਰੁਪਏ ਤੋਂ ਵੱਧ ਨਹੀਂ ਹੈ ਤਾਂ ਫਿਰ ਅਜਿਹਾ ਖਰਚਾ ਬੈਂਕ ਖਾਤੇ ਤੋਂ ਕਢਵਾ ਕੇ ਨਗਦੀ ਰਾਹੀਂ ਕੀਤਾ ਜਾ ਸਕਦਾ ਹੈ, ਜਦਕਿ ਸਾਰੀਆਂ ਅਦਾਇਗੀਆਂ ਉਕਤ ਬੈਂਕ ਖਾਤੇ ਤੋਂ ਚੈੱਕ ਰਾਹੀਂ ਕੀਤੀਆਂ ਜਾਣੀਆਂ ਹਨ। ਇਸੇ ਤਰ੍ਹਾਂ ਉਮੀਦਵਾਰਾਂ ਨੂੰ 10,000 ਰੁਪਏ ਤੋਂ ਵੱਧ ਕੋਈ ਫੰਡ ਜਾਂ ਕਰਜ਼ਾ ਨਗਦ ਰੂਪ ’ਚ ਨਹੀਂ ਦਿੱਤਾ ਜਾ ਸਕਦਾ। ਇਸ ਫੰਡ ਤੋਂ ਉੱਪਰ ਅਜਿਹੇ ਸਾਰੇ ਫੰਡ/ਭੁਗਤਾਨ ਚੈੱਕ, ਡਰਾਫਟ ਜਾਂ ਖਾਤਾ ਟਰਾਂਸਫਰ ਦੁਆਰਾ ਪ੍ਰਾਪਤ ਕੀਤੇ ਜਾਣੇ ਹਨ। ਬੈਂਕਾਂ ਨੂੰ ਸਾਰੇ ਸ਼ੱਕੀ ਲੈਣ-ਦੇਣ ਦੀ ਰਿਪੋਰਟ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ ਸਨ।