
Punjabi Village Life: ਸਰੱਹਦੀ ਪਿੰਡਾਂ ਦੇ ਲੋਕਾਂ ਨੇ ਢਾਲ ਬਣੀ ਫੌਜ ਦਾ ਕੀਤਾ ਧੰਨਵਾਦ
- ਕਿਹਾ, ਸਾਨੂੰ ਸਾਡੀ ਫੌਜ ‘ਤੇ ਮਾਣ | Punjabi Village Life
Punjabi Village Life: ਫਾਜ਼ਿਲਕਾ (ਰਜਨੀਸ਼ ਰਵੀ)। ਪਾਕਿਸਤਾਨ ਨਾਲ ਤਨਾਅ ਉਪਰੰਤ ਦੋਹਾਂ ਮੁਲਕਾਂ ਵਿਚ ਸੀਜਫਾਇਰ ਹੋਣ ਤੋਂ ਬਾਅਦ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਜੀਵਨ ਮੁੜ ਪਟੜੀ ਤੇ ਮੁੜ ਆਇਆ ਹੈ। ਲੋਕ ਜੰਗ ਦਾ ਡਰ ਭੁਲਾ ਆਮ ਵਾਂਗ ਆਪਣੇ ਕੰਮ ਧੰਦੇ ਲੱਗ ਗਏ ਹਨ। ਪਰ ਇਸ ਸਾਰੇ ਸਮੇਂ ਦੌਰਾਨ ਜਿੱਥੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਬਹਾਦਰੀ ਅਤੇ ਦੇਸ਼ ਪ੍ਰੇਮ ਦੀ ਮਿਸਾਲ ਵੇਖਣ ਨੂੰ ਮਿਲੀ ਉਥੇ ਹੀ ਲੋਕ ਸਾਡੀ ਬਹਾਦਰ ਸੈਨਾ ਦਾ ਵੀ ਧੰਨਵਾਦ ਕਰ ਰਹੇ ਹਨ ਜਿੰਨ੍ਹਾਂ ਨੇ ਇਸ ਪਾਸੇ ਆਏ ਡਰੋਨ ਹਮਲੇ ਨੂੰ ਨਾਕਾਮ ਕੀਤਾ।
ਸਰਹੱਦੀ ਪਿੰਡਾਂ ਦੇ ਲੋਕ ਇਕ ਜੁਬਾਨ ਫੌਜ ਦਾ ਸੁ਼ਕਰਾਨਾ ਕਰਦੇ ਵਿਖਾਈ ਦਿੱਤੇ ਜਿੰਨ੍ਹਾਂ ਵੱਲੋਂ ਲੋਕਾਂ ਨੂੰ ਆਂਚ ਨਹੀਂ ਆਉਣ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨਾਲ ਸੰਪਰਕ ਰੱਖਿਆ ਗਿਆ ਅਤੇ ਹਰੇਕ ਤਰਾਂ ਦੀ ਸੂਚਨਾ ਉਨ੍ਹਾਂ ਤੱਕ ਪੁੱਜਦੀ ਕਰਨ ਦੇ ਨਾਲ ਇਸ ਵਾਰ ਲੋਕਾਂ ਨੂੰ ਘਰ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਸੀ ਕਿਉਂਕਿ ਸਾਡੀ ਫੌਜ ਦੀ ਕਾਬਲੀਅਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ।
Punjabi Village Life
ਪਿੰਡ ਜੋਧਾ ਭੈਣੀ ਦੇ ਨੌਜਵਾਨ ਬੱਬੂ ਸਿੰਘ ਆਖਦਾ ਹੈ ਕਿ ਸਾਡਾ ਪਿੰਡ ਬਿਲਕੁਲ ਜੀਰੋ ਲਾਇਨ ਦੇ ਨਾਲ ਪੈਂਦਾ ਹੈ ਅਤੇ ਸਾਨੂੰ ਆਪਣੀ ਫੌਜ ਤੇ ਦ੍ਰਿੜ ਭਰੋਸਾ ਸੀ। ਅਸੀਂ ਪਿੰਡ ਵਿਚ ਹੀ ਡਟੇ ਰਹੇ। ਜਦ ਭਾਰਤੀ ਆਰਮੀ ਬਾਰਡਰ ਤੇ ਹੋਵੇ ਤਾਂ ਸਾਨੂੰ ਕਿਸੇ ਗੱਲ ਦਾ ਡਰ। ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਸਾਨੂੰ ਹਰ ਪ੍ਰਕਾਰ ਦੇ ਜਰੂਰੀ ਦਿਸ਼ਾ ਨਿਰਦੇਸ਼ ਸਮੇਂ ਸਮੇਂ ਤੇ ਮਿਲਦੇ ਰਹਿੰਦੇ ਸਨ।
Read Also : Indus Water Treaty : ਤਰਲੇ ਪਾਉਣ ਲੱਗਾ ਪਾਕਿਸਤਾਨ, ਸਿੰਧੂ ਜਲ ਸੰਧੀ ’ਤੇ ਆਖੀ ਇਹ ਗੱਲ…
ਜਿਕਰਯੋਗ ਹੈ ਕਿ ਇਸ ਤਨਾਅ ਵਾਲੇ ਸਮੇਂ ਦੌਰਾਨ ਫਾਜ਼ਿਲਕਾ ਵੱਲ ਵੀ ਦੁਸ਼ਮਣ ਵੱਲੋਂ ਡਰੋਨ ਹਮਲਾ ਕੀਤਾ ਗਿਆ ਸੀ ਪਰ ਸਾਡੀ ਫੌਜ ਨੇ ਇਸ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ ਅਤੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਫਾਜ਼ਿਲਕਾ ਦੇ ਲੋਕ ਆਪਣੀ ਫੌਜ ਨਾਲ ਹਮੇਸਾ ਹੀ ਜੁੜ ਕੇ ਕੰਮ ਕਰਦੇ ਹਨ ਅਤੇ 1971 ਦੀ ਜੰਗ ਵਿਚ ਵੀ ਜਿਸ ਤਰਾਂ ਸਾਡੀ ਮਹਾਨ ਸੈਨਾ ਨੇ ਆਪਣੇ ਜਵਾਨਾਂ ਦੀ ਕੁਰਬਾਨੀ ਦੇ ਕੇ ਫਾਜ਼ਿਲਕਾ ਨੂੰ ਬਚਾਇਆ ਸੀ ਉਸ ਦੀ ਯਾਦ ਵਿਚ ਇੱਥੋਂ ਦੇ ਲੋਕਾਂ ਨੇ ਆਸਫਵਾਲਾ ਵਿਚ ਇਕ ਜੰਗੀ ਯਾਦਗਾਰ ਬਣਾ ਕੇ ਹਮੇਸਾ ਇਸ ਨੂੰ ਸਿਜਦਾ ਕੀਤਾ ਜਾਂਦਾ ਹੈ ਅਤੇ ਇਕ ਵਾਰ ਫਿਰ ਇਸ ਵਾਰ ਦੇਸ਼ ਦੇ ਰਖਵਾਲਿਆਂ ਦਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਦਿਲੋਂ ਧੰਨਵਾਦ ਕਰਦੇ ਵਿਖਾਈ ਦਿੰਦੇ ਹਨ।
Punjabi Village Life
ਪਾਕਿ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਦੂਰ ਵਸੇ ਪਿੰਡ ਖਾਨ ਵਾਲਾ ਦੇ ਸੰਜੈ ਕੁਮਾਰ ਆਖਦੇ ਹਨ ਜਦੋਂ ਵੀ ਇੱਥੇ ਫੌਜ ਆਉਂਦੀ ਹੈ ਤਾਂ ਲੋਕਾਂ ਵਿਚ ਆਤਮਵਿਸਵਾਸ਼ ਹੋਰ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਸਾਰੇ ਮੁਲਕ ਵਾਂਗ ਸਾਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਪਣੀ ਫੌਜ ਤੇ ਮਾਣ ਹੈ ਅਤੇ ਵਰਤਮਾਨ ਹਲਾਤ ਵਿਚ ਸਾਡੀ ਰਾਖੀ ਲਈ ਅਸੀਂ ਫੌਜ ਦੇ ਧੰਨਵਾਦੀ ਹਾਂ। ਉਹ ਬਾਰਡਰ ਤੇ ਹੁੰਦੇ ਹਨ ਤਾਂ ਆਮ ਲੋਕ ਆਰਾਮ ਨਾਲ ਸੌਂਦੇ ਹਨ। ਇਸੇ ਤਰਾਂ ਦਾ ਉਤਸਾਹ ਪਿੰਡ ਪੱਕਾ ਚਿਸਤੀ ਦੇ ਲੋਕਾਂ ਦਾ ਵਿਖਾਈ ਦਿੱਤਾ। ਸੱਥ ਵਿਚ ਬੈਠੇ ਲੋਕ ਆਖਦੇ ਹਨ, ਭਾਰਤੀ ਫੌਜ ਹੈ ਤਾਂ ਅਸੀਂ ਸੁਰੱਖਿਅਤ ਹਾਂ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਖਦੇ ਹਨ ਕਿ ਫਾਜ਼ਿਲਕਾ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਫੌਜ ਦਾ ਬਹੁਤ ਸਹਿਯੋਗ ਕੀਤਾ ਹੈ ਅਤੇ ਜਿੱਥੋਂ ਦੇ ਲੋਕ ਫੌਜ ਤੇ ਪ੍ਰਸ਼ਾਸਨ ਨਾਲ ਇਸ ਕਦਰ ਇਕਸੁਰ ਹੋ ਕੇ ਕੰਮ ਕਰਦੇ ਹਨ ਉਸ ਦੇਸ਼ ਦੀਆਂ ਸਰਹੱਦਾਂ ਵੱਲੋਂ ਕੋਈ ਦੁਸ਼ਮਣ ਵੇਖ ਵੀ ਨਹੀਂ ਸਕਦਾ ਹੈ।