ਗੈਸ ਲੀਕ ਮਾਮਲੇ ’ਤੇ ਜ਼ਿੰਮੇਵਾਰੀ

Gas Leak Case

ਪੱਛਮੀ ਦਿੱਲੀ ’ਚ ਗੈਸ ਲੀਕ (Gas Leak Case) ਹੋਣ ਦੀ ਸ਼ੱਕੀ ਘਟਨਾ ’ਚ 28 ਬੱਚੇ ਬਿਮਾਰ ਹੋ ਗਏ। ਇਹ ਸਾਰੇ ਬੱਚੇ ਨਗਰ ਨਿਗਮ ਸਕੂਲ ਦੇ ਹਨ। ਇਨ੍ਹਾਂ ਨੂੰ ਆਕਸੀਜ਼ਨ ਵੀ ਦੇਣੀ ਪਈ ਜਿਸ ਤੋਂ ਸਾਬਤ ਹੁੰਦਾ ਹੈ ਕਿ ਗੈਸ ਲੀਕ ਦੀ ਘਟਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਪਿਛਲੇ ਮਹੀਨਿਆਂ ’ਚ ਪੰਜਾਬ ਦੇ ਉਦਯੋਗਿਕ ਕੇਂਦਰ ਲੁਧਿਆਣਾ ਅੰਦਰ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 10 ਤੋਂ ਵੱਧ ਮੌਤਾਂ ਹੋ ਗਈਆਂ ਸਨ। ਹੈਰਾਨੀ ਦੀ ਗੱਲ ਹੈ ਕਿ ਜਾਂਚ ’ਚ ਇਸ ਦਾ ਕੋਈ ਦੋਸ਼ੀ ਵੀ ਤੈਅ ਨਹੀਂ ਹੋਇਆ। ਮੋਟੇ ਤੌਰ ’ਤੇ ਇਹ ਗੱਲ ਸਾਹਮਣੇ ਸੀ ਕਿ ਕਿਸੇ ਮਨੁੱਖੀ ਲਾਪਰਵਾਹੀ ਕਾਰਨ ਕੋਈ ਕੈਮੀਕਲ ਸੀਵਰੇਜ ਵਿਚ ਸੁੱਟਿਆ ਗਿਆ ਹੈ ਜਿਸ ਨੇ ਸੀਵਰੇਜ ਦੀ ਗੈਸ ਨਾਲ ਰੀਐਕਸ਼ਨ ਕਰਕੇ ਜ਼ਹਿਰੀਲੀ ਗੈਸ ਪੈਦਾ ਕੀਤੀ ਜਿਸ ਨਾਲ ਕਈ ਮੌਤਾਂ ਹੋ ਗਈਆਂ।

ਨਿਯਮ ਤੇ ਜ਼ਿੰਮੇਵਾਰੀ | Gas Leak Case

ਇਹ ਕੈਮੀਕਲ ਕਿਸ ਨੇ ਸੁੱਟਿਆ ਹੈ, ਇਸ ਦਾ ਖੁਰਾ-ਖੋਜ ਲੱਭਣ ਦੀ ਥਾਂ ’ਤੇ ਇਹ ਕਹਿ ਦਿੱਤਾ ਗਿਆ ਹੈ ਕਿ ਇਸ ਦਾ ਕੋਈ ਵੀ ਦੋਸ਼ੀ ਨਹੀਂ। ਸੜਕ ਹਾਦਸੇ ’ਚ ਕੋਈ ਤਾਂ ਗਲਤੀ ਕਰਦਾ ਹੈ ਤਾਂ ਹੀ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਹੈ। ਜੇਕਰ ਕਿਸੇ ਫੈਕਟਰੀ ’ਚੋਂ ਕੈਮੀਕਲ ਬਾਹਰ ਸੁੱਟਿਆ ਜਾਂਦਾ ਹੈ ਤਾਂ ਹੀ ਕੋਈ ਘਟਨਾ ਵਾਪਰਦੀ ਹੈ। ਕਿਸੇ ਸਿਲੰਡਰ ’ਚ ਗੈਸ ਲੀਕ ਹੰੁਦੀ ਹੈ ਤਾਂ ਉਸ ਦੀ ਸੁਰੱਖਿਆ ਲਈ ਨਿਯਮ ਤੇ ਜਿੰਮੇਵਾਰੀ ਤੈਅ ਹੁੰਦੀ ਹੈ। ਇਹ ਜ਼ਰੂਰੀ ਹੈ ਕਿ ਉਦਯੋਗਿਕ ਗੈਸਾਂ, ਮਲਬਾ ਮਨੁੱਖੀ ਜਾਨਾਂ ਲਈ ਖਤਰਾ ਨਾ ਬਣਨ, ਇਸ ਵਾਸਤੇ ਜਿੱਥੇ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣ, ੳੱੁਥੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਸਾਮਹਣੇ ਆਉਣ ’ਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈ ਸਕਣ। ਇਹ ਵੀ ਜ਼ਰੂਰੀ ਹੈ ਕਿ ਉਦਯੋਗ ਵਾਲੇ ਖੇਤਰਾਂ ਤੋਂ ਸਕੂਲਾਂ ਜਾਂ ਹੋਰ ਆਬਾਦੀ ਨੂੰ ਦੂਰ ਰੱਖਿਆ ਜਾਵੇ। ਅਬਾਦੀ ਵਾਲੇ ਖੇਤਰ ’ਚ ਉਦਯੋਗਾਂ ਨਾਲ ਸਬੰਧਿਤ ਜ਼ਰੂਰੀ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਜਾਣ।

ਸੈਂਕੜੇ ਥਾਈਂ ਧਮਾਕੇ

ਬਿਨਾਂ ਸ਼ੱਕ ਵਿਕਾਸਸ਼ੀਲ ਮੁਲਕ ਅੰਦਰ ਉਦਯੋਗ ਆਰਥਿਕਤਾ ਦੀ ਰੀੜ੍ਹ ਹਨ ਉਦਯੋਗਾਂ ਤੋਂ ਬਿਨਾਂ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਮਨੁੱਖੀ ਜ਼ਿੰਦਗੀਆਂ ਦਾ ਮਸਲਾ ਸੰਵੇਦਨਸ਼ੀਲ ਹੈ। ਰਿਸਕ ਵਾਲੇ ਉਦਯੋਗਾਂ ਨੂੰ ਅਬਾਦੀ ਵਾਲੇ ਖੇਤਰਾਂ ਤੋਂ ਦੂਰ ਰੱਖਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਗੈਰ-ਕਾਨੂੰਨੀ ਤੌਰ ’ਤੇ ਲੱਗੀਆਂ ਆਤਿਸ਼ਬਾਜ਼ੀ ਫੈਕਟਰੀਆਂ ’ਚ ਸੈਂਕੜੇ ਥਾਈਂ ਧਮਾਕੇ ਹੋ ਚੁੱਕੇ ਹਨ ਜਿਨ੍ਹਾਂ ’ਚ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਹਰ ਸਾਲ ਕਿਸੇ ਨਾ ਕਿਸੇ ਸੂਬੇ ’ਚ ਆਤਿਸ਼ਬਾਜ਼ੀ ਦੇ ਗੈਰ-ਕਾਨੂੰਨੀ ਸਟੋਰ ਜਾਂ ਫੈਕਟਰੀ ’ਚ ਦੁਖਦਾਈ ਘਟਨਾ ਵਾਪਰਦੀ ਹੈ ਪਰ ਦੇਸ਼ ਦੇ ਹੋਰ ਹਿੱਸਿਆਂ ’ਚ ਉਹ ਸਾਰਾ ਕੁਝ ਉਵੇਂ-ਜਿਵੇਂ ਚੱਲਦਾ ਰਹਿੰਦਾ ਹੈ। ਫਿਰ ਕੋਈ ਹੋਰ ਉਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਜਾਂਚ ਹੋਵੇਗੀ, ਮੁਆਵਜ਼ਾ ਮਿਲੇਗਾ, ਇਹ ਰੁਝਾਨ ਚੱਲਦਾ ਰਹਿੰਦਾ ਹੈ, ਜ਼ਰੂਰੀ ਹੈ ਮਰੇ ਲੋਕਾਂ ਦੇ ਪਰਿਵਾਰਾਂ ਦਾ ਦਰਦ ਸਮਝਿਆ ਜਾਣਾ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ