ਛੁੱਟੀ ਆਏ ਫ਼ੌਜੀ ਨੇ ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ

Leave, Soldier, Shot Hit, Young, Murder

ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਕਤਲ ਦਾ ਕਾਰਨ

ਪੁਲਿਸ ਨੇ ਦੋ ਜਣਿਆਂ ਖ਼ਿਲਾਫ਼ ਦਰਜ ਕੀਤਾ ਮਾਮਲਾ, ਮੁਲਜ਼ਮ ਫ਼ਰਾਰ

ਸੱਚ ਕਹੂੰ ਨਿਊਜ਼, ਗੁਰਦਾਸਪੁਰ

ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਨਿਆਮਤਾ ‘ਚ ਛੁੱਟੀ ਆਏ ਇੱਕ ਫ਼ੌਜੀ ਨੇ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਟਹਿਲ ਸਿੰਘ ਉਰਫ਼ ਸਨੀ (31) ਪੁੱਤਰ ਕੈਪਟਨ ਅਜੀਤ ਸਿੰਘ ਵਜੋਂ ਹੋਈ ਹੈ। ਉਹ ਪਲਾਸਟਿਕ ਦੇ ਸਮਾਨ ਦਾ ਕਾਰੋਬਾਰ ਕਰਦਾ ਸੀ ਅਤੇ ਪਰਿਵਾਰ ਦਾ ਇਕਲੌਤਾ ਲੜਕਾ ਸੀ। ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ। ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਮ੍ਰਿਤਕ ਦੀ ਭੈਣ ਗੁਲਸ਼ਨ ਸੈਣੀ ਦੇ ਬਿਆਨਾਂ ‘ਤੇ ਫ਼ੌਜੀ ਜਸਵੀਰ ਸਿੰਘ ਉਰਫ਼ ਸ਼ੀਰਾ ਤੇ ਉਸਦੇ ਵੱਡੇ ਭਰਾ ਮਹਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਖ਼ਿਲਾਫ਼ ਧਾਰਾ 302/34 ਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਦੋਸ਼ੀ ਕਤਲ ਲਈ ਵਰਤੀ ਰਿਵਾਲਰ ਸਮੇਤ ਫ਼ਰਾਰ ਹਨ।

ਮ੍ਰਿਤਕ ਦੀ ਭੈਣ ਗੁਲਸ਼ਨ ਸੈਣੀ ਨੇ ਆਪਣੇ ਮੋਬਾਈਲ ‘ਚ ਪਈ ਇੱਕ ਆਡੀਓ ਰਿਕਾਰਡਿੰਗ ਦੇ ਆਧਾਰ ‘ਤੇ ਦੱਸਿਆ ਕਿ ਬੀਤੀ ਰਾਤ ਕਰੀਬ ਪੌਣੇ 10 ਵਜੇ ਜਦੋਂ ਉਨ੍ਹਾਂ ਦਾ ਭਰਾ ਟਹਿਲ ਸਿੰਘ ਉਰਫ਼ ਸਨੀ ਪਿੰਡ ਦੇ ਬਾਹਰ ਇੱਕ ਪੋਲਟਰੀ ਫਾਰਮ ‘ਤੇ ਪਿੰ੍ਰਸ ਨਾਂਅ ਦੇ ਦੋਸਤ ਨਾਲ ਬੈਠਾ ਸੀ ਤਾਂ ਮੁਲਜ਼ਮ ਫ਼ੌਜੀ ਅਜੀਤ ਸਿੰਘ  ਉਸ ਨੂੰ ਫ਼ੋਨ ਕਰਕੇ ਆਪਣੇ ਵੱਡੇ ਭਰਾ ਮਹਿੰਦਰ ਸਿੰਘ ਸਮੇਤ ਪੋਲਟਰੀ ਫਾਰਮ ‘ਤੇ ਪਹੁੰਚ ਗਿਆ ਅਤੇ ਉਸ ਨਾਲ ਝਗੜਾ ਕਰਨ ਲੱਗੇ। ਗੁਲਸ਼ਨ ਸੈਣੀ ਅਨੁਸਾਰ ਜਦੋਂ ਉਹ ਭਰਾ ਦੇ ਪਿੱਛੇ ਝਗੜੇ ਵਾਲੀ ਜਗ੍ਹਾ ‘ਤੇ ਪਹੁੰਚੀ ਤਾਂ ਦੋਵੇਂ ਮੁਲਜ਼ਮ ਉਸ ਦੇ ਭਰਾ ਨਾਲ ਹੱਥੋਪਾਈ ਕਰ ਰਹੇ ਸਨ ਤੇ ਉਸਦੇ ਦੇਖਦੇ ਹੀ ਦੇਖਦੇ ਫ਼ੌਜੀ ਅਜੀਤ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਉਸਦੇ ਭਰਾ ਸੰਨੀ ਦੇ ਪੇਟ ਵਿੱਚ ਲੱਗੀ ਤੇ ਉਹ ਮੌਕੇ ‘ਤੇ ਹੀ ਢੇਰ ਹੋ ਗਿਆ।

ਰੌਲਾ ਪੈਣ ‘ਤੇ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ ਤੇ ਉਹ ਜ਼ਖ਼ਮੀ ਹਾਲਤ ‘ਚ ਜਦੋਂ ਸੰਨੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਗਏ ਤਾਂ ਉੱਥੇ ਜਾਂਦਿਆਂ ਹੀ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਨੇ ਰੌਂਦਿਆਂ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਹ ਪਰਿਵਾਰ ਦਾ ਇਕਲੌਤਾ ਸਹਾਰਾ ਸੀ, ਜਿਸਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਕਰਕੇ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ। ਉੱਧਰ ਥਾਣਾ ਬਹਿਰਾਮਪੁਰ ਦੀ ਐੱਸਐੱਚਓ ਮਨਜੀਤ ਕੌਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਭਰਾਵਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਤਲ ਦੇ ਕਾਰਨਾਂ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਤੇ ਕਿਹਾ ਕਿ ਇਸ ਬਾਰੇ ਪਿੰਡ ਦੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ ਤੇ ਆਡੀਓ ਰਿਕਾਰਡਿੰਗ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਨੂੰ ਸਾਹਮਣੇ ਲਿਆਂਦਾ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।