ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੱਲ ਝਾਕਣ ਵਾਲੇ ਨੇਤਾ ਆਪਣੀਆਂ ਵਾਧੂ ਪੈਂਨਸ਼ਨਾਂ ਛੱਡਣ :- ਪੰਨੂੰ,ਹਾਂਡਾ

ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੱਲ ਝਾਕਣ ਵਾਲੇ ਨੇਤਾ ਆਪਣੀਆਂ ਵਾਧੂ ਪੈਂਨਸ਼ਨਾਂ ਛੱਡਣ :- ਪੰਨੂੰ,ਹਾਂਡਾ

ਫਿਰੋਜ਼ਪੁਰ,( ਸੱਤਪਾਲ ਥਿੰਦ) | ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਵਾਉਣ ਦੀ ਸਰਕਾਰੀ ਅਪੀਲ ਨੂੰ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਅਡਵਾਈਜ਼ਰੀ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ ਨੇ ਕਿਹਾ ਕਿ 5-5,7-7 ਪੈਨਸ਼ਨਾਂ ਲੈਣ ਵਾਲੇ ਪੰਜਾਬ ਦੇ ਨੇਤਾਵਾਂ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੀਆਂ ਤਨਖਾਹਾਂ ਵਿੱਚੋਂ ਕਟੌਤੀ ਕਰਵਾ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਦੀਆਂ ਅਪੀਲਾਂ ਕਰਨੀਆਂ ਬਿਲਕੁਲ ਨਹੀਂ ਸ਼ੋਭਦੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਉੱਤੇ ਵਾਧੂ ਬੋਝ ਦਾ ਮੁੱਖ ਕਾਰਨ ਪੰਜਾਬ ਦੇ ਸਰਕਾਰੀ ਮੁਲਾਜ਼ਮ ਨਹੀਂ ਸਗੋਂ ਪੰਜਾਬ ਦੇ ਨੇਤਾਵਾਂ ਵੱਲੋਂ ਲੱਖਾਂ ਰੁਪਏ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਪ੍ਰਾਪਤ ਕਰਨਾ ਅਤੇ ਸਰਕਾਰੀ ਪੈਸੇ ‘ਤੇ ਵਿਦੇਸ਼ਾਂ ਵਿੱਚ ਜਾ ਕੇ ਇਲਾਜ ਕਰਵਾਉਣ ਵਰਗੇ ਫਾਲਤੂ ਖਰਚੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿੰਨੇ ਹੀ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਹਨ ਜੋ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਲੱਖਾਂ ਰੁਪਏ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਹਨ ਅਤੇ ਕਿੰਨੇ ਹੀ ਮੌਜੂਦਾ ਵਿਧਾਇਕ ਅਤੇ ਮੌਜੂਦਾ ਸੰਸਦ ਮੈਂਬਰ ਹਨ ਜੋ ਆਪਣੀਆਂ ਤਨਖ਼ਾਹਾਂ ਅਤੇ ਵੱਖ ਵੱਖ ਤਰ੍ਹਾਂ ਦੇ ਭਤਿਆਂ ਦੇ ਨਾਲ ਨਾਲ ਆਪਣੀਆਂ ਪਿਛਲੀਆਂ ਟਰਮਾਂ ਦੀਆਂ ਲੱਖਾਂ ਰੁਪਏ ਦੀਆਂ ਪੈਨਸ਼ਨਾਂ ਵੀ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਨਾ ਸਿਰਫ ਸਾਬਕਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਬੰਦ ਹੋਣੀਆਂ ਚਾਹੀਦੀਆਂ ਹਨ ਸਗੋਂ ਤਨਖਾਹਾਂ ਅਤੇ ਵੱਖ ਵੱਖ ਤਰ੍ਹਾਂ ਦੇ ਭਤੇ ਲੈ ਰਹੇ ਮੌਜੂਦਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ ਪਿਛਲੀਆਂ ਟਰਮਾਂ ਦੀਆਂ ਸਾਰੀਆਂ ਵਾਧੂ ਪੈਨਸ਼ਨਾਂ ਬੰਦ ਹੋਣੀਆਂ ਚਾਹੀਦੀਆਂ ਹਨ। ਹਰਜਿੰਦਰਪਾਲ ਸਿੰਘ ਪੰਨੂੰ ਅਤੇ ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦਾ 1-1-2016 ਤੋਂ ਬਣਦਾ ਪੇਅ ਕਮਿਸ਼ਨ ਲਾਗੂ ਨਾ ਕਰਕੇ ਪਹਿਲਾਂ ਹੀ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵੱਡੀ ਕਟੌਤੀ ਕਰੀ ਬੈਠੀ ਹੈ।ਇਸੇ ਤਰ੍ਹਾਂ ਹੀ ਪੰਜਾਬ ਦੇ ਮੁਲਾਜਮਾਂ ਦਾ ਪੰਜਾਬ ਸਰਕਾਰ ਵੱਲ ਨਾ ਸਿਰਫ਼ ਪਿਛਲੀਆਂ ਦਿੱਤੀਆਂ ਡੀ.ਏ. ਦੀਆਂ ਕਿਸ਼ਤਾਂ ਦਾ ਲੱਖਾਂ ਰੁਪਏ ਬਕਾਇਆ ਖੜ੍ਹਾ ਹੈ

ਸਗੋਂ ਅਜੇ ਕਿੰਨੀਆਂ ਹੀ ਪੂਰੀਆਂ ਦੀ ਪੂਰੀਆਂ ਡੀ.ਏ.ਦੀਆਂ ਕਿਸ਼ਤਾ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦੇਣੀਆਂ ਬਾਕੀ ਬਣਦੀਆਂ ਹਨ।ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੱਲ ਝਾਕਣ ਦੀ ਥਾਂ ਤੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਵਾਧੂ ਪੈਨਸ਼ਨਾਂ ਦੇਣ ਵਾਲੀ ਸਕੀਮ ਤੁਰੰਤ ਬੰਦ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਮੌਜੂਦਾ ਸੰਕਟ ਦੇ ਦੌਰ ਵਿੱਚ ਆਪਣੇ ਹਰ ਅਧਿਆਪਕ ਆਗੂ ਨੂੰ ਆਪਣੀ ਸਮਰੱਥਾ ਮੁਤਾਬਿਕ ਲੋਕਲ ਅਤੇ ਪੰਜਾਬ ਪੱਧਰ ‘ਤੇ ਲੋੜਵੰਦਾਂ ਦੀ ਮਦਦ ਕਰਨ ਲਈ ਅਤੇ ਦਾਨ ਕਰਨ ਲਈ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ। ਪਰ ਜੇ ਪੰਜਾਬ ਸਰਕਾਰ ਨੇ ਧੱਕੇਸ਼ਾਹੀ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।