ਦੇਰ ਰਾਤ ਬਰਸਾਤ ਨੇ ਕਿਸਾਨਾਂ ਦੀ ਸੋਨੇ ਵਰਗੀ ਕਣਕ ’ਤੇ ਫੇਰਿਆ ਪਾਣੀ

Rain

ਦੇਰ ਰਾਤ ਬਰਸਾਤ ਤੇ ਹਨ੍ਹੇਰੀ ਝੱਖੜ ਨਾਲ ਕਣਕ ਦੀ ਕਟਾਈ ‘ਚ ਹੋਰ ਦੇਰੀ

  • ਦਾਣਾ ਮੰਡੀਆਂ ’ਚ ਕਣਕ ਭਿੱਜਣ ਨਾਲ ਖਰੀਦ ਵੀ ਹੋਵੇਗੀ ਲੇਟ-ਕਿਸਾਨ

ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਬੀਤੀ ਦੇਰ ਰਾਤ ਆਈ ਬਰਸਾਤ (Rain) ਤੇ ਹਨ੍ਹੇਰੀ ਝੱਖੜ ਨੇ ਹਾੜੀ ਦੀ ਫਸਲ ਕਣਕ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਦੀ ਚਿੰਤਾ ਵਿਚ ਹੋਰ ਵਾਧਾ ਕਰ ਦਿੱਤਾ ਹੈ। ਕਿਸਾਨ ਕੁਲਦੀਪ ਸਿੰਘ ਮਾਹੂਆਣਾ, ਜਗਮੀਤ ਸਿੰਘ ਨੀਟੂ ਤੱਪਾਖੇੜਾ, ਕੁਲਵਿੰਦਰ ਸਿੰਘ ਖੁੱਡੀਆਂ, ਰਣਜੀਤ ਸਿੰਘ ਚੰਨੂੰ ਅਤੇ ਲਖਵੀਰ ਸਿੰਘ ਲਾਲਬਾਈ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਾਰਚ ਦੇ ਮਹੀਨੇ ਆਖਰ ਵਿਚ 2-3 ਵਾਰ ਪਏ ਭਾਰੀ ਮੀਂਹ ਨਾਲ, ਜਿਥੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ, ਉਥੇ ਕੁਦਰਤੀ ਆਫਤ ਤੋਂ ਬਚੀ ਕਣਕ ਦੀ ਸਾਂਭ-ਸੰਭਾਲ ਦਾ ਕੰਮ ਪਹਿਲਾਂ ਹੀ ਲੇਟ ਚੱਲ ਰਿਹਾ ਸੀ ਤੇ ਉਤੋਂ ਬੀਤੀ ਦੇਰ ਰਾਤ ਆਏ ਹਨੇਰੀ ਝੱਖੜ ਤੇ ਬਰਸਾਤ ਨਾਲ ਜ਼ਮੀਨ ਗਿੱਲੀ ਹੋਣ ਕਰਕੇ ਵਢਾਈ ਦਾ ਕੰਮ ਹੋਰ ਵੀ ਲੇਟ ਹੋ ਗਿਆ, ਕਿਉਂਕਿ ਗਿੱਲੀ ਜ਼ਮੀਨ ਵਿਚ ਕਣਕ ਦੀ ਕਟਾਈ ਲਈ ਭਾਰੀ ਕੰਬਾਈਨ ਦਾ ਚਲਣਾ ਬਹੁਤ ਹੀ ਮੁਸ਼ਕਿਲ ਹੁੰਦਾ ਤੇ ਫਿਰ ਕਣਕ ਦੀ ਖਰੀਦ ਵਿਚ ਦੇਰੀ ਹੋਣਾ ਵੀ ਸੁਭਾਵਿਕ ਹੈ।

ਮੰਡੀਆਂ ’ਚ ਗੱਟਿਆਂ ਹੇਟਾਂ ਫਿਰਿਆ ਮੀਂਹ (Rain) ਦਾ ਪਾਣੀ

ਉਧਰ ਦਾਣਾ ਮੰਡੀਆਂ ਵਿਚ ਇਲਾਕੇ ਦੇ ਕਿਸਾਨਾਂ ਵੰਲੋਂ ਲਿਆਂਦੀ ਕਣਕ ਜੋ ਕਿ ਤੁਲਾਈ ਤੋਂ ਬਾਅਦ ਗੱਟਿਆਂ ਵਿਚ ਭਰੀ ਪਈ ਸੀ, ਦੇ ਥੱਲੇ ਬਰਸਾਤ ਦਾ ਪਾਣੀ ਫਿਰਨ ਦੇ ਨਾਲ ਕਣਕ ਗਿੱਲੀ ਹੋ ਗਈ, ਤੇ ਹੁਣ ਬਰਸਾਤ ਕਾਰਨ ਭਿੱਜੀ ਕਣਕ ਦੇ ਗੱਟਿਆਂ ਨੂੰ ਉਲਟ-ਪੁਲਟਕੇ ਸਕਾਉਣ ਵਿਚ ਵੀ ਸਮਾਂ ਲੱਗੇਗਾ, ਜਿਸ ਨਾਲ ਦਾਣਾ ਮੰਡੀਆਂ ਵਿਚ ਬਿਨਾਂ ਤੁਲਾਈ ਤੋਂ ਖੁੱਲੀ ਪਈ ਕਣਕ ਅਤੇ ਗੱਟਿਆਂ ਵਿਚ ਭਰੀ ਕਣ ਲਿਫਟਿੰਗ ਦਾ ਕੰਮ ਵੀ ਲੇਟ ਹੋਵੇਗਾ।

ਜਿਸ ਕਰਕੇ ਕਿਸਾਨਾਂ ਦੀ ਚਿੰਤਾ ਵਿਚ ਵਾਧਾ ਹੋਣ ਕੁਦਰਤੀ ਗੱਲ ਹੈ। ਇਸ ਤੋਂ ਇਲਾਵਾ ਪਹਿਲਾਂ ਪਈ ਬਰਸਾਤ ਨਾਲ ਜਿਥੇ ਕਣਕ ਦਾ ਝਾੜ ਘਟਿਆ, ਊੁਥੇ ਕਣਕ ਦੇ ਨਾੜ ਦਾ ਬਰਸਾਤ ਦੇ ਪਾਣੀ ਨਾਲ ਗਲਣ ਕਰਕੇ ਤੂੜੀ ਪਹਿਲਾਂ ਦੇ ਮੁਕਾਬਲੇ ਹੋਵੇਗੀ ਵੀ ਘੱਟ ਤੇ ਕੁਆਲਟੀ ਵੀ ਵਧੀਆ ਨਹੀਂ ਹੋਵੇਗੀ। ਬਰਸਾਤ ਤੇ ਝੱਖੜ ਨੇ ਜਿੱਥੇ ਕਣਕ ਦੇ ਨਾਲ ਤੂੜੀ ਦੇ ਝਾੜ ’ਤੇ ਅਸਰ ਪਾਇਆ, ਉਥੇ ਆਉਣ ਵਾਲੇ ਦਿਨਾਂ ਵਿਚ ਜੇਕਰ ਕਣਕ ਤੇ ਤੂੜੀ ਦੇ ਰੇਟ ਵਿਚ ਵਾਧਾ ਹੁੰਦਾ ਹੈ ਤਾਂ ਇਹ ਆਮ ਆਦਮੀ ਲਈ ਵੀ ਫਿਕਰ ਵਾਲੀ ਗੱਲ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ