ਦੇਸ਼ ‘ਚ ਵੀ ਵਧੇ ਦੇਸ਼ਵਾਸੀਆਂ ਦੀ ਆਮਦਨ

ਭਾਰਤ ਨੂੰ ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਦੀ ਕਮਾਈ ਤੋਂ ਕਰੀਬ 69 ਅਰਬ ਡਾਲਰ ਮਿਲ ਰਿਹਾ ਹੈ

ਹਾਲ ਹੀ ‘ਚ ਵਰਲਡ ਬੈਂਕ ਦੀ ਰਿਪੋਰਟ ਆਈ ਹੈ ਕਿ ਦੁਨੀਆ ‘ਚ ਭਾਰਤ ਪਹਿਲਾ ਅਜਿਹਾ ਦੇਸ਼ ਹੈ, ਜਿਸ ਦੇ ਨਾਗਰਿਕ ਵਿਦੇਸ਼ਾਂ ‘ਚ ਕੰਮ ਕਰਕੇ ਸਭ ਤੋਂ ਜ਼ਿਆਦਾ ਪੈਸਾ ਆਪਣੇ ਦੇਸ਼ ‘ਚ ਭੇਜਦੇ ਹਨ। ਸੁਣਨ ‘ਚ ਇਹ ਬਹੁਤ ਚੰਗਾ ਲੱਗਦਾ ਹੈ, ਪਰ ਜੋ ਲੋਕ ਭਾਰਤ ਲਈ ਵਿਦੇਸ਼ਾਂ ‘ਚ ਦਿਨ-ਰਾਤ ਇੱਕ ਕਰਕੇ ਇਹ ਕਮਾਈ ਕਰ ਰਹੇ ਹਨ, ਉਨ੍ਹਾਂ ‘ਚ ਹਜ਼ਾਰਾਂ ਕੰਮ ਕਰਨ ਵਾਲੇ ਅਜਿਹੇ ਹਨ ਕਿ ਉਨ੍ਹਾਂ ਦਾ ਵਿਦੇਸ਼ੀ ਧਰਤੀ ‘ਤੇ ਸ਼ੋਸ਼ਣ ਵੀ ਹੋ ਰਿਹਾ ਹੈ, ਫਿਰ ਵੀ ਉਹ ਆਪਣੇ ਦੇਸ਼ ਲਈ ਸਭ ਕੁਝ ਸਹਿ ਕੇ ਕਮਾਈ ਕਰਦੇ ਹਨ। ਵਿਦੇਸ਼ਾਂ ਤੋਂ ਭਾਰਤ ਨੂੰ ਆਪਣੇ ਲੋਕਾਂ ਦੀ ਕਮਾਈ ਦਾ ਕਰੀਬ 69 ਅਰਬ ਡਾਲਰ ਮਿਲ ਰਿਹਾ ਹੈ, ਇਹ ਪੈਸਾ ਭਾਰਤ ਦੇ ਕੁੱਲ ਰੱਖਿਆ ਬਜਟ ਦਾ ਡੇਢ ਗੁਣਾ ਹੈ ਅਤੇ ਇਹ ਸਭ ਭਾਰਤ ਦੇ ਪਿੰਡਾਂ ‘ਚ ਸਿੱਧਾ ਪਹੁੰਚਦਾ ਹੈ।

ਇਸ ਦੇ ਉਲਟ ਇੱਕ ਹੌਲਨਾਕ ਸੱਚ ਇਹ ਵੀ ਹੈ ਕਿ ਬਹੁਤੇ ਠੱਗ ਤੇ ਧੋਖੇਬਾਜ਼ ਕਿਸਮ ਦੇ ਲੋਕ ਦੇਸ਼ ‘ਚ ਭ੍ਰਿਸ਼ਟਾਚਾਰ ਕਰਕੇ, ਬੈਂਕ ਧੋਖਾਧੜੀ ਕਰਕੇ ਦੇਸ਼ ਦਾ ਧਨ ਵਿਦੇਸ਼ਾਂ ‘ਚ ਭੇਜ ਰਹੇ ਹਨ। ਉਹ ਵੀ ਸਿਰਫ ਇਸ ਲਈ ਕਿ ਉਨ੍ਹਾਂ ਦੀ ਕਾਲੀ ਕਮਾਈ ਲੁਕ ਜਾਵੇ ਸਿਆਸੀ ਲੋਕ, ਉਦਯੋਗਪਤੀ, ਅਪਰਾਧੀ, ਅਫ਼ਸਰ ਸਾਰੇ ਤਰ੍ਹਾਂ ਦੇ ਲੋਕਾਂ ਦੀ ਇੱਕ ਚੰਗੀ ਖਾਸੀ ਗਿਣਤੀ ਹੈ ਜੋ ਇਹ ਅਪਰਾਧ ਕਰ ਰਹੇ ਹਨ। ਇੱਥੇ ਦੁਖਦ ਗੱਲ ਇਹ ਵੀ ਹੈ ਕਿ ਭਾਰਤ ਸਰਕਾਰ ਅੱਜ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਹਵਾਲਾ, ਭ੍ਰਿਸ਼ਟਾਚਾਰ ਰਾਹੀਂ ਕੁੱਲ ਕਿੰਨਾ ਪੈਸਾ ਹੈ ਜੋ ਦੇਸ਼ ‘ਚੋਂ ਬਾਹਰ ਭੇਜਿਆ ਜਾ ਚੁੱਕਿਆ ਹੈ। ਅਜਿਹੇ ਹਾਲਾਤਾਂ ‘ਚ ਵਿਦੇਸ਼ਾਂ ‘ਚ ਕਮਾਈ ਕਰ ਰਹੇ ਭਾਰਤੀ ਵੀ ਭਾਰਤੀ ਫੌਜ ਵਾਂਗ ਮਾਣ ਦਾ ਅਹਿਸਾਸ ਕਰਵਾਉਂਦੇ ਹਨ।

ਮਜ਼ਬੂਤ ਇੱਛਾ ਸ਼ਕਤੀ ਨਾਲ ਭ੍ਰਿਸ਼ਟਾਚਾਰ ਖਿਲਾਫ ਲੜਨਾ ਹੋਵੇਗਾ

ਇੱਥੇ ਦੋ ਪ੍ਰਸ਼ਨ ਵੀ ਉੱਠਦੇ ਹਨ ਕਿ ਭਾਰਤ ‘ਚ ਅਜਿਹਾ ਮਾਹੌਲ ਕਦੋਂ ਬਣੇਗਾ ਕਿ ਕਿਸੇ ਭਾਰਤੀ ਨੂੰ ਕਮਾਉਣ ਲਈ ਆਪਣਾ ਦੇਸ਼ ਨਾ ਛੱਡਣਾ ਪਵੇ? ਫਿਰ ਕਦੋਂ ਤੱਕ ਦੇਸ਼ ‘ਚ ਬੈਠੇ ਠੱਗ ਦੇਸ਼ ਨੂੰ ਲੁੱਟ ਕੇ ਵਿਦੇਸ਼ੀ ਬੈਂਕਾਂ ਨੂੰ ਭਰਦੇ ਰਹਿਣਗੇ? ਅੱਜ ਦੇਸ਼ ‘ਚ ਭ੍ਰਿਸ਼ਟ ਜੀਵਨ ਸ਼ੈਲੀ ਵਾਲੇ ਲੋਕ ਮੌਜ ਉੜਾ ਰਹੇ ਹਨ ਅਤੇ ਜੋ ਇਮਾਨਦਾਰੀ ਨਾਲ ਕਮਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਜਿਉਣਾ ਮਹਿੰਗਾਈ, ਕਰਜ਼, ਬੇਰੁਜ਼ਗਾਰੀ ਨੇ ਹਰਾਮ ਕਰ ਰੱਖਿਆ ਹੈ। ਭਾਰੀ ਗਿਣਤੀ ‘ਚ ਇਸ ਲੋਕ ਸਭਾ ‘ਚ ਬੈਠੀ ਭਾਜਪਾ ਜੋ ਸਰਕਾਰ ਚਲਾ ਰਹੀ ਹੈ।

ਉਸ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ਼ ਦਾ ਕਾਲਾ ਧਨ ਦੇਸ਼ ‘ਚ ਵਾਪਸ ਲਿਆਵੇਗੀ ਅਤੇ ਹਰ ਭਾਰਤੀ ਦੇ ਹਿੱਸੇ ਕਰੀਬ 15 ਲੱਖ ਰੁਪਏ ਆਉਣਗੇ ਪਰ ਭਾਜਪਾ ਅਸਫਲ ਹੋ ਗਈ ਬਾਹਰੋਂ ਕਾਲਾ ਧਨ ਤਾਂ ਕੀ ਵਾਪਸ ਲਿਆਉਣਾ ਸੀ। ਉਲਟਾ ਦੇਸ਼ ਦੇ ਕਈ ਬੈਂਕਾਂ ਦਾ ਇੱਕ ਨੰਬਰ ਦਾ ਪੈਸਾ ਵੀ ਬਾਹਰ ਚਲਿਆ ਗਿਆ। ਸਰਕਾਰ ਨੂੰ ਮਜ਼ਬੂਤ ਇੱਛਾ ਸ਼ਕਤੀ ਨਾਲ ਭ੍ਰਿਸ਼ਟਾਚਾਰ ਖਿਲਾਫ ਲੜਨਾ ਹੋਵੇਗਾ, ਨਾਲ ਹੀ ਦੇਸ਼ ‘ਚ ਆਰਥਿਕ ਨੀਤੀਆਂ ਇਸ ਤਰ੍ਹਾਂ ਦੀਆਂ ਬਣਨ ਤਾਂਕਿ ਆਮ ਭਾਰਤੀ ਦੀ ਆਮਦਨ ਉਸ ਦੇ ਖਰਚ ਤੋਂ ਜ਼ਿਆਦਾ ਹੋਵੇ, ਉਦੋਂ ਵਿਦੇਸ਼ਾਂ ‘ਚ ਕੰਮ ਕਰ ਰਹੇ ਭਾਰਤੀਆਂ ਦੀ ਆਮਦਨ ਨਾਲ ਦੇਸ਼ ਤੇ ਦੇਸ਼ਵਾਸੀਆਂ ਦੋਵਾਂ ਦੀ ਖੁਸ਼ਹਾਲੀ ਵਧੇਗੀ, ਜੋ ਕਿ ਅਜੇ ਬਹੁਤ ਦੂਰ ਜਾਪਦਾ ਹੈ।