ਕੁਸ਼ੀਨਗਰ ਹਾਦਸਾ: ਖੂਹ ਵਿੱਚ ਡਿੱਗਣ ਕਾਰਨ 13 ਮੌਤਾਂ
ਕੁਸ਼ੀਨਗਰ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ (Kushinagar Accident) ਨੇਬੂਆ ਨੌਰੰਗੀਆਂ ਵਿੱਚ ਬੁੱਧਵਾਰ ਦੇਰ ਰਾਤ ਇੱਕ ਵਿਆਹ ਸਮਾਗਮ ਦੌਰਾਨ ਖੂਹ ਦੀ ਸਲੈਬ ਟੁੱਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਹਾਦਸੇ ਵਿੱਚ ਜ਼ਖਮੀ ਹੋਏ 12 ਤੋਂ ਵੱਧ ਲੋਕਾਂ ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲਿਆਂ ਵਿੱਚ ਔਰਤਾਂ, ਨੌਜਵਾਨ ਅਤੇ ਬੱਚੇ ਸ਼ਾਮਲ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘‘ਕੁਸ਼ੀਨਗਰ ਜ਼ਿਲ੍ਹੇ ਦੇ ਪਿੰਡ ਨੌਰੰਗੀਆਂ ਸਕੂਲ ਟੋਲਾ ਦੀ ਇੱਕ ਮੰਦਭਾਗੀ ਘਟਨਾ ਵਿੱਚ ਪਿੰਡ ਵਾਸੀਆਂ ਦੀ ਮੌਤ ਬੇਹੱਦ ਦੁਖਦ ਹੈ। ਮੇਰੀ ਸੰਵੇਦਨਾ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹੈ। ਪ੍ਰਭੂ ਸ਼੍ਰੀ ਰਾਮ ਨੂੰ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ’’। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਹਾਦਸੇ ਵਿੱਚ ਮਰਨ ਵਾਲਿਆ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦਿੱਤੇ ਜਾਣਗੇ।
ਪੁਲਸ ਸੂਤਰਾਂ ਨੇ ਦੱਸਿਆ ਕਿ ਟੋਲਾ ਪਿੰਡ ਦੇ ਨੌਰੰਗੀਆ ਸਕੂਲ ‘ਚ ਹਲਦੀ ਦੀ ਮਟਕੌੜ ਸਮਾਰੋਹ ਦੌਰਾਨ ਅਚਾਨਕ ਖੂਹ ਦੀ ਸਲੈਬ ਟੁੱਟ ਗਈ ਅਤੇ 25 ਤੋਂ ਵੱਧ ਔਰਤਾਂ, ਲੜਕੀਆਂ ਅਤੇ ਬੱਚੇ ਦੱਬ ਕੇ ਖੂਹ ਵਿੱਚ ਡਿੱਗ ਗਏ। ਮੌਕੇ ’ਤੇ ਪਹੁੰਚੀ ਪੁਲਸ ਨੇ ਸਥਾਨਕ ਪਿੰਡ ਵਾਸੀਆਂ ਦੀ ਮੱਦਦ ਨਾਲ ਸਾਰਿਆਂ ਨੂੰ ਖੂਹ ’ਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਪਿੰਡ ਨੌਰੰਗੀਆ ਦੇ ਸਕੂਲ ਟੋਲਾ ਵਾਸੀ ਪਰਮੇਸ਼ਵਰ ਕੁਸ਼ਵਾਹਾ ਪੁੱਤਰ ਅਮਿਤ ਕੁਸ਼ਵਾਹਾ ਦੇ ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਅਦਾ ਕੀਤੀ ਜਾ ਰਹੀ ਸੀ। ਘਰ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਸਥਿਤ ਖੂਹ ਦੇ ਸਾਹਮਣੇ ਮਟਕੌੜ (ਵਿਆਹ ਤੋਂ ਪਹਿਲਾਂ ਦੀ ਰਸਮ) ਚੱਲ ਰਹੀ ਸੀ। ਜਿਸ ਖੂਹ ਨੇੜੇ ਪ੍ਰੋਗਰਾਮ ਚੱਲ ਰਿਹਾ ਸੀ, ਉਸ ਨੂੰ ਆਰਸੀਸੀ ਸਲੈਬ ਬਣਾ ਕੇ ਬੰਦ ਕਰ ਦਿੱਤਾ ਗਿਆ ਸੀ।
ਰਸਮ ਦੌਰਾਨ ਖੂਹ ’ਤੇ ਬਣੇ ਸਲੈਬ ’ਤੇ ਵੱਡੀ ਗਿਣਤੀ ਵਿੱਚ ਔਰਤਾਂ, ਲੜਕੀਆਂ ਅਤੇ ਬੱਚੀਆਂ ਖੜ੍ਹੀਆਂ ਸਨ। ਅਚਾਨਕ ਸਲੈਬ ਟੁੱਟ ਗਈ ਅਤੇ ਇਸ ’ਤੇ ਖੜ੍ਹੀਆਂ ਔਰਤਾਂ, ਲੜਕੀਆਂ ਅਤੇ ਬੱਚੀਆਂ ਖੂਹ ਵਿੱਚ ਡਿੱਗ ਗਈਆਂ। ਖੂਹ ਕਾਫੀ ਡੂੰਘਾ ਹੈ। ਇਹ ਪਾਣੀ ਨਾਲ ਭਰਿਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਚੀਖ-ਪੁਕਾਰ ਮੱਚ ਗਈ। ਗੁਆਂਢੀਆਂ ਨੇ ਬਚਾਅ ਕਾਰਜ ਸ਼ੁਰੁ ਕੀਤੇ, ਪਰ ਹਨ੍ਹੇਰਾ ਹੋਣ ਕਾਰਨ ਜ਼ਿਆਦਾ ਸਫਲਤਾ ਨਹੀਂ ਮਿਲ ਸਕੀ। ਇਸ ਦੌਰਾਨ ਕਿਸੇ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਟੀਮ ਸਮੇਤ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ। ਖੂਹ ਵਿੱਚੋਂ ਕੱਢੇ ਗਏ ਸਾਰੇ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਕੀਤੀ ਅਤੇ 13 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ