ਪੈਂਤਰਾ: ਕੁੰਵਰ ਵਿਜੇ ਪ੍ਰਤਾਪ ਨੂੰ ਕਦੇ ਹਟਾਇਆ ਹੀ ਨਹੀਂ ਗਿਆ, ਚੋਣ ਕਮਿਸ਼ਨ ਅੱਗੇ ਮੰਨੇਗੀ ਪੰਜਾਬ ਸਰਕਾਰ

Kunwar, Vijay Pratap,, Punjab Government, Election Commission

ਪੰਜਾਬ ਦੇ ਗ੍ਰਹਿ ਵਿਭਾਗ ਨੇ ਕੀਤੀ ਤਿਆਰੀ ਸ਼ੁਰੂ, ਕਮਿਸ਼ਨ ਵੱਲੋਂ ਜਵਾਬ ਮੰਗਣ ਤੋਂ ਪਹਿਲਾਂ ਗ੍ਰਹਿ ਵਿਭਾਗ ਤਿਆਰ

ਚੰਡੀਗੜ੍ਹ, (ਅਸ਼ਵਨੀ ਚਾਵਲਾ) | ਚੋਣ ਕਮਿਸ਼ਨ ਵੱਲੋਂ ਆਦੇਸ਼ ਆਉਣ ਤੋਂ ਬਾਅਦ ਵੀ ਪੰਜਾਬ ਪੁਲਿਸ ਦੇ ਕੁੰਵਰ ਵਿਜੇ ਪ੍ਰਤਾਪ ਨੂੰ ਸਪੈਸ਼ਲ ਜਾਂਚ ਟੀਮ ਤੋਂ ਕਦੇ ਹਟਾਇਆ ਹੀ ਨਹੀਂ ਗਿਆ ਹੈ ਅਤੇ ਇਸ ਅਟਲ ਸੱਚਾਈ ਨੂੰ ਲੈ ਕੇ ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਲਿਖਤੀ ਰੂਪ ਵਿੱਚ ਜਵਾਬ ਦੇਣ ਲਈ ਵੀ ਤਿਆਰ ਹੈ। ਚੋਣ ਕਮਿਸ਼ਨ ਵੱਲੋਂ ਜਵਾਬ ਮੰਗਣ ‘ਤੇ ਗ੍ਰਹਿ ਵਿਭਾਗ ਬਿਨਾ ਕਿਸੇ ਡਰ ਤੋਂ ਆਪਣਾ ਜਵਾਬ ਦਾਖਲ ਵੀ ਕਰੇਗਾ। ਕਿਉਂਕਿ ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵੱਲੋਂ ਕੁੰਵਰ ਵਿਜੇ ਪ੍ਰਤਾਪ ਨੂੰ ਮੌਜੂਦਾ ਪੋਸਟਿੰਗ ਤੋਂ ਹਟਾਉਣ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਨੂੰ ਪੋਸਟਿੰਗ ਤੋਂ ਹਟਾ ਕੇ ਤਬਾਦਲਾ ਕਰ ਦਿੱਤਾ ਗਿਆ, ਪਰ ਕਿਸੇ ਜਾਂਚ ਟੀਮ ਦਾ ਹਿੱਸਾ ਹੋਣਾ ਪੋਸਟਿੰਗ ਵਿੱਚ ਨਹੀਂ ਆਉਂਦਾ ਹੈ, ਜਿਸ ਕਾਰਨ ਹੀ ਉਹ ਜਾਂਚ ਦਾ ਹਿੱਸਾ ਬਣੇ ਰਹੇ ਸਨ।
ਇੱਥੇ ਹੀ ਗ੍ਰਹਿ ਵਿਭਾਗ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਉਸ ਪ੍ਰੈਸ ਬਿਆਨ ਨਾਲ ਵੀ ਇਤਫ਼ਾਕ ਨਹੀਂ ਰੱਖਦਾ ਹੈ, ਜਿਸ ਵਿੱਚ 27 ਮਈ ਨੂੰ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਮੁੜ ਤੋਂ ਜਾਂਚ ਟੀਮ ਵਿੱਚ ਕਰ ਦਿੱਤਾ ਹੈ। ਗ੍ਰਹਿ ਵਿਭਾਗ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਵੀ ਤਸਦੀਕ ਨਹੀਂ ਕਰ ਰਿਹਾ ਹੈ।
ਗ੍ਰਹਿ ਵਿਭਾਗ ਦੇ ਇਸ ਸਟੈਂਡ ਤੋਂ ਬਾਅਦ ਸਥਿਤੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਕਦੇ ਵੀ ਜਾਂਚ ਤੋਂ ਵੱਖਰਾ ਨਹੀਂ ਕੀਤਾ ਗਿਆ ਸੀ ਅਤੇ ਉਹ ਚੋਣ ਜ਼ਾਬਤੇ ਦੌਰਾਨ ਵੀ ਇਸੇ ਟੀਮ ਦਾ ਹਿੱਸਾ ਰਹੇ ਹਨ ਤੇ ਉਨ੍ਹਾਂ ਵੱਲੋਂ ਲਗਾਤਾਰ ਇਸ ਜਾਂਚ ਟੀਮ ‘ਚ ਕੰਮ ਕੀਤਾ ਗਿਆ ਹੈ, ਜਿਸ ਦੇ ਤਹਿਤ ਹੀ ਕੁੰਵਰ ਵਿਜੇ ਪ੍ਰਤਾਪ ਨੇ 23 ਮਈ ਨੂੰ ਅਦਾਲਤ ‘ਚ ਪੇਸ਼ ਕੀਤੇ ਗਏ ਚਲਾਨ ‘ਤੇ ਆਪਣੇ ਦਸਤਖ਼ਤ ਕੀਤੇ ਸਨ। ਪੰਜਾਬ ਦਾ ਗ੍ਰਹਿ ਵਿਭਾਗ ਅੱਜ ਇਸ ਕਾਰਨ ਸਰਗਰਮ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਿੱਲੀ ਵਿਖੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਦੀ ਸ਼ਿਕਾਇਤ ਕਰਕੇ ਆਈ ਹੈ, ਜਿਸ ਕਾਰਨ ਸਰਕਾਰ ਨੂੰ ਪੂਰੀ ਜਾਣਕਾਰੀ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਜੁਵਾਬ ਮੰਗਿਆ ਜਾਏਗਾ, ਇਸ ਲਈ ਗ੍ਰਹਿ ਵਿਭਾਗ ਪਹਿਲਾਂ ਹੀ ਆਪਣੀ ਤਿਆਰੀ ਵਿੱਚ ਜੁਟ ਗਿਆ ਹੈ ਕਿ ਉਨ੍ਹਾਂ ਨੇ ਕੀ ਜਵਾਬ ਦੇਣਾ ਹੈ।
ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੂੰ ਸਿਰਫ਼ ਚੋਣ ਕਮਿਸ਼ਨ ਵੱਲੋਂ ਇਹ ਆਦੇਸ਼ ਆਏ ਸਨ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਮੌਜੂਦਾ ਪੋਸਟਿੰਗ ਤੋਂ ਹਟਾ ਦਿੱਤਾ ਜਾਵੇ, ਜਿਨ੍ਹਾਂ ‘ਤੇ ਸਰਕਾਰ ਵੱਲੋਂ ਅਮਲ ਵੀ ਕੀਤਾ ਗਿਆ ਹੈ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਉਨ੍ਹਾਂ ਨੂੰ ਪੋਸਟਿੰਗ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਜਾਂਚ ਟੀਮ ਦਾ ਮੈਂਬਰ ਹੋਣਾ ਕੋਈ ਪੋਸਟਿੰਗ ਨਹੀਂ ਹੈ, ਸਰਕਾਰ ਕਿਸੇ ਵੀ ਪੋਸਟਿੰਗ ਦੇ ਅਧਿਕਾਰੀ ਨੂੰ ਕੋਈ ਵੀ ਜਾਂਚ ਸੌਂਪ ਸਕਦੀ ਹੈ। ਇਸ ਲਈ ਕੁੰਵਰ ਵਿਜੇ ਪ੍ਰਤਾਪ ਆਪਣੀ ਨਵੀਂ ਪੋਸਟਿੰਗ ‘ਤੇ ਤੈਨਾਤ ਹੋਣ ਦੇ ਬਾਵਜੂਦ ਵੀ ਜਾਂਚ ਟੀਮ ਦਾ ਹਿੱਸਾ ਬਣੇ ਰਹੇ ਸਨ ਅਤੇ ਹੁਣ ਵੀ ਲਗਾਤਾਰ ਉਹ ਜਾਂਚ ਟੀਮ ਵਿੱਚ ਕੰਮ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।