ਪੂਰੇ ਉੱਤਰੀ ਭਾਰਤ ਤੋਂ ਕੁੱਲ 25 ਟੀਮਾਂ ਲੈ ਰਹੀਆਂ ਹਨ ਭਾਗ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜ ਰੋਜ਼ਾ ਉੱਤਰ ਭਾਰਤੀ ਅੰਤਰ ‘ਵਰਸਿਟੀ ਮਹਿਲਾ ਹਾਕੀ ਖੇਡ ਮੁਕਾਬਲੇ ਅੱਜ ਤੋਂ ਯੂਨੀਵਰਸਿਟੀ ਦੇ ਖੇਡ ਗਰਾਊਂਡ ਵਿਖੇ ਬੜੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਏ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕਾ ਖੇਡ ਵਿਭਾਗ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਨ੍ਹਾਂ ਖੇਡ ਮੁਕਾਬਲਿਆਂ ‘ਚ ਕੁੱਲ 25 ਯੂਨੀਵਰਸਿਟੀਆਂ ਦੀਆਂ ਮਹਿਲਾ ਟੀਮਾਂ ਭਾਗ ਲੈ ਰਹੀਆਂ ਹਨ। ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਖਿਡਾਰਣਾਂ ਨੂੰ ਅਸ਼ੀਰਵਾਦ ਦਿੱਤਾ ਜਦੋਂਕਿ ਉਨ੍ਹਾਂ ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰਨ ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵੰਤ ਕੌਰ ਸੰਧੂ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ।
ਉਦਘਾਟਨੀ ਸਮਾਰੋਹ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਹਾਕੀ ਨਾ ਸਿਰਫ਼ ਭਾਰਤ ਦੀ ਪਛਾਣ ਹੀ ਹੈ ਬਲਕਿ ਇਸ ਖੇਡ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਸਦਕਾ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਆਏ ਹੋਏ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਿਜ਼ ਸਾਹਿਬਾਨ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀਆਂ ਟੀਮਾਂ ਨੂੰ ਬਿਨਾ ਕਿਸੇ ਵੈਰ-ਵਿਰੋਧ ਤੋਂ ਖੇਡਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਨੇ ਰਾਣੀ ਰਾਮਪਾਲ ਦਾ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਉਚੇਚੇ ਤੌਰ ‘ਤੇ ਪਹੁੰਚਣ ਲਈ ਅਤੇ ਹੋਰ ਖਿਡਾਰਣਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ‘ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਵਰਤਮਾਨ ਕਪਤਾਨ ਓਲੰਪੀਅਨ ਅਤੇ ਅਰਜੁਨ ਐਵਾਰਡੀ ਰਾਣੀ ਰਾਮਪਾਲ ਨੇ ਆਏ ਹੋਏ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ।
ਕਿਹਾ ਕਿ ਉਨ੍ਹਾਂ ਨੇ ਆਪਣੀ ਖੇਡ ਦੌਰਾਨ ਬਹੁਤ ਸਾਰੇ ਸੰਘਰਸ਼ ਹੰਡਾਏ ਹਨ ਅਤੇ ਇਨ੍ਹਾਂ ਸੰਘਰਸ਼ਾਂ ਦੀ ਹੀ ਦੇਣ ਸਦਕਾ ਅੱਜ ਉਹ ਇਸ ਮੁਕਾਮ ‘ਤੇ ਪਹੁੰਚੇ ਹਨ। ਰਾਣੀ ਰਾਮਪਾਲ ਨੇ ਖਿਡਾਰਣਾਂ ਨੂੰ ਮਿਹਨਤ ਹੀ ਸਫਲਤਾ ਦੀ ਕੁੰਜੀ ਦੱਸਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਮਹਿੰਦਰਪਾਲ ਕੌਰ ਸਹਾਇਕ ਖੇਡ ਨਿਰਦੇਸ਼ਕਾ, ਡਾ. ਦਲਬੀਰ ਸਿੰਘ ਰੰਧਾਵਾ ਸਹਾਇਕ ਖੇਡ ਨਿਰਦੇਸ਼ਕ, ਜਸਵੰਤ ਸਿੰਘ, ਦਲ ਸਿੰਘ ਬਰਾੜ, ਪਰਮਜੀਤ ਸ਼ਰਮਾ ਅਰਜੁਨ ਐਵਾਰਡੀ, ਪ੍ਰਿੰਸਇੰਦਰ ਸਿੰਘ ਘੁੰਮਣ, ਸ੍ਰੀਮਤੀ ਮੁਕੇਸ਼ ਚੌਧਰੀ, ਮਿਸ ਰਚਨਾ ਦੇਵੀ, ਮਿਸ ਰੇਨੂੰ ਬਾਲਾ, ਸ੍ਰੀਮਤੀ ਦੇਵਕੀ ਦੇਵੀ, ਸੁਰਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਪਰਵੇਸ਼ ਕੁਮਾਰ ਉਚੇਚੇ ਤੌਰ ‘ਤੇ ਹਾਜ਼ਰ ਸਨ।
ਅੱਜ ਦੇ ਨਤੀਜੇ…..
ਅੱਜ ਹੋਏ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੁਮਾਊਂ ਯੂਨੀਵਰਸਿਟੀ ਨੈਨੀਤਾਲ ਨੂੰ 12-0 ਨਾਲ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੂੰ 8-0 ਨਾਲ ਅਤੇ ਲਖਨਊ ਯੂਨੀਵਰਸਿਟੀ ਨੇ ਐਚਐਨਬੀ ਗਰੜ੍ਹਵਾਲ ਯੂਨੀਵਰਸਿਟੀ ਸ਼੍ਰੀਨਗਰ ਨੂੰ 10-0 ਨਾਲ ਹਰਾ ਕੇ ਅਗਲੇ ਪੜਾਅ ਦੇ ਮੈਚਾਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।