ਮੋਹ ਭਰਿਆ ਨਣਾਨ-ਭਰਜਾਈ ਦਾ ਰਿਸ਼ਤਾ

Relation

 

ਮੋਹ ਭਰਿਆ ਨਣਾਨ-ਭਰਜਾਈ ਦਾ ਰਿਸ਼ਤਾ

ਰਿਸ਼ਤੇ ਅੱਡੋ-ਅੱਡਰੇ ਹੁੰਦੇ ਹਨ ਮਾਂ-ਪਿਓ, ਵੀਰ-ਭਰਜਾਈ, ਦਿਓਰ-ਭਰਜਾਈ, ਭੈਣ-ਭਰਾ, ਚਾਚਾ-ਭਤੀਜਾ, ਭੂਆ-ਭਤੀਜੀ, ਮਾਮਾ-ਭਾਣਜਾ ਆਦਿ। ਇਨ੍ਹਾਂ ਹੀ ਰਿਸ਼ਤਿਆਂ ਵਿੱਚ ਇੱਕ ਖਾਸ ਰਿਸ਼ਤਾ ਹੁੰਦਾ ਹੈ ਨਣਾਨ-ਭਰਜਾਈ ਦਾ। ਨੂੰਹ-ਸੱਸ ਦੇ ਰਿਸ਼ਤੇ ਵਾਂਗ ਹੀ ਇਸ ਰਿਸ਼ਤੇ ਦੇ ਵੀ ਕਈ ਰੰਗ ਵੇਖਣ ਨੂੰ ਮਿਲਦੇ ਹਨ। ਕਈ ਵੇਰ ਇਹ ਮਿਠਾਸ ਭਰਿਆ ਹੁੰਦਾ ਹੈ ਤੇ ਕਦੇ-ਕਦੇ ਕੜਵਾਹਟ ਭਰਿਆ ਵੀ। ਕਿਸੇ ਕੁੜੀ ਦੇ ਭਰਾ ਦਾ ਜਦ ਵਿਆਹ ਹੁੰਦਾ ਹੈ ਤਾਂ ਉਸ ਨੂੰ ਨਵੀਂ ਭਾਬੀ ਦੇ ਆਉਣ ਤੇ ਵੇਖਣ ਦਾ ਬੜਾ ਚਾਅ ਹੁੰਦਾ ਹੈ। ਉਹ ਆਪਣੀ ਭਾਬੀ ਦਾ ਸਵਾਗਤ ਕਰਕੇ ਫੁੱਲੀ ਨਹੀਂ ਸਮਾਉਂਦੀ। ਫਿਰ ਹੌਲੀ ਹੌਲੀ ਨਣਾਨ-ਭਰਜਾਈ ਆਪੋ ਵਿੱਚ ਘੁਲ-ਮਿਲ ਜਾਂਦੀਆਂ ਹਨ।
ਸਾਰਾ ਸਮਾਜ ਰਿਸ਼ਤਿਆਂ ਦੀ ਮਾਲਾ ਵਿੱਚ ਪਰੋਇਆ ਹੋਇਆ ਹੈ, ਜਿਸ ਤਰ੍ਹਾਂ ਇੱਕ ਬਾਗ ਵਿੱਚ ਕਿੰਨੀਆਂ ਕਿਸਮਾਂ ਦੇ ਫੁੱਲ ਹੁੰਦੇ ਹਨ, ਉਨ੍ਹਾਂ ਦਾ ਅਲੱਗ-ਅਲੱਗ ਮਹੱਤਵ ਹੈ ਅਤੇ ਅਲੱਗ-ਅਲੱਗ ਸੁਗੰਧ ਹੁੰਦੀ ਹੈ। ਇਸ ਤਰ੍ਹਾਂ ਸਮਾਜ ਵਿੱਚ ਰਿਸ਼ਤੇ ਵੀ ਅਲੱਗ-ਅਲੱਗ ਹੁੰਦੇ ਹਨ ਅਤੇ ਇਨ੍ਹਾਂ ਦੀ ਮਹੱਤਤਾ ਵੀ। ਰਿਸ਼ਤੇ ਕਿਸੇ ਨਾ ਕਿਸੇ ਤਰ੍ਹਾਂ ਖੂਨ ਨਾਲ ਜੁੜੇ ਹੁੰਦੇ ਹਨ। ਅਸੀਂ ਇੱਥੇ ਨਨਾਣ-ਭਰਜਾਈ ਦੇ ਰਿਸ਼ਤੇ ਬਾਰੇ ਗੱਲ ਕਰਦੇ ਹਾਂ।
ਨਣਾਨ-ਭਰਜਾਈ ਦਾ ਰਿਸ਼ਤਾ ਕਦੇ ਮਿੱਠਾ, ਕਦੇ ਖੱਟਾ, ਕਦੇ ਨਮਕੀਨ ਅਤੇ ਕਦੇ ਰਸ ਭਰਿਆ ਹੁੰਦਾ ਹੈ। ਜੇ ਇਹ ਵੀ ਮੰਨ ਲਈਏ ਕਿ ਇਹ ਰਿਸ਼ਤਾ ਸਾਰੇ ਰਿਸ਼ਤਿਆਂ ਨਾਲੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਤਾਂ ਇਸ ਵਿੱਚ ਕੋਈ ਗੱਲ ਗਲਤ ਨਹੀਂ ਹੋਵੇਗੀ। ਪਹਿਲਾਂ ਇਹ ਰਿਸ਼ਤਾ ਤਕਰਾਰ ਭਰਿਆ ਹੁੰਦਾ ਸੀ ਕਿਉਂਕਿ ਜ਼ਿਆਦਾਤਰ ਲੋਕ ਅਨਪੜ੍ਹ ਸਨ। ਨਣਾਨ ਸਮਝਦੀ ਸੀ ਕਿ ਇਹ ਘਰ ਮੇਰੇ ਮਾਤਾ-ਪਿਤਾ ਦਾ ਹੈ। ਮੇਰਾ ਇਸ ਵਿੱਚ ਪੂਰਾ ਹੱਕ ਹੈ। ਇਸ ਘਰ ਵਿੱਚ ਜੋ ਕੁਝ ਮੈਂ ਕਹਾਂ ਉਹੀ ਹੋਣਾ ਚਾਹੀਦਾ ਹੈ। ਉਹ ਆਪਣੀ ਭਰਜਾਈ ਨੂੰ ਉਂਗਲਾਂ ’ਤੇ ਨਚਾਉਂਦੀ ਸੀ। ਨਣਾਨ ਦੇ ਮਾਤਾ-ਪਿਤਾ ਵੀ ਆਪਣੀ ਧੀ ਦੀ ਹੀ ਗੱਲ ਮੰਨਦੇ ਸਨ। ਉਹ ਆਪਣੀ ਨੂੰਹ ਨੂੰ ਉਹ ਦਰਜਾ ਨਹੀਂ ਦਿੰਦੇ ਸਨ, ਜਿਹੜਾ ਕਿ ਉਸ ਨੂੰ ਦੇਣਾ ਚਾਹੀਦੈੈ। ਇਸ ਲਈ ਭਰਜਾਈ ਹਮੇਸ਼ਾ ਆਪਣੀ ਨਣਾਨ ਤੋਂ ਡਰਦੀ ਰਹਿੰਦੀ ਸੀ।
ਜੇ ਕਦੀ ਭਰਜਾਈ ਆਪਣੀ ਨਣਾਨ ਤੋਂ ਔਖੀ ਵੀ ਹੁੰਦੀ ਤਾਂ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਕਿਸੇ ਦੇ ਸਾਹਮਣੇ, ਆਪਣੀ ਨਣਾਨ ਦੇ ਜਾਂ ਫਿਰ ਆਪਣੇ ਸੱਸ-ਸਹੁਰੇ ਜਾਂ ਫਿਰ ਆਪਣੇ ਪਤੀ ਦੇ ਸਾਹਮਣੇ ਆਪਣੀ ਨਣਾਨ ਬਾਰੇ ਕੁਝ ਕਹਿ ਸਕਦੀ। ਆਪਣੇ ਦਿਲ ਵਿੱਚ ਉਹ ਭਾਵੇਂ ਆਪਣੀ ਨਣਾਨ ਨੂੰ ਕੁਝ ਮਰਜੀ ਕਹੀ ਜਾਂਦੀ। ਉਹ ਸੋਚਦੀ ਸੀ ਕਿ ਇਹ ਜਲਦੀ ਹੀ ਆਪਣੇ ਸਹੁਰੇ ਘਰ ਚਲੀ ਜਾਵੇ। ਉਸ ਸਮੇਂ ਉਹ ਆਪਣੇ ਵਾਧੇ-ਘਾਟੇ ਬਾਰੇ ਵੀ ਨਹੀਂ ਸੋਚਦੀ ਸੀ। ਆਪਣੇ ਦਿਲ ਵਿੱਚ ਇਹ ਸੋਚਦੀ ਸੀ ਕਿ ਜਦੋਂ ਤੇਰਾ ਵਿਆਹ ਹੋ ਗਿਆ ਤਾਂ ਤੇਰੇ ਵੀ ਇੱਕ-ਦੋ ਨਣਾਨਾਂ ਹੋਣ।
ਜਦੋਂ ਕੋਈ ਖੁਸ਼ੀ ਦਾ ਮੌਕਾ ਆਉਂਦਾ ਹੈ ਤਾਂ ਪੰਜਾਬੀ ਮੁਟਿਆਰਾਂ ਆਪਣੀ ਖੁਸੀ ਦਾ ਪ੍ਰਗਟਾਵਾ ਗਿੱਧਾ ਪਾ ਕੇ ਹੀ ਕਰਦੀਆਂ ਹਨ। ਕੁਆਰੀਆਂ ਕੁੜੀਆਂ ਆਪਣੇ ਪੇਕੇ ਪਿੰਡ ਗਿੱਧੇ ਵਿੱਚ ਭੈਣਾਂ-ਭੈਣਾਂ ਨੱਚਦੀਆਂ ਹਨ ਅਤੇ ਫਿਰ ਆਪਣੀ ਭਰਜਾਈ ਨੂੰ ਵੀ ਖਿੱਚ ਕੇ ਉਹ ਗਿੱਧੇ ਵਿੱਚ ਲੈ ਆਉਦੀਆਂ ਹਨ ਤਾਂ ਕਹਿੰਦੀਆਂ ਹਨ:
ਪੇਕੇ ਭੈਣਾਂ-ਭੈਣਾਂ ਨੱਚਣ,
ਸਹੁਰੇ ਨੱਚਣ ਨਣਦ-ਭਰਜਾਈਆਂ।
ਕਈ ਵਾਰ ਜਦੋਂ ਭਰਜਾਈ ਗਿੱਧੇ ਵਿੱਚ ਨੱਚ ਰਹੀ ਹੁੰਦੀ ਹੈ ਤਾਂ ਨਣਦ ਕਹਿੰਦੀ ਹੈ, ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਨੀ ਬੋਲੀ ਮੈਂ ਪਾਵਾਂ, ਨੱਚ ਗਿੱਧੇ ਵਿੱਚ ਤੂੰ’ ਤੇ ਉਹ ਆਪਣੀ ਨਣਾਨ ਨੂੰ ਵੀ ਗਿੱਧੇ ਵਿੱਚ ਖਿੱਚ ਲੈਂਦੀ ਹੈ।
ਜਦੋਂ ਭਰਜਾਈ ਆਪਣੀ ਨਣਾਨ ਤੋਂ ਦਸ-ਬਾਰ੍ਹਾਂ ਸਾਲ ਵੱਡੀ ਹੁੰਦੀ ਹੈ ਅਤੇ ਛੋਟੀ ਨਣਾਨ ਦਾ ਵਿਆਹ ਧਰਿਆ ਹੁੰਦਾ ਹੈ ਤਾਂ ਨਣਾਨ ਆਪਣੀ ਭਰਜਾਈ ਨੂੰ ਹੀ ਆਪਣੀ ਮਨਪਸੰਦ ਦੀ ਚੀਜ ਲਿਆਉਣ ਲਈ ਕਹਿੰਦੀ ਹੈ। ਉਹ ਸੰਗਦੀ ਆਪਣੇ ਮਾਤਾ-ਪਿਤਾ ਜਾਂ ਭਰਾ ਨੂੰ ਨਹੀਂ ਕਹਿ ਸਕਦੀ। ਹਾਸੇ-ਮਖੌਲ ਵਿੱਚ ਉਹ ਕਹਿੰਦੀ ਹੈ:-
ਜਸ ਖੱਟ ਵੱਡੀਏ ਭਰਜਾਈਏ,
ਘਰ ਮੇਰੇ ਵੀਰ ਦਾ ਲੱਗੂ।
ਕਈ ਵਾਰ ਜਦੋਂ ਭਰਜਾਈ ਵੱਡੀ ਹੋਣ ਦੇ ਨਾਤੇ ਛੋਟੀ ਨਣਾਨ ਆਪਣੀ ਭਰਜਾਈ ਨੂੰ ਮਾਂ ਵਾਂਗ ਸਮਝਦੀ ਹੈ ਅਤੇ ਭਰਜਾਈ ਵੀ ਉਸ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੀ ਹੈ। ਉਸ ਦਾ ਵਿਆਹ ਵੀ ਉਹ ਬੜੀ ਧੂਮਧਾਮ ਨਾਲ ਕਰਦੀ ਹੈ ਤਾਂ ਨਣਾਨ ਦੇ ਮੂੰਹ ਵਿੱਚੋਂ ਆਪ-ਮੁਹਾਰੇ ਨਿੱਕਲਦਾ ਹੈ:-
ਜੱਗ ਜਿਉਣ ਵੱਡੀਆਂ ਭਰਜਾਈਆਂ,
ਪਾਣੀ ਮੰਗੇ ਦੁੱਧ ਦਿੰਦੀਆਂ।
ਜਦੋਂ ਕਿਸੇ ਭੈਣ ਦੇ ਭਰਾ ਦਾ ਵਿਆਹ ਹੁੰਦਾ ਹੈ ਤਾਂ ਉਸ ਨੂੰ ਹੀ ਸਭ ਤੋਂ ਵੱਧ ਚਾਅ ਹੁੰਦਾ ਹੈ। ਉਹ ਆਪਣੀ ਭਰਜਾਈ ਲਈ ਤੇ ਆਪਣੇ ਲਈ ਵੀ ਬਹੁਤ ਵਧੀਆ ਕੱਪੜੇ ਅਤੇ ਗਹਿਣੇ ਬਣਵਾਉਂਦੀ ਹੈ। ਉਹ ਸਮਝਦੀ ਹੈ ਕਿ ਮੈਂ ਆਪਣੇ ਭਰਾ ਦੇ ਵਿਆਹ ਵਿੱਚ ਆਪਣੇ ਭਰਾ ਵਾਂਗ ਹੀ ਵਧੀਆ ਲੱਗਾਂ। ਜਦੋਂ ਉਸ ਦੀ ਭਰਜਾਈ ਦੀ ਡੋਲੀ ਉਸ ਦਾ ਭਰਾ ਲੈ ਕੇ ਆਉਂਦਾ ਹੈ ਤਾਂ ਉਸ ਦਾ ਧਰਤੀ ’ਤੇ ਪੈਰ ਨਹੀਂ ਲੱਗਦਾ ਕਿਉਂਕਿ ਇੱਕ ਤਾਂ ਉਸ ਦੇ ਭਰਾ ਦਾ ਵਿਆਹ ਹੁੰਦਾ ਹੈ, ਦੂਜਾ ਉਸ ਦੀ ਹਮਉਮਰ ਉਸ ਦੀ ਭਰਜਾਈ ਉਨ੍ਹਾਂ ਦੇ ਘਰ ਆ ਜਾਂਦੀ ਹੈ।
ਕਈ ਵਾਰ ਜਦੋਂ ਨਣਾਨ-ਭਰਜਾਈ ਹਮਉਮਰ ਹੁੰਦੀਆਂ ਹਨ ਤਾਂ ਭੈਣਾਂ ਤੋਂ ਵੀ ਵੱਧ ਉਨ੍ਹਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ। ਉਹ ਫਿਰ ਆਪਸ ਵਿੱਚ ਦੀ ਨਾਂਅ ਲੈ ਕੇ ਹੀ ਇੱਕ-ਦੂਜੀ ਨੂੰ ਬੁਲਾਉਂਦੀਆਂ ਹਨ।
ਫਿਰ ਨਣਾਨ ਆਪਣੀ ਭਰਜਾਈ ਦੇ ਦੁੱਖ-ਸੁੱਖ ਦੀ ਸੱਚੀ ਸਾਥਣ ਬਣਦੀ ਹੈ। ਭਾਬੀ ਆਪਣੇ ਪਤੀ ਦੇ ਸੁਭਾਅ ਤੇ ਵਿਹਾਰ ਦੀ ਗੱਲ ਵੀ ਨਣਾਨ ਕੋਲ ਹੀ ਕਰਦੀ ਹੈ। ਭਾਵੇਂ ਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਉਸ ਦੀ ਹੀ ਭੈਣ ਹੈ। ਆਪਣੇ ਵੀਰ ਦੇ ਘਰ ਪੁੱਤ ਜੰਮਣ ਦੀ ਖੁਸ਼ੀ ਵੀ ਭੂਆ ਭਾਵ ਨਣਾਨ ਨੂੰ ਹੀ ਸਭ ਤੋਂ ਵੱਧ ਹੁੰਦੀ ਹੈ।
ਸਾਨੂੰ ਅਜਿਹੇ ਅਟੁੱਟ ਰਿਸ਼ਤਿਆਂ ਵਿੱਚ ਕੜਵਾਹਟ ਨਹੀਂ ਭਰਨੀ ਚਾਹੀਦੀ ਅਤੇ ਇਨ੍ਹਾਂ ਨੂੰ ਪਿਆਰ ਨਾਲ ਨਿਭਾਉਣਾ ਚਾਹੀਦਾ ਹੈ। ਨਣਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਭਰਜਾਈਆਂ ਨੂੰ ਮਾਂ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਦੇਣ ਅਤੇ ਭਰਜਾਈਆਂ ਨੂੰ ਵੀ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਨਣਾਨ ਵੀ ਉਸੇ ਘਰ ਦੀ ਧੀ ਹੈ। ਉਸ ਘਰ ਦੇ ਪਿਆਰ ਅਤੇ ਖੁਸ਼ੀਆਂ ’ਤੇ ਉਸ ਦਾ ਵੀ ਹੱਕ ਹੈ। ਉਹ ਵੀ ਉਸ ਘਰ ਵਿੱਚ ਖੇਡ ਕੇ ਜਵਾਨ ਹੋਈ ਹੈ। ਇਸ ਲਈ ਵਿਆਹ ਹੋਣ ਉਪਰੰਤ ਜਦੋਂ ਨਣਦ ਸਹੁਰਿਆਂ ਤੋਂ ਪੇਕੇ ਆਉਂਦੀ ਹੈ ਤਾਂ ਉਸ ਦਾ ਪੂਰਾ ਮਾਣ ਕਰਨਾ ਚਾਹੀਦਾ ਹੈ। ਰਿਸ਼ਤੇ ਉਮਰ ਭਰ ਲਈ ਹੁੰਦੇ ਹਨ। ਜ਼ਿੰਦਗੀ ਰਿਸ਼ਤਿਆਂ ਦੇ ਸਾਥ ਨਾਲ ਵਧੀਆ ਲੰਘਦੀ ਹੈ। ਇਸ ਲਈ ਜਿੰਦਗੀ ਦੀ ਫੁਲਵਾੜੀ ਦੀ ਮਹਿਕ ਹੋਰ ਵਧਾਉਣ ਤੇ ਉਸ ਨੂੰ ਚੁਫੇਰੇ ਖਿੰਡਾਉਣ ਲਈ ਸਾਨੂੰ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਰਾਜਿੰਦਰ ਰਾਣੀ,
ਗੰਢੂਆਂ (ਸੰਗਰੂਰ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ