ਏਸ਼ੀਆ ਕੱਪ ‘ਚ ਇੰਡੀਆ-ਪਾਕਿਸਤਾਨ ਦਾ ਇਸ ਦਿਨ ਹੋਵੇਗਾ ਮੁਕਾਬਲਾ, ਸ਼ੈਡਊਲ ਤਿਆਰ

Asia Cup 2023

ਸ਼੍ਰੀਲੰਕਾ ’ਚ ਖੇਡਿਆ ਜਾਵੇਗਾ ਮੁਕਾਬਲਾ | Asia Cup 2023

  • ਇੰਡੀਆ ਦੇ ਗਰੁੱਪ ’ਚ ਪਾਕਿਸਤਾਨ ਤੋਂ ਇਲਾਵਾ ਨੇਪਾਲ ਵੀ ਸ਼ਾਮਲ | Asia Cup 2023

ਏਜੰਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਏਸ਼ੀਆ ਕੱਪ ਦਾ ਪਹਿਲਾ ਮੈਚ 2 ਸਤੰਬਰ ਨੂੰ ਸ੍ਰੀਲੰਕਾ ਦੇ ਕੈਂਡੀ ਸ਼ਹਿਰ ’ਚ ਖੇਡਿਆ ਜਾਵੇਗਾ। ਰਿਪੋਰਟ ਮੁਤਾਬਕ ਪਾਕਿਸਤਾਨ ਕਿ੍ਰਕੇਟ ਬੋਰਡ (ਪੀ.ਸੀ.ਬੀ.) ਨੇ ਨਵੇਂ ਡਰਾਫਟ ਸ਼ਡਿਊਲ ਨੂੰ ਏ.ਸੀ.ਸੀ. ਨੂੰ ਭੇਜ ਦਿੱਤਾ ਹੈ। ਓਪਨਿੰਗ ਮੈਚ 30 ਅਗਸਤ ਨੂੰ ਮੁਲਤਾਨ ’ਚ ਪਾਕਿਸਤਾਨ ਅਤੇ ਨੇਪਾਲ ਵਿਚਕਾਰ ਖੇਡਿਆ ਜਾਵੇਗਾ। ਫਾਈਨਲ 17 ਸਤੰਬਰ ਨੂੰ ਸ੍ਰੀਲੰਕਾ ਦੇ ਕੋਲੰਬੋ ’ਚ ਹੋਵੇਗਾ। ਇੱਕਰੋਜਾ ਏਸ਼ੀਆ ਕੱਪ ’ਚ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਟੀਮ ਇੰਡੀਆ ਗਰੁੱਪ-ਏ ’ਚ ਨੇਪਾਲ ਅਤੇ ਪਾਕਿਸਤਾਨ ਦੇ ਨਾਲ ਹੈ। ਜਦਕਿ ਗਰੁੱਪ-ਬੀ ’ਚ ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਹਨ।

3 ਵਾਰ ਹੋ ਸਕਦਾ ਹੈ ਭਾਰਤ-ਪਾਕਿਸਤਾਨ ਦਾ ਮੁਕਾਬਲਾ | Asia Cup 2023

ਜੇਕਰ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਟੀਮਾਂ ਸੁਪਰ-4 ਪੜਾਅ ’ਚ ਕੁਆਲੀਫਾਈ ਕਰ ਲੈਂਦੀਆਂ ਹਨ ਤਾਂ 10 ਸਤੰਬਰ ਨੂੰ ਕੈਂਡੀ ’ਚ ਦੋਵਾਂ ਵਿਚਕਾਰ ਸੁਪਰ-4 ਪੜਾਅ ਦਾ ਮੈਚ ਹੋਵੇਗਾ। ਦੂਜੇ ਪਾਸੇ ਜੇਕਰ ਦੋਵੇਂ ਟੀਮਾਂ ਸੁਪਰ-4 ਗੇੜ ’ਚ ਸਿਖਰ ’ਤੇ ਰਹਿੰਦੀਆਂ ਹਨ ਤਾਂ ਇਨ੍ਹਾਂ ਵਿਚਕਾਰ 17 ਸਤੰਬਰ ਨੂੰ ਫਾਈਨਲ ਮੈਚ ਵੀ ਖੇਡਿਆ ਜਾ ਸਕਦਾ ਹੈ। ਇਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਪੜਾਅ, ਸੁਪਰ-4 ਅਤੇ ਫਾਈਨਲ ਸਮੇਤ 3 ਮੈਚ ਹੋ ਸਕਦੇ ਹਨ।

ਏਸੀਸੀ ਫਾਈਨਲ ਕਰੇਗੀ ਏਸ਼ੀਆ ਕੱਪ ਦਾ ਸ਼ੈਡਊਲ | Asia Cup 2023

ਏਸੀਅਨ ਕ੍ਰਿਕੇਟ ਕੌਂਸਲ (ਏਸੀਸੀ) ਨੇ ਪੀਸੀਬੀ ਨਾਲ ਮਿਲ ਕੇ ਫੈਸਲਾ ਕੀਤਾ ਸੀ ਕਿ ਏਸ਼ੀਆ ਕੱਪ ਹਾਈਬਿ੍ਰਡ ਮਾਡਲ ’ਚ ਕਰਵਾਇਆ ਜਾਵੇਗਾ। ਟੂਰਨਾਮੈਂਟ ਦੇ 4 ਮੈਚ ਪਾਕਿਸਤਾਨ ’ਚ ਅਤੇ 9 ਮੈਚ ਸ੍ਰੀਲੰਕਾ ’ਚ ਖੇਡੇ ਜਾਣਗੇ। ਹੁਣ ਸ੍ਰੀਲੰਕਾਈ ਬੋਰਡ ਨਾਲ ਚਰਚਾ ਕਰਨ ਤੋਂ ਬਾਅਦ, ਪੀਸੀਬੀ ਨੇ ਟੂਰਨਾਮੈਂਟ ਦਾ ਤਾਜਾ ਡਰਾਫਟ ਸ਼ਡਿਊਲ ਏਸੀਸੀ ਨੂੰ ਭੇਜ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਹੋਰ ਬਦਲਾਵਾਂ ਤੋਂ ਬਾਅਦ ਏਸੀਸੀ ਛੇਤੀ ਹੀ ਸ਼ਡਿਊਲ ਨੂੰ ਅੰਤਿਮ ਰੂਪ ਦੇਵੇਗੀ।

ਲਾਹੌਰ ’ਚ ਖੇਡੇ ਜਾਣੇ ਸਨ ਪਾਕਿਸਤਾਨ ਦੇ ਸਾਰੇ ਮੈਚ | Asia Cup 2023

ਪੀਸੀਬੀ ਦੇ ਸਾਬਕਾ ਚੇਅਰਮੈਨ ਨਜਮ ਸੇਠੀ ਨੇ ਏਸ਼ੀਆ ਕੱਪ ਦਾ ਪਹਿਲਾ ਡਰਾਫਟ ਸ਼ਡਿਊਲ ਏਸੀਸੀ ਨੂੰ ਭੇਜਿਆ ਸੀ। ਇਸ ’ਚ ਸਾਰੇ ਮੈਚ ਲਾਹੌਰ ’ਚ ਹੀ ਹੋਣੇ ਸਨ ਪਰ ਨਵੇਂ ਚੇਅਰਮੈਨ ਜਕਾ ਅਸ਼ਰਫ ਨੇ ਮੁਲਤਾਨ ਨੂੰ ਵੀ ਸ਼ਾਮਲ ਕੀਤਾ ਹੈ। ਸ਼ੁਰੂਆਤੀ ਮੈਚ ਮੁਲਤਾਨ ’ਚ ਖੇਡਿਆ ਜਾਵੇਗਾ, ਜਦੋਂ ਕਿ 3 ਮੈਚ ਲਾਹੌਰ ’ਚ ਹੋਣਗੇ। ਸੁਪਰ-4 ਪੜਾਅ ਦਾ ਇੱਕ ਮੈਚ ਵੀ ਇਸ ’ਚ ਸ਼ਾਮਲ ਹੋਵੇਗਾ। ਨਵੇਂ ਡਰਾਫਟ ਸਡਿਊਲ ’ਚ 3 ਸਤੰਬਰ ਨੂੰ ਬੰਗਲਾਦੇਸ਼-ਅਫਗਾਨਿਸਤਾਨ ਮੈਚ ਅਤੇ 5 ਸਤੰਬਰ ਨੂੰ ਲਾਹੌਰ ’ਚ ਸ੍ਰੀਲੰਕਾ-ਅਫਗਾਨਿਸਤਾਨ ਮੈਚ ਹੋਣਗੇ। 6 ਸਤੰਬਰ ਨੂੰ ਸੁਪਰ-4 ਪੜਾਅ ਦਾ ਮੈਚ ਵੀ ਲਾਹੌਰ ’ਚ ਹੋਵੇਗਾ।

ਦੁਪਹਿਰ 1:30 ਵਜੇ ਤੋਂ ਸ਼ੁਰੂ ਹੋਣਗੇ ਮੈਚ | Asia Cup 2023

ਇੱਕਰੋਜਾ ਏਸ਼ੀਆ ਕੱਪ ’ਚ 6 ਟੀਮਾਂ ਹਿੱਸਾ ਲੈਣਗੀਆਂ। ਫਾਈਨਲ ਸਮੇਤ ਕੁੱਲ 13 ਮੈਚ ਹੋਣਗੇ, 9 ਮੈਚ ਸ੍ਰੀਲੰਕਾ ਅਤੇ 4 ਪਾਕਿਸਤਾਨ ’ਚ ਖੇਡੇ ਜਾਣਗੇ। ਸਾਰੇ ਮੈਚ ਡੇ-ਨਾਈਟ ਫਾਰਮੈਟ ’ਚ ਹੋਣਗੇ। ਪਾਕਿਸਤਾਨ ’ਚ ਸਾਰੇ ਮੈਚ ਦੁਪਹਿਰ 1:00 ਵਜੇ (1:30) ਤੋਂ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਸ੍ਰੀਲੰਕਾ ਦੇ ਸਾਰੇ ਮੈਚ ਦੁਪਹਿਰ 1:30 ਵਜੇ ਤੋਂ ਖੇਡੇ ਜਾਣਗੇ। ਭਾਰਤ ਅਤੇ ਸ੍ਰੀਲੰਕਾ ਦਾ ਸਮਾਂ ਇੱਕੋ ਜਿਹਾ ਹੈ।

31 ਅਗਸਤ ਤੋਂ ਸ਼ੁਰੂ ਹੋਣਾ ਸੀ ਏਸ਼ੀਆ ਕੱਪ ਪਰ ਹੁਣ 30 ਤੋਂ ਹੋਵੇਗਾ ਸ਼ੁਰੂ | Asia Cup 2023

ਇੱਕਰੋਜਾ ਏਸ਼ੀਆ ਕੱਪ ਪਹਿਲਾਂ 31 ਅਗਸਤ ਤੋਂ 17 ਸਤੰਬਰ ਤੱਕ ਖੇਡਿਆ ਜਾਣਾ ਸੀ ਪਰ ਹੁਣ ਸ਼ੁਰੂਆਤੀ ਮੈਚ ਦੀ ਮਿਤੀ ਬਦਲ ਕੇ 30 ਅਗਸਤ ਕਰ ਦਿੱਤੀ ਗਈ ਹੈ। ਟੂਰਨਾਮੈਂਟ ’ਚ 6 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ ਹੈ। ਦੋਵਾਂ ਗਰੁੱਪਾਂ ਦੀਆਂ ਟਾਪ 2-2 ਟੀਮਾਂ ਸੁਪਰ-4 ਪੜਾਅ ’ਚ ਪਹੁੰਚਣਗੀਆਂ।

ਇਹ ਵੀ ਪੜ੍ਹੋ : ਜ਼ਿਲ੍ਹਾ ਪਟਿਆਲਾ ’ਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਫਿਕਰਾਂ ’ਚ ਪਾਏ ਲੋਕ