ਰਾਹੀਗਰਾਂ ਨੂੰ ਕਰਨਾ ਪੈਂਦੈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ
ਸੀਵਰੇਜ ਦਾ ਗੰਦਾ ਪਾਣੀ ਅੱਧਾ ਕਿਲੋਮੀਟਰ ਦੇ ਏਰੀਏ ’ਚ ਫੈਲਿਆ
ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਸ਼ਹਿਰ ਦੀ ਸਭ ਤੋਂ ਮਸ਼ਹੂਰ ਛੋਟੀ ਬਾਰਾਂਦਰੀ ਦੀ ਮੇਨ ਸੜਕ ’ਤੇ ਹਰ ਤੀਜੇ ਦਿਨ ਸੀਵਰੇਜ ਜਾਮ ਹੋਣ ਕਾਰਨ ਰੋਜ਼ਾਨਾ ਦੇ ਆਪਣੇ ਕੰਮਾਂ ਕਾਰਾਂ ਅਤੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੀਵਰੇਜ ਜਾਮ ਕਾਰਨ ਲਗਭਗ ਅੱਧਾ ਕਿਲੋਮੀਟਰ ਦੇ ਏਰੀਏ ਸੀਵਰੇਜ ਦਾ ਗੰਦਾ ਪਾਣੀ ਫੈਲ ਚੁੱਕਿਆ ਅਤੇ ਇਸ ਨੇ ਸੜਕ ’ਤੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਇਸ ਗੰਦੇ ਪਾਣੀ ਵਿੱਚੋਂ ਮਾਰਦੀ ਬਦਬੂ ਨੇ ਲੋਕਾਂ ਦਾ ਸੜਕ ’ਤੋਂ ਦੀ ਲੰਘਣਾ ਦੁੱਭਰ ਕੀਤਾ ਹੋਇਆ ਹੈ।
ਤੀਜੇ ਦਿਨ ਹੋ ਜਾਂਦਾ ਹੈ ਸੀਵਰੇਜ ਜਾਮ
ਦੱਸਣਯੋਗ ਹੈ ਕਿ ਛੋਟੀ ਬਾਰਾਂਦਰੀ ਦੇ ਨਾਭਾ ਗੇਟ ਨੇੜਲੇ ਚੌਂਕ ਅਤੇ ਏ ਪੀ ਹਸਪਤਾਲ ਸਾਹਮਣੇ ਹਰ ਤੀਜੇ ਦਿਨ ਸੀਵਰੇਜ ਜਾਮ ਹੋ ਜਾਂਦਾ ਹੈ ਅਤੇ ਇਸ ਦਾ ਪਾਣੀ ਓਵਰ ਫਲੋ ਕੇ ਸਾਰਾ ਦਿਨ ਸੜਕ ’ਤੇ ਫੈਲਦਾ ਰਹਿੰਦਾ ਹੈ। ਨਗਰ ਨਿਗਮ ਦੀ ਟੀਮ ਨੂੰ ਹਰ ਰੋਜ਼ ਸ਼ਿਕਾਇਤਾਂ ਕਰਕੇ ਸੀਵਰੇਜ ਨੂੰ ਖੁਲਵਾਇਆ ਜਾਂਦਾ ਹੈ, ਪਰ ਨਿਗਮ ਵੱਲੋਂ ਕੋਈ ਵੀ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ ਇਸ ਸੀਵਰੇਜ ਦਾ ਪਾਣੀ ਬੇਅੰਤ ਕੰਪਲੈਕਸ ’ਚ ਦਾਖਲ ਹੋਣ ਵਾਲੇ ਰਸਤਿਆਂ ’ਚ ਇੱਕਠਾ ਹੋ ਜਾਂਦਾ ਹੈ ਅਤੇ ਇਹ ਇੱਕ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਕਈ ਦਿਨ ਇਸੇ ਤਰ੍ਹਾਂ ਹੀ ਖੜ੍ਹਾ ਰਹਿੰਦਾ ਹੈ।
ਇਸ ਗੰਦੇ ਪਾਣੀ ਕਾਰਨ ਛੋਟੀ ਬਾਰਾਂਦਰੀ ’ਚ ਮੱਛਰ, ਮੱਖੀਆਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਚੁੱਕਾ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਮੌਕੇ ਰੋਜ਼ਾਨਾ ਇੱਥੇ ਕੰਮ ਕਰਦੇ ਦਰਬਾਰਾ ਸਿੰਘ, ਗੁਰਜੰਟ ਸਿੰਘ, ਦਲਬੀਰ ਸਿੰਘ, ਸੰਜੇ ਕੁਮਾਰ, ਪ੍ਰੇਮ ਸਿੰਘ, ਨਰੈਣ ਸਿੰਘ ਆਦਿ ਨੇ ਕਿਹਾ ਕਿ ਛੋਟੀ ਬਾਰਾਂਦਰੀ ਦੇ ਮੇਨ ਚੌਂਕ ’ਚ ਸੀਵਰੇਜ ਜਾਮ ਹੋਣ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਗੱਡੀ ਵਾਲੇ ਤੇਜ਼ ਸਪੀਡ ’ਚ ਗੱਡੀ ਲੈ ਕੇ ਜਦੋਂ ਲੰਘਦੇ ਹਨ ਤਾਂ ਸੜਕ ਤੋਂ ਲੰਘਣ ਵਾਲੇ ਲੋਕਾਂ ਦੇ ਇਸ ਗੰਦੇ ਪਾਣੀ ਕਾਰਨ ਕੱਪੜੇ ਵੀ ਖਰਾਬ ਹੋ ਜਾਂਦੇ ਹਨ। ਸਾਡੀ ਮੰਗ ਹੈ ਕਿ ਨਗਰ ਨਿਗਮ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕਰੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਪੱਕੇ ਤੌਰ ’ਤੇ ਛੁਟਕਾਰਾ ਮਿਲ ਸਕੇ।
ਸਮੱਸਿਆ ਦਾ ਜਲਦ ਹੋਵੇਗਾ ਪੱਕਾ ਹੱਲ : ਅਦਿੱਤਿਆ ਉੱਪਲ
ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਛੋਟੀ ਬਾਰਾਂਦਰੀ ਦੀ ਇਸ ਸਮੱਸਿਆ ਨੂੰ ਨੋਟ ਕਰ ਲਿਆ ਹੈ ਅਤੇ ਜਲਦ ਹੀ ਨਗਰ ਨਿਗਮ ਦੀ ਟੀਮ ਇਸ ਦਾ ਪੱਕੇ ਤੌਰ ’ਤੇ ਹੱਲ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ